ਪੰਜਾਬੀ ਬੋਲੀ ਦਾ ਸੰਕਟ ਅਤੇ ਕੈਨੇਡਾ ਵਿਚ ਇਸ ਦਾ ਵਿਕਾਸ
ਸਾਧੂ
ਬਿਨਿੰਗ
(ਮੈਂ ਇਹ
ਲੇਖ 1993-1994 ਦੌਰਾਨ ਬਣੀ ਪੰਜਾਬੀ ਲੈਂਗੂਏਜ ਐਂਡ ਆਰਟ ਫਾਊਂਡੇਸ਼ਨ ਆਫ ਬੀ ਸੀ ਦੀ ਸਥਾਪਨਾ ਸਮੇਂ ਲਿਖਿਆ ਅਤੇ ਉਨ੍ਹਾਂ ਦੇ ਪਹਿਲੇ ਤੇ ਆਖਰੀ ਸਮਾਗਮ 'ਤੇ ਪੜ੍ਹਿਆ
ਸੀ। ਇਹ ਜਥੇਬੰਦੀ ਸ਼ਾਇਦ ਕਿਸੇ ਮਿਲਣ ਵਾਲੀ ਗਰਾਂਟ ਦੀ ਆਸ ਵਿਚ ਖੜ੍ਹੀ ਕੀਤੀ ਗਈ ਸੀ। ਉਸ ਤੋਂ ਬਾਅਦ ਇਸ ਬਾਰੇ ਕਦੇ ਕੋਈ ਖਬਰ ਨਹੀਂ ਸੁਣੀ ਦੇਖੀ ਗਈ)
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।
ਵਾਰਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ।...
ਮੈਂ ਪੰਜਾਬੀ, ਪੰਜਾਬ ਦਾ 'ਸ਼ਰਫ' ਸੇਵਕ ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।
(ਬਾਬੂ
ਫਿਰੋਜ਼
ਦੀਨ ਸ਼ਰਫ)
ਹਰ ਕੋਈ ਆਪਣੀ ਬੋਲੀ ਨੂੰ ਵੱਧਦਾ ਫੁੱਲਦਾ ਦੇਖਣ ਦਾ ਚਾਹਵਾਨ ਹੁੰਦਾ ਹੈ। ਇਹ ਵੀ ਸੱਚ ਹੈ ਕਿ ਚੇਤਨ ਲੋਕ ਆਪਣੀ ਬੋਲੀ ਦੀ ਸੇਧ ਤੇ ਵਿਕਾਸ ਆਦਿ ਬਾਰੇ ਹਮੇਸ਼ਾਂ ਹੀ ਚਿੰਤਾ ਕਰਦੇ ਹਨ। ਪਰ ਆਮ ਲੋਕ ਆਪਣੇ ਨਿੱਤ ਦੇ ਜੀਵਨ ਵਿਚ ਏਨੇ ਰੁਝੇ ਹੁੰਦੇ ਹਨ ਕਿ ਉਹ ਅਕਸਰ ਇਹਨਾਂ ਗੱਲਾਂ ਬਾਰੇ ਏਨੇ ਫਿਕਰਮੰਦ ਨਹੀਂ ਹੁੰਦੇ ਅਤੇ ਨਾ ਹੀ ਆਮ ਹਾਲਤਾਂ ਵਿਚ ਇਸਦੀ ਖਾਸ ਜ਼ਰੂਰਤ ਹੁੰਦੀ ਹੈ। ਪਰ ਕਈ ਵਾਰੀ ਬੋਲੀ ਜਾਂ ਸਭਿਆਚਾਰ 'ਤੇ ਇਹੋ ਜਿਹੇ ਸੰਕਟ ਆ ਜਾਂਦੇ ਹਨ ਜਦੋਂ ਆਮ ਲੋਕਾਂ ਦਾ ਵੀ ਇਹਨਾਂ ਪ੍ਰਤੀ ਫਿਕਰਮੰਦ ਹੋਣਾ ਜ਼ਰੂਰੀ ਹੋ ਜਾਂਦਾ ਹੈ। ਮੌਜੂਦਾ ਸਮੇਂ ਦੀ ਸਾਡੇ ਨਜ਼ਦੀਕ ਇਸ ਦੀ ਇਕ ਉਦਾਹਰਣ ਕਿਉਬਕ ਲੋਕਾਂ ਦੀ ਹੈ। ਇਹ ਲੋਕ ਕੈਨੇਡਾ ਵਿਚ ਆਪਣੀ ਬੋਲੀ ਅਤੇ ਸਭਿਆਚਾਰ ਦੇ ਭਵਿੱਖ ਬਾਰੇ ਵੱਡੇ ਪੱਧਰ 'ਤੇ ਚਿੰਤਾਤੁਰ ਦਿਖਾਈ ਦਿੰਦੇ ਹਨ ਭਾਵੇਂ ਕਿ ਇਹਨਾਂ ਦੀ ਬੋਲੀ - ਫਰਾਂਸੀਸੀ - ਦੁਨੀਆਂ ਦੀਆਂ ਸੱਭ ਤੋਂ ਪ੍ਰਫੁਲਤ ਜ਼ਬਾਨਾਂ ਵਿਚੋਂ ਹੈ ਅਤੇ ਇਹਦੇ ਖਤਮ ਹੋ ਜਾਣ ਦੇ ਜਾਂ ਇਹਨੂੰ ਵੱਡੀ ਪੱਧਰ ਤੇ ਕਿਸੇ ਤਰ੍ਹਾਂ ਦਾ ਘਾਟਾ ਪੈ ਜਾਣ ਦੇ ਮੌਕੇ ਬਹੁਤ ਘੱਟ ਹਨ। ਪਰ ਫੇਰ ਵੀ ਕੈਨੇਡਾ ਵਿਚਲੇ ਫਰਾਂਸੀਸੀ ਬੋਲੀ ਬੋਲਣ ਵਾਲਿਆਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਮੌਜੂਦਾ ਆਰਥਿਕ ਤੇ ਸਿਆਸੀ ਢਾਂਚੇ ਵਿਚ ਉਹਨਾਂ ਦੀ ਬੋਲੀ ਤੇ ਸਭਿਆਚਾਰ ਨੂੰ ਵੱਧਣ ਫੁੱਲਣ ਦੇ ਉਹ ਮੌਕੇ ਨਹੀਂ ਮਿਲ ਰਹੇ ਜਿਹਨਾਂ ਦੇ ਉਹ ਚਾਹਵਾਨ ਹਨ। ਤੇ ਆਪਣੀ ਬੋਲੀ ਤੇ ਸਭਿਆਚਾਰ ਦੀ ਇਸ ਸਥਿਤੀ ਨੂੰ ਬਦਲਣ ਲਈ ਉਹ ਪੂਰੇ ਸਰਗਰਮ ਹਨ।
ਦੂਜੇ ਪਾਸੇ ਜੇ ਅਸੀਂ ਪੰਜਾਬੀ ਬੋਲਣ ਵਾਲੇ ਲੋਕਾਂ ਵੱਲ ਦੇਖੀਏ ਤਾਂ ਬੜੀ ਵੱਖਰੀ ਕਿਸਮ ਦੀ ਤਸਵੀਰ ਦੇਖਣ ਨੂੰ ਮਿਲੇਗੀ। ਪੰਜਾਬੀ ਅਤੇ ਪੰਜਾਬੀ ਬੋਲਣ ਵਾਲੇ ਲੋਕਾਂ ਨਾਲ ਇਕ ਅਣਹੋਣੀ ਵਰਤੀ ਹੈ ਕਿ ਧਾਰਮਿਕ, ਸਿਆਸੀ, ਆਰਥਿਕ ਤੇ ਹੋਰ ਸਮਾਜਿਕ ਸਥਿਤੀਆਂ ਨੇ ਮਿਲ ਕੇ ਇਹਨਾਂ ਦੇ ਆਪਣੀ ਮਾਂ ਬੋਲੀ ਨਾਲ ਮੋਹ ਦੇ ਕੁਦਰਤੀ ਰਿਸ਼ਤੇ ਵਿਚ ਤ੍ਰੇੜਾਂ ਪਾ ਦਿੱਤੀਆਂ ਹਨ। 1947 ਵਿਚ ਪੰਜਾਬ ਨੂੰ ਵੰਡ ਦਿੱਤਾ ਗਿਆ। ਪੰਜਾਬੀ ਬੋਲਣ ਵਾਲੀ ਬਹੁ-ਗਿਣਤੀ ਪਾਕਿਸਤਾਨ ਦੇ ਪਾਸੇ ਚਲੇ ਗਈ। ਪਾਕਿਸਤਾਨ ਦੀਆਂ ਆਪਣੀਆਂ ਸਿਆਸੀ ਲੋੜਾਂ ਅਤੇ ਪੰਜਾਬੀ ਲੋਕਾਂ ਦੀ ਆਪਣੀ ਬੋਲੀ ਪ੍ਰਤੀ ਲਗਨ ਨਾਲੋਂ ਧਾਰਮਿਕ ਜਜ਼ਬੇ ਦਾ ਜ਼ਿਆਦਾ ਜ਼ੋਰ ਹੋਣ ਕਰਕੇ ਪਾਕਿਸਤਾਨ ਵਿਚ ਪੰਜਾਬੀ ਬੋਲੀ ਨੂੰ ਕੋਈ ਸਤਿਕਾਰਯੋਗ ਸਥਾਨ ਪ੍ਰਾਪਤ ਨਹੀਂ ਹੋ ਸਕਿਆ। ਇਸ ਨੂੰ ਅਨਪੜ˙
ਲੋਕਾਂ
ਦੀ ਬੋਲੀ ਸਮਝਿਆ ਗਿਆ ਅਤੇ ਕਿਸੇ ਕਿਸਮ ਦੇ ਸਰਕਾਰੀ ਜਾਂ ਵਿਦਿਅਕ ਅਦਾਰਿਆ ਵਿਚ ਇਸ ਨੂੰ ਵੜਨ ਨਾ ਦਿੱਤਾ ਗਿਆ। ਭਾਰਤੀ ਪੰਜਾਬ ਵਿਚ ਵੀ ਪੰਜਾਬੀ ਦੀ ਘੱਟ ਦੁਰਗਤੀ ਨਹੀਂ ਹੋਈ। ਸਿਆਸੀ ਤੇ ਧਾਰਮਿਕ ਕਾਰਨਾਂ ਕਰਕੇ ਪੰਜਾਬੀ ਸੂਬਾ ਮੰਗਣ ਵਾਲਿਆਂ ਤੇ ਦੇਣ ਵਾਲਿਆਂ ਦੋਹਾਂ ਮਿਲ ਕੇ ਪੰਜਾਬੀ ਜ਼ਬਾਨ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ। ਵੰਡ ਤੋਂ ਬਾਅਦ ਦੂਜੇ ਪਾਸਿਓਂ ਭਾਰਤ ਵੱਲ ਆਉਣ ਵਾਲੇ ਲੋਕਾਂ ਵਿਚੋਂ ਵੱਡੀ ਗਿਣਤੀ ਪੰਜਾਬੀ ਲੋਕਾਂ ਦਿੱਲੀ ਵਿਚ ਆਪਣਾ ਘਰ ਬਣਾਇਆ, ਜਿਸ ਦੇ ਨਤੀਜੇ ਵਜੋਂ ਦਿੱਲੀ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਬਹੁ-ਸੰਖਿਆ ਹੋ ਗਈ। ਪਰ ਦਿੱਲੀ ਵਿਚ ਜੋ ਪੰਜਾਬੀ ਨੂੰ ਸਥਾਨ ਪ੍ਰਾਪਤ ਰਿਹਾ ਹੈ ਜਾਂ ਹੈ, ਉਸ ਤੋਂ ਅਸੀਂ ਸਾਰੇ ਭਲੀ ਤਰ੍ਹਾਂ ਵਾਕਫ ਹਾਂ। ਦਿੱਲੀ ਵਿਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਅਗਲੀ ਪੀੜ੍ਹੀ ਨੇ ਇਸ ਬੋਲੀ ਵਲੋਂ ਮੁੱਖ ਮੋੜ ਲਿਆ। ਜੰਮੂ ਕਸ਼ਮੀਰ ਵਿਚ ਰਣਜੀਤ ਸਿੰਘ ਦੇ ਸਮੇਂ ਤੋਂ ਰਹਿ ਰਹੇ ਲੱਖਾਂ ਪੰਜਾਬੀ ਲੋਕਾਂ ਦੀ ਬੋਲੀ ਨੂੰ ਕੋਈ ਖਾਸ ਹੱਕ ਹਾਸਲ ਨਹੀਂ ਹਨ। ਹਰਿਆਣਾ ਅਤੇ ਭਾਰਤ ਦੇ ਹੋਰ ਸੂਬਿਆਂ ਵਿਚ ਜਿਥੇ ਵੀ ਪੰਜਾਬੀ ਵਸਦੇ ਹਨ, ਉਹਨਾਂ ਦੀ ਬੋਲੀ ਨੂੰ ਮਿਲਦੇ ਹੱਕਾਂ ਬਾਰੇ ਵੀ ਕੋਈ ਅਣਜਾਣ ਨਹੀਂ ਹੈ।
ਮੌਜੂਦਾ ਸਮੇਂ ਵਿਚ ਪੰਜਾਬੀ ਬੋਲੀ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਇਕ ਵੱਡਾ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਇਹ ਉਰਦੂ ਹਿੰਦੀ ਅਤੇ ਅੰਗਰੇਜ਼ੀ ਤੋਂ ਇਸ ਨੂੰ ਥੱਲੇ ਦਾ ਦਰਜਾ ਦੇਣ ਦੀਆਂ ਸਿਆਸੀ ਤੇ ਧਾਰਮਿਕ ਚਾਲਾਂ ਦਾ ਸ਼ਿਕਾਰ ਰਹੀ ਹੈ। ਪੰਜਾਬੀ ਬੋਲੀ ਨੂੰ ਲਿਖਣ ਲਈ ਲਿੱਪੀ ਦਾ ਮਸਲਾ ਵੀ ਮੁੱਖ ਤੌਰ 'ਤੇ ਧਾਰਮਿਕ ਅਤੇ ਸਿਆਸੀ ਮਸਲਾ ਹੈ, ਭਾਸ਼ਾ ਦਾ ਜਾਂ ਲਿੱਪੀ ਦਾ ਮਸਲਾ ਨਹੀਂ ਹੈ। ਗੁਰਮੁਖੀ ਲਿੱਪੀ ਨੂੰ ਇਕ ਧਰਮ ਦੀ ਲਿੱਪੀ ਕਰਾਰ ਦੇ ਕੇ ਅਤੇ ਦੂਜਿਆਂ ਵਲੋਂ ਨਾ ਅਪਣਾ ਕੇ ਪੰਜਾਬੀ ਬੋਲੀ ਨੂੰ ਇਸ ਤਰ੍ਹਾਂ ਚੀਰ ਦਿੱਤਾ ਗਿਆ ਹੈ ਕਿ ਇਸ ਨੂੰ ਮੁੜ ਜੋੜ ਸਕਣਾ ਸੰਭਵ ਨਹੀਂ ਹੋਵੇਗਾ।
ਅੰਗਰੇਜ਼ ਬਸਤੀਵਾਦੀਆਂ ਨੇ ਬੜੀ ਸੋਚੀ ਸਮਝੀ ਸਕੀਮ ਨਾਲ ਆਪਣੇ ਕਬਜੇ ਵਿਚਲੇ ਲੋਕਾਂ ਨੂੰ ਕਾਬੂ ਵਿਚ ਰੱਖਣ ਲਈ ਉਹਨਾਂ 'ਤੇ ਆਪਣੀ ਬੋਲੀ ਠੋਸੀ। ਲੋਕਾਂ ਦੀਆਂ ਆਪਣੀਆਂ ਬੋਲੀਆਂ ਨੂੰ ਨਿਰਉਤਸਾਹ ਕੀਤਾ, ਉਹਨਾਂ ਦੇ ਸਭਿਆਚਾਰਾਂ ਨੂੰ ਨੀਵਾਂ ਸਿੱਧ ਕੀਤਾ ਅਤੇ ਤਬਾਹੀ ਦੇ ਰਾਹ ਤੋਰ ਦਿੱਤਾ। ਇਸ ਗੁਲਾਮ ਜ਼ਹਿਨੀਅਤ ਦਾ ਹੀ ਨਤੀਜਾ ਹੈ ਕਿ ਅੱਜ ਜਿਥੇ ਪਾਕਿਸਤਾਨ ਵਿਚ ਪੰਜਾਬੀ ਲੋਕਾਂ, ਖਾਸ ਕਰ ਪੜ੍ਹੇ ਲਿਖੇ ਲੋਕਾਂ ਦੇ ਘਰਾਂ ਵਿਚ, ਉਰਦੂ ਵਿਚ ਗੱਲ ਬਾਤ ਕਰਨ ਦਾ ਫੈਸ਼ਨ ਹੈ ਉਥੇ ਪੰਜਾਬ ਤੇ ਦਿੱਲੀ ਵਿਚ ਵਸਦੇ ਹਰ ਧਰਮ ਦੇ ਪੜ੍ਹੇ ਲਿਖੇ ਪੰਜਾਬੀਆਂ ਦੇ ਘਰਾਂ ਵਿਚ ਹਿੰਦੀ ਅਤੇ ਅੰਗਰੇਜ਼ੀ ਬੋਲਣ ਦਾ ਫੈਸ਼ਨ ਹੈ। ਸੱਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਹ 'ਫੈਸ਼ਨ' ਹੌਲੀ ਹੌਲੀ ਪਿੰਡਾਂ ਵਿਚ ਵੀ ਪਹੁੰਚ ਰਿਹਾ ਹੈ। ਜਿਥੇ ਦਿੱਲੀ ਵਿਚ ਪੰਜਾਬੀ ਮਾਧਿਅਮ ਵਾਲੇ ਸਕੂਲ ਸ਼ਾਇਦ ਭਾਲਿਆਂ ਵੀ ਨਾ ਮਿਲਣ ਉਥੇ ਪੰਜਾਬ ਦੇ ਪਿੰਡਾਂ ਵਿਚ ਅੰਗਰੇਜ਼ੀ ਮਾਧਿਆਮ ਦੇ ਸਕੂਲ ਆਮ ਨਜ਼ਰ ਆ ਜਾਣਗੇ।
ਇਥੇ ਸ਼ਹੀਦ ਭਗਤ ਸਿੰਘ ਦੇ ਇਕ ਲੇਖ ਦਾ ਜਿਕਰ ਕਰਨਾ ਕੁਥਾਂਅ ਨਹੀਂ ਹੋਵੇਗਾ ਜੋ ਉਹਨਾਂ 1923-24
ਵਿਚ ਬੋਲੀ ਅਤੇ ਲਿੱਪੀ ਦੇ ਸਬੰਧ ਵਿਚ ਲਿਖਿਆ ਸੀ ਜਦੋਂ ਇਸ ਮਸਲੇ ਬਾਰੇ ਵੰਡ ਤੋਂ ਪਹਿਲਾਂ ਦੇ ਪੰਜਾਬ ਵਿਚ ਬਹਿਸ ਚੱਲ ਰਹੀ ਸੀ। ਸੋਲ੍ਹਾਂ ਸਤਾਰਾਂ ਸਾਲ ਦੀ ਉਮਰ ਵਿਚ ਲਿਖੇ ਭਗਤ ਸਿੰਘ ਦੇ ਇਸ ਲੇਖ ਵਿਚਲੇ ਸਾਰੇ ਵਿਚਾਰਾਂ ਨਾਲ ਸਹਿਮਤ ਹੋਣਾ ਭਾਵੇਂ ਸੰਭਵ ਨਾ ਹੋਵੇ ਪਰ ਇਸ ਵਿਚ ਪੇਸ਼ ਕੀਤੀ ਬਹਿਸ ਤੇ ਖਾਸ ਕਰ ਜਜ਼ਬਾਤ ਸਾਡਾ ਖਾਸ ਤੌਰ 'ਤੇ ਧਿਆਨ ਖਿੱਚਦੇ ਹਨ। ਇਸ ਲੇਖ ਦੇ ਆਖਰੀ ਪੈਰ੍ਹੇ ਵਿਚ ਉਹ ਲਿਖਦੇ ਹਨ:
... ਏਹੋ ਜਿਹੀ ਮਿਠੀ, ਏਹੋ ਜਿਹੀ ਆਨੰਦ ਦਾਇਕ ਭਾਸ਼ਾ ਨੂੰ ਪੰਜਾਬੀਆਂ ਨੇ ਹੀ ਨਾ ਅਪਣਾਇਆ, ਇਹੀ ਤਾਂ ਦੁੱਖ ਹੈ। ਹੁਣ ਵੀ ਨਹੀਂ ਅਪਣਾਉਂਦੇ ਮਸਲਾ ਇਹ ਹੈ। ਹਰ ਇਕ ਆਪਣੀ ਗੱਲ ਦੇ ਪਿਛੇ ਮਜ਼ਹਬੀ ਡੰਡਾ ਲਈ ਖੜਾ ਹੈ। ਇਸ ਅੜਿੰਗੇ ਨੂੰ ਕਿਸੇ ਤਰ੍ਹਾਂ ਦੂਰ ਕੀਤਾ ਜਾਏ। ਇਹੀ ਪੰਜਾਬ ਦੀ ਭਾਸ਼ਾ ਅਤੇ ਲਿੱਪੀ ਬਾਰੇ ਮਸਲਾ ਹੈ। ਪਰ ਆਸ਼ਾ ਸਿਰਫ ਏਨੀ ਹੈ ਕਿ ਸਿੱਖਾਂ ਵਿਚ ਇਸ ਸਮੇਂ ਸਾਹਿਤਕ ਜਾਗ੍ਰਿਤੀ ਪੈਦਾ ਹੋ ਰਹੀ ਹੈ; ਹਿੰਦੂਆਂ ਵਿਚ ਵੀ ਹੈ। ਸਾਰੇ ਸਮਝਦਾਰ ਲੋਕ ਮਿਲ ਬੈਠ ਕੇ ਨਿਸ਼ਚਾ ਹੀ ਕਿਉਂ ਨਹੀਂ ਕਰ ਲੈਂਦੇ। ਇਹੀ ਇਕ ਉਪਾਅ ਹੈ ਇਸ ਮਸਲੇ ਦੇ ਹੱਲ ਦਾ। ਮਜ਼ਹਬੀ ਵਿਚਾਰਾਂ ਤੋਂ ਉਪਰ ਉਠ ਕੇ ਇਸ ਸਵਾਲ 'ਤੇ ਗੌਰ ਕੀਤਾ ਜਾ ਸਕਦਾ ਹੈ... ।
( ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ - ਸੰਪਾਦਕ: ਜਗਮੋਹਨ ਸਿੰਘ। ਸਫਾ 12)
ਭਗਤ ਸਿੰਘ ਦੇ ਸੱਤਰ ਵਰੇ˙
ਪਹਿਲਾਂ
ਪ੍ਰਗਟਾਏ
ਵਿਚਾਰ
ਅੱਜ ਵੀ ਸਾਡੇ ਲਈ ਉਤਨੇ ਹੀ ਲੋੜੀਂਦੇ ਹਨ ਜਿੰਨੇ ਉਸ ਸਮੇਂ ਸਨ ਕਿਉਂਕਿ ਉਪਰ ਕੀਤੀਆਂ ਗੱਲਾਂ ਨੂੰ ਧਿਆਨ 'ਚ ਰੱਖਿਆਂ ਅਸੀਂ ਸਹਿਜੇ ਹੀ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਪੰਜਾਬੀ ਬੋਲੀ ਇਸ ਸਮੇਂ ਗੰਭੀਰ ਸੰਕਟ ਦਾ ਸ਼ਿਕਾਰ ਹੈ। ਅਜਿਹੇ ਮੌਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਵਿਗੜੀ ਸਥਿਤੀ ਨੂੰ ਦਰੁਸਤ ਕਰਨ ਲਈ ਖਾਸ ਕੋਸ਼ਿਸ਼ਾਂ ਕੀਤੀਆਂ ਜਾਣ। ਸਮੇਂ ਦੀ ਜ਼ਰੂਰਤ ਇਹ ਹੈ ਕਿ ਹਰ ਪੰਜਾਬੀ, ਉਹ ਜਿਥੇ ਵੀ ਹੋਵੇ, ਆਪਣੀ ਬੋਲੀ ਦੇ ਇਸ ਸੰਕਟ ਤੋਂ ਵਾਕਿਫ ਹੋਵੇ ਅਤੇ ਇਸ ਸਥਿਤੀ ਨੂੰ ਬਦਲਣ ਦਾ ਚਾਹਵੰਦ ਹੋਵੇ।
ਅਸੀਂ ਕੈਨੇਡਾ ਵਿਚ ਰਹਿੰਦੇ ਹੋਏ ਜਿਥੇ ਕੈਨੇਡੀਅਨ ਸਮਾਜ ਦਾ ਹਿੱਸਾ ਹਾਂ ਉਥੇ ਨਾਲ ਹੀ ਪੰਜਾਬੀ ਬੋਲਣ ਵਾਲੇ ਜਗਤ ਦਾ ਵੀ ਹਿੱਸਾ ਹਾਂ। ਸਾਡੇ ਲਈ ਸਵਾਲ ਇਹ ਹੈ ਕਿ ਅਸੀਂ ਇਥੇ ਰਹਿੰਦੇ ਹੋਏ ਪੰਜਾਬੀ ਬੋਲੀ ਨੂੰ ਸਾਂਭਣ ਤੇ ਇਸ ਦੇ ਵਾਧੇ ਲਈ ਕੀ ਕਰ ਸਕਦੇ ਹਾਂ। ਮੇਰਾ ਵਿਚਾਰ ਹੈ ਕਿ ਅਸੀਂ ਇਸ ਕੰਮ ਲਈ ਕਾਫੀ ਕੁਝ ਕਰ ਸਕਦੇ ਹਾਂ। ਇਸ ਨਿਰਾਸ਼ਾਜਨਕ ਸਥਿਤੀ ਵਿਚ ਵੀ ਮੇਰੇ ਆਸਵੰਦ ਹੋਣ ਦੇ ਕੁਝ ਕਾਰਨ ਹਨ: ਸੱਭ ਤੋਂ ਵੱਡਾ ਕਾਰਨ ਤਾਂ ਇਹੀ ਹੈ ਕਿ ਮੈਨੂੰ ਇਕ ਪੰਜਾਬੀ ਹੋਣ ਨਾਤੇ ਪੰਜਾਬੀਆਂ ਦੀ ਹਿੰਮਤ, ਹੌਂਸਲੇ ਅਤੇ ਕੁਰਬਾਨੀ ਕਰ ਸਕਣ ਦੇ ਇਤਿਹਾਸ 'ਤੇ ਮਾਣ ਹੈ ਅਤੇ ਪੰਜਾਬੀ ਲੋਕਾਂ ਵਿਚ ਇਕ ਅਟੁੱਟ ਵਿਸ਼ਵਾਸ ਹੈ ਜੋ ਮੌਜੂਦਾ ਸਥਿਤੀਆਂ ਵਿਚ ਵੀ ਡੋਲਿਆ ਨਹੀਂ ਹੈ। ਹਰ ਕਿਸਮ ਦੀ ਧਾਰਮਿਕ ਤੇ ਸਿਆਸੀ ਰੰਗਤ ਵਾਲੇ ਪੰਜਾਬੀ ਭਾਰਤ ਜਾਂ ਦੁਨੀਆਂ ਵਿਚ ਜਿਥੇ ਵੀ ਗਏ ਹਨ ਉਹਨਾਂ ਨੇ ਆਪਣੀ ਮਿਹਨਤ ਤੇ ਹਿੰਮਤ ਨਾਲ ਆਪਣੇ ਪੈਰ ਜਮਾਏ ਹਨ। ਇਹ ਜਿਸ ਬਹਾਦਰੀ ਤੇ ਲਗਨ ਨਾਲ ਸਿਆਸੀ ਤੇ ਧਾਰਮਿਕ ਜਦੋਜਹਿਦਾਂ ਵਿਚ ਹਿੱਸਾ ਲੈਂਦੇ ਹਨ ਉਹ ਕਿਸੇ ਤੋਂ ਛਿਪੀ ਨਹੀਂ ਹੈ। ਮੈਨੂੰ ਲਗਦਾ ਹੈ ਕਿ ਜੇ ਕਦੇ ਇਹਨਾਂ ਮਿਲ ਕੇ ਆਪਣੀ ਬੋਲੀ ਲਈ ਇਸ ਕਿਸਮ ਦੀ ਜਦੋ ਜਹਿਦ ਕੀਤੀ ਹੁੰਦੀ ਤਾਂ ਨਿਰਸੰਦੇਹ ਪੰਜਾਬੀ ਬੋਲੀ ਦੀ ਹਾਲਤ ਅੱਜ ਵੱਖਰੀ ਹੁੰਦੀ। ਤੇ ਇਸ ਪਾਸੇ ਕੋਸ਼ਿਸ਼ ਕਰਨੀ ਅਜੇ ਵੀ ਬੇਕਾਰ ਨਹੀਂ ਹੋਵੇਗੀ।
ਮੇਰੀ ਇਸ ਆਸਵੰਦ ਸੋਚਣੀ ਦਾ ਦੂਜਾ ਆਧਾਰ ਕੈਨੇਡਾ ਦੀਆਂ ਸਮਾਜਿਕ ਤੇ ਆਰਥਿਕ ਸਥਿਤੀਆਂ ਹਨ। ਇਕ ਤਾਂ ਕੈਨੇਡਾ ਦੀ ਸਰਕਾਰੀ ਨੀਤੀ ਬਹੁ-ਸਭਿਆਚਾਰਕ ਭਾਈਚਾਰੇ ਨੂੰ ਹੱਲਾਸ਼ੇਰੀ ਦੇਣ ਵਾਲੀ ਹੋਣ ਕਰਕੇ ਇਥੇ ਪੰਜਾਬੀ ਬੋਲੀ ਲਈ ਕੁਝ ਨਾ ਕੁਝ ਵਧੀਆ ਕੀਤੇ ਜਾ ਸਕਣ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਦੂਜਾ, ਸੱਤਰਵਿਆਂ ਦੌਰਾਨ ਖਾਸ ਕਰਕੇ ਅਤੇ ਪਿਛੋਂ ਵੀ, ਇਥੇ ਆਏ ਬਹੁ-ਗਿਣਤੀ ਪੰਜਾਬੀ ਹੁਣ ਪੂਰੀ ਤਰ੍ਹਾਂ ਸਥਾਪਤ ਹੋ ਚੁੱਕੇ ਹਨ ਜਾਂ ਹੋ ਰਹੇ ਹਨ ਅਤੇ ਉਹਨਾਂ ਕੋਲ ਗੁੱਲੀ ਜੁੱਲੀ ਦੇ ਫੌਰੀ ਮਸਲਿਆਂ ਤੋਂ ਬਿਨਾਂ ਹੋਰ ਗੱਲਾਂ ਵੱਲ ਧਿਆਨ ਦੇਣ ਲਈ ਸਮਾਂ ਹੈ ਜਾਂ ਹੋ ਸਕਦਾ ਹੈ। ਨਾਲ ਹੀ ਇਹਨਾਂ ਸਮਿਆਂ, ਖਾਸ ਕਰ ਸੱਤਰਵਿਆਂ ਦੌਰਾਨ ਆਏ ਪੰਜਾਬੀਆਂ ਵਿਚ ਵੱਡੀ ਗਿਣਤੀ ਪੜ੍ਹੇ ਲਿਖੇ ਲੋਕਾਂ ਦੀ ਹੈ ਜੋ ਹੁਣ ਆਪਣੀ ਅਗਲੀ ਪੀੜ੍ਹੀ ਵੱਲ ਦੇਖਦਿਆਂ ਆਪਣੀ ਬੋਲੀ ਅਤੇ ਸਭਿਆਚਾਰ ਬਾਰੇ ਕਾਫੀ ਹੱਦ ਤੱਕ ਚਿੰਤਾ ਵਿਚ ਵੀ ਹਨ। ਇਸ ਸਮੇਂ ਲੋੜ ਹੈ ਕਿ ਇਹਨਾਂ ਲੋਕਾਂ ਦੇ ਜਜ਼ਬਾਤਾਂ ਨੂੰ ਕੋਈ ਜਥੇਬੰਧਕ ਸੇਧ ਦਿੱਤੀ ਜਾਵੇ ਤਾਂ ਕਿ ਇਸ ਸਾਂਝੇ ਨਿਰਾਸ਼ਾ ਦੇ ਅਹਿਸਾਸ ਨੂੰ ਸਾਂਝੀ ਸ਼ਕਤੀ ਵਿਚ ਬਦਲਿਆ ਜਾ ਸਕੇ।
ਉਪਰਲੀਆਂ ਦੋਵਾਂ ਹੀ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਸਾਨੂੰ ਇਥੇ ਪੰਜਾਬੀ ਬੋਲੀ ਦੇ ਵਿਕਾਸ ਲਈ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਇਹਨਾਂ ਪ੍ਰੋਗਰਾਮਾਂ ਦਾ ਮੰਤਵ ਵੀ ਦੋਹਰਾ ਹੋਣਾ ਚਾਹੀਦਾ ਹੈ। ਇਕ ਤਾਂ ਕੈਨੇਡੀਅਨ ਸੁਸਾਇਟੀ ਵਿਚ ਅਤੇ ਸਰਕਾਰੀ ਅਤੇ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਨੂੰ ਯੋਗ ਥਾਂ ਦਵਾਉਣ ਲਈ ਟੀਚੇ ਮਿੱਥਣੇ ਚਾਹੀਦੇ ਹਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਇਸ ਮਕਸਦ ਲਈ ਸੰਸਥਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਸਮੇਂ ਅਤੇ ਸਥਾਨ ਅਨੁਸਾਰ ਪੰਜਾਬੀ ਬੋਲੀ ਦੇ ਵਿਕਾਸ ਲਈ ਕੋਸ਼ਿਸ਼ਾਂ ਕਰਨ ਅਤੇ ਜਿਹਨਾਂ ਦਾ ਆਪਸ ਵਿਚ ਤਾਲਮੇਲ ਵੀ ਹੋਵੇ।
ਇਹਨਾਂ ਸੰਸਥਾਵਾਂ ਨੂੰ ਚਲਦਾ ਰੱਖਣ ਲਈ ਤੇ ਤਾਲਮੇਲ ਕਾਇਮ ਕਰਨ ਲਈ ਸਰਕਾਰੀ ਸੋਮਿਆਂ ਤੋਂ ਇਸ ਸਬੰਧੀ ਮਿਲਦੀ ਆਰਥਿਕ ਸਹਾਇਤਾ ਆਪਣਾ ਹੱਕ ਸਮਝ ਕੇ ਲੈਣੀ ਚਾਹੀਦੀ ਹੈ। ਸਰਕਾਰੀ ਗਰਾਂਟਾਂ ਲੈਣ ਸੰਬੰਧੀ ਆਪਣੀ ਕਮਿਊਨਿਟੀ ਵਿਚਲੀ ਹੁਣ ਤੱਕ ਦੀ ਬਦਨਾਮ ਤੇ ਅਨੈਤਿਕ ਅਸਲੀਅਤ ਕਿ - ਪੈਸੇ ਮਿਲਦੇ ਦੇਖ ਕੇ ਕੋਈ ਪਰਾਜੈਕਟ ਘੜ ਲੈਣਾ - ਨੂੰ ਵੀ ਝੁਠਲਾਉਣਾ ਚਾਹੀਦਾ ਹੈ। ਪੰਜਾਬੀ ਬੋਲੀ ਦੇ ਵਿਕਾਸ ਵਰਗੇ ਮਹੱਤਵਪੂਰਨ ਕੰਮ ਲਈ ਲੋੜ ਪੈਣ ਤੇ ਇਹਨਾਂ ਅਦਾਰਿਆਂ ਤੋਂ ਮੱਦਦ ਲੈਣ ਤੋਂ ਕਿਸੇ ਤਰ੍ਹਾਂ ਵੀ
ਝਿਝਕਣਾ
ਨਹੀਂ
ਚਾਹੀਦਾ,
ਆਖਿਰ
ਨੂੰ ਇਹ ਸਾਡੇ ਹੀ ਟੈਕਸ ਦਾ ਪੈਸਾ ਹੈ। ਤੇ ਅਸੀਂ ਇਸ ਮੁਲਕ ਦੇ ਵਸ਼ਿੰਦੇ ਹੋਣ ਨਾਤੇ ਜਿਥੇ ਪਿਛਲੇ ਅੱਸੀ ਨੱਬੇ ਸਾਲਾਂ ਤੋਂ ਟੈਕਸ ਦੇਣ ਦੀ ਜ਼ਿੰਮੇਵਾਰੀ ਨਿਭੁਂਦੇ ਆਏ ਹਾਂ ਉਥੇ ਸਾਡੇ ਕੁਝ ਹੱਕ ਵੀ ਬਣਦੇ ਹਨ। ਇਹਨਾਂ ਹੱਕਾਂ ਵਿਚ ਐਲਾਨੀਆ ਇਕ ਹੱਕ ਇਹ ਵੀ ਹੈ ਕਿ ਅਸੀਂ ਕੈਨੇਡੀਅਨ ਸਭਿਆਚਾਰ ਦਾ ਅੰਗ ਰਹਿੰਦੇ ਹੋਏ ਆਪਣੀ ਬੋਲੀ ਤੇ ਸਭਿਆਚਾਰ ਨੂੰ ਸਾਂਭ ਸਕੀਏ। ਹੁਣ ਮੌਕਾ ਆ ਗਿਆ ਹੈ ਕਿ ਅਸੀਂ ਸਰਕਾਰ ਦੀਆਂ ਬਹੁ-ਸਭਿਆਚਾਰਕ ਸਮਾਜ ਉਸਾਰਨ ਦੀਆਂ ਨੀਤੀਆਂ ਨੂੰ ਅਮਲੀ ਪੱਧਰ ਤੇ ਲਾਗੂ ਕਰਨ ਲਈ ਵੰਗਾਰੀਏ। ਜੇ ਇਹ ਕੰਮ ਵੱਡੇ ਪੱਧਰ 'ਤੇ ਕਰਨ ਦੀ ਹਿੰਮਤ ਕੀਤੀ ਜਾਵੇ ਤਾਂ ਸਰਕਾਰੀ ਸਹਾਇਤਾ ਨਾਲ ਪਲਦੀਆਂ ਕਈ ਸੌੜੀਆਂ ਧਾਰਮਿਕ ਕਿਸਮ ਦੀਆਂ ਕਾਗਜ਼ੀ ਜਥੇਬੰਦੀਆਂ ਨੂੰ ਵੀ ਅਮਲੀ ਤੌਰ 'ਤੇ ਕੁਝ ਨਾ ਕੁਝ ਕਰਨ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ।
ਪੰਜਾਬੀ ਬੋਲੀ ਦੇ ਵਿਕਾਸ ਵਿਚ ਦੂਜਾ ਨਿਸ਼ਾਨਾ ਸਾਡਾ ਆਪਣੇ ਹੀ ਨਜ਼ਰੀਏ ਵਿਚ ਤਬਦੀਲੀ ਲਿਆਉਣ ਵਾਲਾ ਹੋਣਾ ਚਾਹੀਦਾ ਹੈ। ਸਾਡੇ ਆਪਣੇ ਲੋਕਾਂ ਵਿਚ ਆਪਣੀ ਬੋਲੀ ਦੇ ਸੰਕਟ ਬਾਰੇ ਚੇਤਨਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਮੇਰੇ ਖਿਆਲ ਵਿਚ ਇਸ ਸਮੇਂ ਇਹ ਕੰਮ ਸ਼ਾਇਦ ਬਹੁਤ ਹੀ ਜ਼ਰੂਰੀ ਹੈ। ਜੇ ਪੰਜਾਬੀ ਲੋਕਾਂ ਦੇ ਆਪਣੀ ਬੋਲੀ ਪ੍ਰਤੀ ਨਜ਼ਰੀਏ ਵਿਚ ਲੋੜੀਂਦੀ ਤਬਦੀਲੀ ਨਾ ਆਈ ਤਾਂ ਇਕ ਤਾਂ ਸਰਕਾਰੀ ਜਾਂ ਵਿਦਿਅਕ ਅਦਾਰਿਆਂ ਕੋਲੋਂ ਬਣਦੇ ਹੱਕ ਪ੍ਰਾਪਤ ਕਰਨੇ ਹੀ ਮੁਸ਼ਕਲ ਹੋਣਗੇ ਦੂਜਾ ਪ੍ਰਾਪਤ ਕੀਤੇ ਹੱਕ ਵੀ ਕੋਈ ਵਧੀਆ ਨਤੀਜਾ ਨਹੀਂ ਕੱਢ ਸਕਣਗੇ। ਇਹੋ ਜਿਹੀਆਂ ਉਦਾਹਰਣਾਂ ਵੀ ਸੁਣਨ ਵਿਚ ਆਉਂਦੀਆਂ ਹਨ ਜਿਥੇ ਪੰਜਾਬੀ ਪੜ੍ਹਾਉਣ ਦੇ ਵਸੀਲੇ ਤਾਂ ਹਨ ਪਰ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਲੋਕਾਂ ਦੇ ਹੋਣ ਦੇ ਬਾਵਜੂਦ ਵੀ ਕੋਈ ਪੰਜਾਬੀ ਪੜ˙ਨ ਵਾਲਾ ਨਹੀਂ ਹੈ। ਇਥੇ ਹਾਲਤ ਦੀ ਸੂਖਮਤਾ ਨੂੰ ਸਮਝਣ ਦੀ ਵੀ ਲੋੜ ਹੈ। ਅਸੀਂ ਆਪਣੀ ਅਗਲੀ ਪੀੜ੍ਹੀ 'ਤੇ ਕਿਸੇ ਤਰ੍ਹਾਂ ਵੀ
ਆਪਣੀ
ਬੋਲੀ
ਠੋਸ ਨਹੀਂ ਸਕਦੇ ਅਤੇ ਨਾ ਹੀ ਠੋਸਣੀ ਚਾਹੀਦੀ ਹੈ। ਸਗੋਂ ਸਾਨੂੰ ਬਦਲਦੀਆਂ ਸਥਿਤੀਆਂ ਅਨੁਸਾਰ ਇਹੋ ਜਿਹੇ ਢੰਗ ਤਰੀਕੇ ਸੋਚਣੇ ਤੇ ਅਪਨਾਉਣੇ ਪੈਣਗੇ ਜਿਥੇ ਬੱਚਿਆਂ ਵਿਚ ਪੰਜਾਬੀ ਬੋਲੀ ਨੂੰ ਸਿਖਣ ਦਾ ਉਤਸਾਹ ਪੈਦਾ ਕੀਤਾ ਜਾ ਸਕੇ। ਇਸ ਪਾਸੇ ਸੋਚ ਵਿਚਾਰ ਸਾਂਝੇ ਪੱਧਰ 'ਤੇ ਹੋਣੀ ਜ਼ਰੂਰੀ ਹੈ ਭਾਵੇਂ ਕਿ ਇਸ ਨੂੰ ਲਾਗੂ ਕਰਨ ਲਈ ਯੋਗ ਥਾਂ ਪਰਵਾਰ ਹੀ ਹੋਵੇ।
ਸੋ ਇਹ ਜ਼ਰੂਰੀ ਹੈ ਕਿ ਇਸ ਪਾਸੇ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ। ਸਾਡੇ ਲਈ ਇਸ ਸਮੇਂ ਪੰਜਾਬੀ ਲੋਕਾਂ ਵਿਚ ਇਹ ਗੱਲ ਵਾਰ ਵਾਰ ਦੁਹਰਾਉਣੀ ਅਤਿ ਜ਼ਰੂਰੀ ਹੈ ਕਿ ਪੰਜਾਬੀ ਬੋਲੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਅੱਸੀ ਮਿਲੀਅਨ ਤੋਂ ਵੀ ਉਪਰ ਹੈ ਤੇ ਇਹ ਦੁਨੀਆਂ ਦੀਆਂ ਹਜ਼ਾਰਾਂ ਬੋਲੀਆਂ ਵਿਚੋਂ ਤੇਰਵੇ˙ ਨੰਬਰ ਤੇ ਆਉਂਦੀ ਹੈ। ਇਹ ਗੱਲ ਆਪਣੇ ਆਪ ਵਿਚ ਹੀ ਘੱਟ ਮਾਣ ਵਾਲੀ ਨਹੀਂ ਹੈ। ਪੰਜਾਬੀ ਬੋਲਣ ਵਾਲੇ ਲੋਕਾਂ ਦੇ ਕੈਨੇਡਾ ਵਰਗੇ ਤਿੰਨ ਮੁਲਕ ਬਣ ਸਕਦੇ ਹਨ। ਪੰਜਾਬੀ ਬੋਲੀ ਨੂੰ ਸ਼ੇਖ ਫ਼ਰੀਦ, ਬਾਬਾ ਨਾਨਕ, ਬੁਲੇ˙ ਸ਼ਾਹ ਤੇ ਵਾਸ ਸ਼ਾਹ ਵਰਗੇ ਮਹਾਨ ਲੋਕਾਂ ਦੀ ਕਵਿਤਾ ਨੇ ਅਮੀਰ ਕੀਤਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਪੰਜਾਬ ਵਿਚ ਪਿਛਲੇ ਕੁਝ ਵਰਿ˙ਆਂ ਤੋਂ ਪੰਜਾਬੀ ਦੀ ਤਰੱਕੀ ਵੀ ਵਾਹਵਾ ਹੋ ਰਹੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਪੰਜਾਬੀ ਬੋਲੀ ਦੇ ਵਿਕਾਸ ਲਈ ਕਾਫੀ ਸੁਹਿਰਦ ਕੋਸ਼ਿਸ਼ਾਂ ਹੋ ਰਹੀਆਂ ਹਨ। ਪਰ ਅੱਠ ਨੌ ਕਰੋੜ ਲੋਕਾਂ ਦੀ ਬੋਲੀ ਦਾ ਵਿਕਾਸ ਇਸ ਤੋਂ ਕਿਤੇ ਵੱਧ ਅਤੇ ਤੇਜ਼ੀ ਨਾਲ ਹੋਣਾ ਚਾਹੀਦਾ ਹੈ। ਜੋ ਹੋ ਰਿਹਾ ਹੈ ਉਹ ਸ਼ੁੱਭ-ਸਗਨ ਹੈ ਪਰ ਇਹ ਕਿਸੇ ਤਰ੍ਹਾਂ ਵੀ ਕਾਫੀ ਨਹੀਂ ਹੈ। ਤੇ ਅਸੀਂ ਕੈਨੇਡਾ ਵਿਚ ਰਹਿੰਦੇ ਹੋਏ ਵੀ ਪੰਜਾਬੀ ਬੋਲੀ ਦੇ ਵਿਕਾਸ ਵਿਚ ਆਪਣਾ ਹਿੱਸਾ ਪਾ ਸਕਦੇ ਹਾਂ। ਪੰਜਾਬੀ ਲੈਂਗੂਏਜ਼ ਐਂਡ ਆਰਟ ਫਾਊਂਡੇਸ਼ਨ ਆਫ ਬੀ। ਸੀ। ਦੀ ਸਥਾਪਨਾ ਇਸ ਪਾਸੇ ਚੁੱਕਿਆ ਗਿਆ ਇਕ ਅਤਿ ਲੋੜੀਂਦਾ ਕਦਮ ਹੈ। ਜੇ ਇਹ ਸੰਸਥਾ ਇਸ ਪਾਸੇ ਆਪਣੀਆਂ ਸ਼ਕਤੀਆਂ ਲਾ ਸਕੇ ਅਤੇ ਪੰਜਾਬੀ ਲੋਕਾਂ ਨੂੰ ਆਪਣੀ ਬੋਲੀ ਲਈ ਕੁਝ ਕਰ ਸਕਣ ਲਈ ਤਿਆਰ ਕਰ ਸਕੇ ਤਾਂ ਇਹ ਗੱਲ ਸਾਰੇ ਪੰਜਾਬੀ ਜਗਤ ਲਈ ਮਾਣ ਵਾਲੀ ਹੋਵੇਗੀ।
ਸੋ ਇਹ ਜ਼ਰੂਰੀ ਹੈ ਕਿ ਇਸ ਪਾਸੇ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ। ਸਾਡੇ ਲਈ ਇਸ ਸਮੇਂ ਪੰਜਾਬੀ ਲੋਕਾਂ ਵਿਚ ਇਹ ਗੱਲ ਵਾਰ ਵਾਰ ਦੁਹਰਾਉਣੀ ਅਤਿ ਜ਼ਰੂਰੀ ਹੈ ਕਿ ਪੰਜਾਬੀ ਬੋਲੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਅੱਸੀ ਮਿਲੀਅਨ ਤੋਂ ਵੀ ਉਪਰ ਹੈ ਤੇ ਇਹ ਦੁਨੀਆਂ ਦੀਆਂ ਹਜ਼ਾਰਾਂ ਬੋਲੀਆਂ ਵਿਚੋਂ ਤੇਰਵੇ˙ ਨੰਬਰ ਤੇ ਆਉਂਦੀ ਹੈ। ਇਹ ਗੱਲ ਆਪਣੇ ਆਪ ਵਿਚ ਹੀ ਘੱਟ ਮਾਣ ਵਾਲੀ ਨਹੀਂ ਹੈ। ਪੰਜਾਬੀ ਬੋਲਣ ਵਾਲੇ ਲੋਕਾਂ ਦੇ ਕੈਨੇਡਾ ਵਰਗੇ ਤਿੰਨ ਮੁਲਕ ਬਣ ਸਕਦੇ ਹਨ। ਪੰਜਾਬੀ ਬੋਲੀ ਨੂੰ ਸ਼ੇਖ ਫ਼ਰੀਦ, ਬਾਬਾ ਨਾਨਕ, ਬੁਲੇ˙ ਸ਼ਾਹ ਤੇ ਵਾਸ ਸ਼ਾਹ ਵਰਗੇ ਮਹਾਨ ਲੋਕਾਂ ਦੀ ਕਵਿਤਾ ਨੇ ਅਮੀਰ ਕੀਤਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਪੰਜਾਬ ਵਿਚ ਪਿਛਲੇ ਕੁਝ ਵਰਿ˙ਆਂ ਤੋਂ ਪੰਜਾਬੀ ਦੀ ਤਰੱਕੀ ਵੀ ਵਾਹਵਾ ਹੋ ਰਹੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਪੰਜਾਬੀ ਬੋਲੀ ਦੇ ਵਿਕਾਸ ਲਈ ਕਾਫੀ ਸੁਹਿਰਦ ਕੋਸ਼ਿਸ਼ਾਂ ਹੋ ਰਹੀਆਂ ਹਨ। ਪਰ ਅੱਠ ਨੌ ਕਰੋੜ ਲੋਕਾਂ ਦੀ ਬੋਲੀ ਦਾ ਵਿਕਾਸ ਇਸ ਤੋਂ ਕਿਤੇ ਵੱਧ ਅਤੇ ਤੇਜ਼ੀ ਨਾਲ ਹੋਣਾ ਚਾਹੀਦਾ ਹੈ। ਜੋ ਹੋ ਰਿਹਾ ਹੈ ਉਹ ਸ਼ੁੱਭ-ਸਗਨ ਹੈ ਪਰ ਇਹ ਕਿਸੇ ਤਰ੍ਹਾਂ ਵੀ ਕਾਫੀ ਨਹੀਂ ਹੈ। ਤੇ ਅਸੀਂ ਕੈਨੇਡਾ ਵਿਚ ਰਹਿੰਦੇ ਹੋਏ ਵੀ ਪੰਜਾਬੀ ਬੋਲੀ ਦੇ ਵਿਕਾਸ ਵਿਚ ਆਪਣਾ ਹਿੱਸਾ ਪਾ ਸਕਦੇ ਹਾਂ। ਪੰਜਾਬੀ ਲੈਂਗੂਏਜ਼ ਐਂਡ ਆਰਟ ਫਾਊਂਡੇਸ਼ਨ ਆਫ ਬੀ। ਸੀ। ਦੀ ਸਥਾਪਨਾ ਇਸ ਪਾਸੇ ਚੁੱਕਿਆ ਗਿਆ ਇਕ ਅਤਿ ਲੋੜੀਂਦਾ ਕਦਮ ਹੈ। ਜੇ ਇਹ ਸੰਸਥਾ ਇਸ ਪਾਸੇ ਆਪਣੀਆਂ ਸ਼ਕਤੀਆਂ ਲਾ ਸਕੇ ਅਤੇ ਪੰਜਾਬੀ ਲੋਕਾਂ ਨੂੰ ਆਪਣੀ ਬੋਲੀ ਲਈ ਕੁਝ ਕਰ ਸਕਣ ਲਈ ਤਿਆਰ ਕਰ ਸਕੇ ਤਾਂ ਇਹ ਗੱਲ ਸਾਰੇ ਪੰਜਾਬੀ ਜਗਤ ਲਈ ਮਾਣ ਵਾਲੀ ਹੋਵੇਗੀ।
No comments:
Post a Comment