Wednesday, September 7, 2011

ਨਾਵਲ ਜੁਗਤੂ ਵਿੱਚੋਂ


ਨਾਵਲ ਜੁਗਤੂ ਵਿੱਚੋਂ

ਇੱਕ

ਮੇਰੀ ਪਹਿਲੀ ਯਾਦ ਮੇਰੇ ਜੀਵਨ ਦੀ ਪਹਿਲੀ ਯਾਦ ਡਰ ਨਾਲ਼ ਜੁੜੀ ਹੋਈ ਹੈ
ਅਸਲ ਵਿਚ ਤਾਂ ਮੇਰੇ ਬਚਪਨ ਦੀ ਹਰ ਯਾਦ ਨਾਲ਼ ਹੀ ਕਿਸੇ ਨਾ ਕਿਸੇ ਤਰ੍ਹਾਂ ਡਰ ਜੁੜਿਆ ਹੋਇਆ ਹੈ ਜਦ ਤੋਂ ਮਾਂ ਨੇ ਪਿਆਰ ਨਾਲ਼ ਨਿੱਕੀਆਂ ਨਿੱਕੀਆਂ ਕੀੜੀਆਂ ਨੂੰ ਭੱਬੂ ਕਹਿ ਕੇ ਮੈਨੂੰ ਡਰਾਉਣਾ ਸ਼ੁਰੂ ਕੀਤਾ, ਉਸ ਪਲ ਤੋਂ ਹੀ ਮੈਂ ਹਰ ਚੀਜ਼ ਤੋਂ ਡਰਿਆ ਹਾਂ ਮੇਰੇ ਆਲ਼ੇ ਦੁਆਲ਼ੇ ਦੇ ਹਰ ਵਿਅਕਤੀ ਨੇ, ਮੇਰੇ ਕਿਸੇ ਨਾ ਕਿਸੇ ਡਰ ਵਿੱਚ ਵਾਧਾ ਕਰਨ ਦਾ ਮਹਾਨ ਕਾਰਜ ਕੀਤਾ ਹੈ
ਇੱਕ ਭਾਰਤੀ ਹੋਣ ਦੇ ਨਾਤੇ ਬੰਦੇ ਦੇ ਜੀਵਨ ਵਿੱਚ ਡਰ ਦੀ ਮਹਾਨਤਾ ਤੇ ਮਹੱਤਤਾ ਨੂੰ ਮੈਂ ਸਭ ਤੋਂ ਵੱਧ ਜਾਣਦਾ ਤੇ ਸਮਝਦਾ ਹਾਂ ਬੱਚਿਆਂ ਨੂੰ ਸ਼ੁਰੂ ਵਿੱਚ ਹੀ ਹਰ ਸ਼ੈਅ ਤੋਂ ਡਰਨ ਦੀ ਸਿੱਖਿਆ ਦੇਣ ਦੀ ਰੀਤ ਸਾਡੇ ਦੇਸ ਦੇ ਲੋਕਾਂ ਨੂੰ ਦੁਨੀਆਂ ਦੇ ਦੂਜੇ ਲੋਕਾਂ ਤੋਂ ਵੱਖਰਾ ਬਣਾਉਂਦੀ ਹੈ ਇਸ ਮਹਾਨ ਦਰਸ਼ਨ ਬਾਰੇ ਮੈਂ ਵਿਸਥਾਰ ਵਿੱਚ ਅੱਗੇ ਚੱਲ ਕੇ ਗੱਲ ਕਰਾਂਗਾ ਇਸ ਵਕਤ ਤਾਂ ਮੈਂ ਤੁਹਾਨੂੰ ਆਪਣੇ ਜੀਵਨ ਦੀ ਪਹਿਲੀ ਵੱਡਮੁੱਲੀ ਅਭੁੱਲ ਯਾਦ ਬਾਰੇ ਦੱਸ ਰਿਹਾ ਹਾਂ
ਮੈਂ ਅਜੇ ਬਹੁਤ ਛੋਟਾ ਸੀ, ਦੋ ਜਾਂ ਵੱਧ ਤੋਂ ਵੱਧ ਤਿੰਨ ਸਾਲ ਦਾ ਹੁਣ ਤੁਸੀਂ ਸ਼ਾਇਦ ਇਹ ਸਵਾਲ ਉਠਾਵੋ ਕਿ ਏਨੀ ਛੋਟੀ ਉਮਰ ਦੀ ਗੱਲ ਮੈਨੂੰ ਕਿਸ ਤਰ੍ਹਾਂ ਚੇਤੇ ਰਹਿ ਗਈ ਪਿਆਰੇ ਪਾਠਕੋ ਤੇ ਜੁਗਤਪੁੱਛੋ, ਬੰਦੇ ਦੇ ਮਨ 'ਤੇ ਡੂੰਘਾ ਅਸਰ ਕਰਨ ਵਾਲੀਆਂ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਬੰਦੇ ਨੂੰ ਹਰ ਹਾਲਤ ਵਿੱਚ ਯਾਦ ਰਹਿੰਦੀਆਂ ਹਨ, ਖਾਸ ਕਰ, ਮੇਰੇ ਵਰਗੇ ਵੱਡੇ ਬੰਦਿਆਂ ਨੂੰ
ਖੈਰ, ਮੈਂ ਦੱਸ ਰਿਹਾ ਸਾਂ ਕਿ ਮੈਂ ਦੋ ਤਿੰਨ ਸਾਲ ਦਾ ਹੋਵਾਂਗਾ ਰਾਤ ਦਾ ਸਮਾਂ ਸੀ ਅਸੀਂ ਆਪਣੇ ਢਾਈ ਮੰਜੇ ਡਹਿਣ ਵਾਲ਼ੇ ਦਲਾਨ ਵਿੱਚ ਸੁੱਤੇ ਪਏ ਸੀ ਦਿਨ ਵੇਲੇ ਜਾਣਿਆਂ ਕੋਈ ਨਵਾਂ ਡਰ ਮੈਨੂੰ ਸੌਣ ਨਹੀਂ ਸੀ ਦੇ ਰਿਹਾ ਮੇਰਾ ਭਾਈਆ ਮੇਰੀ ਮਾਂ ਨਾਲ਼ ਉਸ ਸਮੇਂ ਕੋਈ ਬਹੁਤ ਜ਼ਰੂਰੀ ਗੱਲ ਕਰਨੀ ਚਾਹੁੰਦਾ ਸੀ ਪਰ ਮੈਂ ਡਰਦਾ ਹੋਇਆ ਘੜੀ ਘੜੀ ਉੱਠ ਕੇ ਰੋਣ ਲੱਗ ਪੈਂਦਾ
ਮੇਰੀ ਮਾਂ ਨੇ ਇੱਕ ਦੋ ਵਾਰੀ ਮੈਨੂੰ ਚੁੱਪ ਕਰਕੇ ਸੌਂ ਜਾਣ ਲਈ ਕਿਹਾ
ਮੈਂ ਵੀ ਕੋਸ਼ਸ਼ ਕੀਤੀ ਪਰ ਮੇਰਾ ਡਰਦੇ ਦਾ ਫੇਰ ਰੋਣ ਨਿਕਲ ਜਾਇਆ ਕਰੇ ਮੈਂ ਫੇਰ ਰੋਂਦਾ ਕਹਿਣ ਲੱਗ ਪਵਾਂ ਕਿ ਮਾਂ ਮੈਂ ਤੇਰੇ ਨਾਲ਼ ਪੈਣਾਂ
ਮੇਰੇ ਭਾਈਏ ਨੇ ਕੁਝ ਦੇਰ ਸਬਰ ਕੀਤਾ ਫੇਰ ਉਨ੍ਹਾਂ ਨੂੰ ਲੱਗਾ ਕਿ ਉਸ ਸਮੇਂ ਜ਼ਰੂਰੀ ਸੀ ਕਿ ਉਹ ਮੈਨੂੰ ਅਜਿਹਾ ਸਬਕ ਦਿੰਦੇ ਜੋ ਜੀਵਨ ਭਰ ਯਾਦ ਰਹਿੰਦਾ
ਸੋ ਉਨ੍ਹਾਂ ਇੱਕ ਮਹਾਨ ਤੇ ਸੂਝਵਾਨ ਪਿਤਾ ਵਾਲ਼ੀ ਸਿਆਣਪ ਵਰਤਦਿਆਂ ਮੇਰੀ ਮੰਜੀ ਲਾਗੇ ਆ ਕੇ ਇੱਕ ਸਿਆਣੇ ਪਿਤਾ ਵਾਲ਼ੇ ਲਹਿਜੇ ਵਿੱਚ ਕਿਹਾ, "ਤੂੰ ਭੈਣ ਚੋ- ਗੰਦੀ ਔਲਾਦ, ਚੁੱਪ ਕਰਕੇ ਸੌਣਾ ਕਿ ਨਹੀਂ ਜੇ ਮੈਂ ਹੁਣ ਤੇਰੀ ਇੱਕ ਵੀ ਆਵਾਜ਼ ਸੁਣੀ ਤਾਂ ਤੈਨੂੰ ਉਹ ਸਬਕ ਦੇਵਾਂਗਾ ਜੋ ਤੂੰ ਸਾਰੀ ਉਮਰ ਨਹੀਂ ਭੁੱਲੇਂਗਾ"
ਏਨਾ ਆਖ ਕੇ ਉਹ ਵਾਪਸ ਮਾਂ ਕੋਲ਼ ਚਲੇ ਗਏ ਉਨ੍ਹਾਂ ਨੇ ਅਜੇ ਆਪਣੀ ਜ਼ਰੂਰੀ ਗੱਲ ਕਰਨੀ ਸ਼ੁਰੂ ਹੀ ਕੀਤੀ ਸੀ ਕਿ ਮੈਨੂੰ ਫੇਰ ਡਰ ਲੱਗਾ ਅਤੇ ਮੇਰਾ ਰੋਣ ਨਿਕਲ ਗਿਆ
ਮੇਰੇ ਭਾਈਆ ਜੀ ਉਸੇ ਵੇਲੇ ਉੱਠ ਕੇ ਆਏ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਦੇ ਕੇਸ, ਦਾਹੜੀ ਅਤੇ ਛਾਤੀ ਉਪਰਲੇ ਬੇਸ਼ੁਮਾਰ ਵਾਲ਼ਾਂ ਨੇ ਮੇਰੇ ਡਰ ਵਿੱਚ ਹੋਰ ਵੀ ਵਾਧਾ ਕਰ ਦਿੱਤਾ
ਉਨ੍ਹਾਂ ਨੇ ਮੈਨੂੰ ਕੱਛਾਂ ਤੋਂ ਫੜ੍ਹ ਕੇ, ਮੰਜੀ ਤੋਂ ਚੁੱਕ ਕੇ, ਥੱਲੇ ਖੜ੍ਹਾ ਕਰ ਦਿੱਤਾ ਉਨ੍ਹਾਂ ਗਰਜ ਕੇ ਕਿਹਾ, "ਤੇਰੀ ਮਾਂ ਦੀ, ਤੈਨੂੰ ਮੈਂ ਦੱਸਦਾਂ ਕਿੱਦਾਂ ਰੋਈਦਾ ਅੱਗੇ ਨਈਂ ਰੋਇਆ, ਹੁਣ ਰੋਊਂਗਾ ਤੂੰ"
ਇਹ ਕਹਿ ਕੇ ਉਨ੍ਹਾਂ ਨੇ ਆਪਣੇ ਪੂਰੇ ਜ਼ੋਰ ਨਾਲ਼ ਮੇਰੇ ਦੋ ਥੱਪੜ ਮਾਰੇ ਦੂਜੇ ਥੱਪੜ ਨਾਲ਼ ਮੈਂ ਥੱਲੇ ਡਿੱਗ ਪਿਆ ਅਤੇ ਮੇਰਾ ਸਿਰ ਮੰਜੀ ਦੇ ਪਾਵੇ ਵਿੱਚ ਲੱਗਾ
ਮੇਰੀ ਮਾਂ ਵੀ ਉੱਠ ਕੇ ਆਈ ਉਹਨੇ ਮੈਨੂੰ ਚੁੱਕਣ ਦੀ ਕੋਸ਼ਸ਼ ਕੀਤੀ ਪਰ ਭਾਈਆ ਜ਼ਰੂਰੀ ਗੱਲ ਕਰਨ ਲਈ ਕਾਹਲਾ ਸੀ ਸੋ ਮਾਂ ਨੇ ਉਹਦੇ ਨਾਲ਼ ਗੱਲ ਖਤਮ ਕਰਕੇ ਮੈਨੂੰ ਚੁੱਕਿਆ
ਮੈਂ ਡਰ ਨਾਲ਼ ਸੌਂ ਗਿਆ ਸੀ ਜਾਂ ਬੇਹੋਸ਼ ਹੋ ਗਿਆ ਸੀ, ਇਸ ਬਾਰੇ ਮਾਂ ਨੇ ਮੈਨੂੰ ਕਦੇ ਕੁਝ ਨਹੀਂ ਦੱਸਿਆ ਮੈਨੂੰ ਉਹਨੇ ਸਿਰਫ ਏਨਾ ਦੱਸਿਆ ਕਿ ਉਸ ਰਾਤ ਤੋਂ ਬਾਅਦ ਮੈਂ ਪੂਰਾ ਮਹੀਨਾ ਬੀਮਾਰ ਰਿਹਾ ਅਤੇ ਮੇਰੇ ਵਿੱਚ ਇੱਕ ਖਾਸ ਤਬਦੀਲੀ ਆ ਗਈ ਸੀ ਫੇਰ ਲੰਮਾ ਸਮਾਂ ਡਰ ਕਾਰਨ ਮੈਂ ਆਪਣੇ ਭਾਈਏ ਦੇ ਸਾਹਮਣੇ ਨਹੀਂ ਸੀ ਹੋਇਆ
ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਆਪਣੇ ਭਾਈਏ ਤੋਂ ਓਨਾ ਚਿਰ ਡਰਦਾ ਰਿਹਾ ਜਿੰਨਾ ਚਿਰ ਤਕੜਾ ਹੋ ਕੇ ਮੈਂ ਉਹਨੂੰ ਆਪ ਨਹੀਂ ਡਰਾ ਲਿਆ
ਸੋ ਮੇਰੇ ਆਪਣੇ ਪਿਤਾ ਜੀ ਨਾਲ਼ ਡਰ ਦੇ ਇਸ ਪਵਿੱਤਰ ਰਿਸ਼ਤੇ ਨੇ ਮੈਨੂੰ ਜੀਵਨ ਦੇ ਦੋ ਵੱਡਮੁੱਲੇ ਸਬਕ ਦਿੱਤੇ ਹਨ: ਆਪ ਡਰਨਾ ਤੇ ਦੂਜਿਆਂ ਨੂੰ ਡਰਾਉਣਾ ਇਹ ਸਬਕ ਹੋਰ ਕਿਸੇ ਵੀ ਤਰ੍ਹਾਂ ਸਿੱਖੇ ਨਹੀਂ ਜਾ ਸਕਦੇ ਇਸ ਸਬਕ ਦੀ ਏਨੀ ਵੱਡੀ ਮਹਾਨਤਾ ਕਰਕੇ ਹੀ ਇਹ ਮੇਰੇ ਜੀਵਨ ਦੀ ਪਹਿਲੀ ਤੇ ਅਭੁੱਲ ਯਾਦ ਹੈ

No comments:

Post a Comment