ਮੇਰੇ ਬਾਰੇ About me

ਬਾਤ ਵੈਨਕੂਵਰ ਵਾਲੇ ਸਾਧੂ ਬਿਨਿੰਗ ਦੀ-   ਕੁਝ ਉਹਦੀ ਜ਼ੁਬਾਨੀ, ਕੁਝ ਮੇਰੀ


-ਗੁਰਬਚਨ-

ਸਾਧੂ ਬਿਨਿੰਗ ਪੰਜਾਬੀ ਸਾਹਿਤਕਾਰੀ ਦੀ ਵੈਨਕੂਵਰ ਸ਼ਾਖ਼ਾ ‘ਚ ਸਿਰਕੱਢ ਨਾਂ ਹੈ। ਕਹਾਣੀਆਂ, ਕਵਿਤਾ, ਲੇਖ ਲਿਖਦਾ ਹੈ; ‘ਜੁਗਤੂ’ ਲਿਖ ਕੇ ਉਹਨੇ ਨਾਵਲਕਾਰੀ ‘ਚ ਵੀ ਹਾਜ਼ਰੀ ਲਵਾਈ ਹੈ।
ਸਾਧੂ ਜਿਹੇ ਦਰਜਣਾਂ ਲਿਖਣ ਵਾਲੇ ਹਰ ਸਾਹਿਤ ਸਭਾ ‘ਚ ਮੌਜੂਦ ਹਨ, ਪਰ ਉਹ ਵੱਖਰਾ ਹੈ। ਆਮ ਪੰਜਾਬੀ ਬੰਦੇ ਵਾਂਗ ਉਹ ਕਮਾਈ/ਭਕਾਈ ਦੀ ਖਾਤਰ ਕੈਨੇਡਾ ਪੁੱਜਾ। ਸਮੇਂ ਨਾਲ ਉਹਨੇ ਆਪਣਾ ਪਹਾ ਬਦਲ ਲਿਆ। ਪੜ੍ਹਣ ਲਿਖਣ ਦੇ ਪਿੱਛੇ ਪੈ ਗਿਆ। ਲੇਖਕ ਬਣ ਗਿਆ। ਪਰ ਸਾਧੂ ਬਿਨਿੰਗ ਦੀ ਅਹਮੀਅਤ ਲੇਖਕ ਹੋਣ ‘ਚ ਨਹੀਂ। ਉਹ ਕਹਿੰਦਾ ਹੈ: “ਮੈਂ ਆਪਣੇ ਆਪ ਨੂੰ ਕਦੇ ਲੇਖਕ ਨਹੀਂ ਸਮਝਿਆ; ਲਿਖਣਾ ਮੇਰੇ ਲਈ ਪ੍ਰਾਸੈੱਸ ਹੈ।” ਉਹਦਾ ਮੁੱਖ ਏਜੰਡਾ ਕੈਨੇਡਾ ‘ਚ ਪੰਜਾਬੀ ਬੰਦੇ ਦੇ ਪਛਾਣ-ਚਿੰਨ੍ਹ ਗੂੜ੍ਹੇ ਕਰਨਾ ਹੈ। ਨਿਮਨ ਰਚਨਾਕਾਰੀ ਨਾਲੋਂ ਇਹ ਕੰਮ ਕਿਤੇ ਵੱਧ ਸਾਰਥਿਕ ਹੈ।
ਬਦੇਸ਼ਾਂ ‘ਚ ਪੁੱਜ ਕੇ ਪੰਜਾਬੀ ਬੰਦਾ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਜਾਨ ਹੂਲਦਾ ਹੈ। ਆਰਥਿਕ ਤੌਰ ‘ਤੇ ਮਜ਼ਬੂਤ ਹੁੰਦਾ ਹੈ ਪਰ ਉਹਦੀ ਸਭਿਆਚਾਰਕਤਾ ਕਮਜ਼ੋਰ ਹੋਈ ਜਾਂਦੀ ਹੈ। ਨਵੇਂ ਮੁਲਕ ਦੇ ਸਮਾਂ/ਸਪੇਸ ਅਨੁਕੂਲ ਆਪਣੇ ਸਭਿਆਚਾਰ ਦੀ ਬਣਤ ਬਨਾਣਾ ਉਹਦੇ ਲਈ ਅਸੰਭਵ ਹੁੰਦਾ ਹੈ। ਇਸ ਕੰਮ ਲਈ ਨਿਰੰਤਰ ਬੌਧਿਕ ਮਿਹਨਤ ਦੀ ਲੋੜ ਹੈ। ਔਸਤ ਪਰਵਾਸੀ ਲਈ ਸਿਵਾਏ ਕਮਾਈ ਦੇ ਕਿਸੇ ਹੋਰ ਕੰਮ ਲਈ ਮਿਹਨਤ ਦੀ ਗੁੰਜਾਇਸ਼ ਨਹੀਂ ਰਹਿੰਦੀ। ਉਹਦਾ ਹੋਣਾ ਆਰਥਿਕਤਾ ਦੀ ਕੁੰਡੀ ‘ਚ ਹੀ ਫਾਥਾ ਰਹਿੰਦਾ ਹੈ ਤੇ ਸਭਿਆਚਾਰਕਤਾ ਵਾਲਾ ਖਾਤਾ ਪਿਛਾਂਹ ਦੀ ਜਿ਼ਹਨੀ ਕਲੋਨਿੰਗ ਰਾਹੀਂ ਪੂਰਾ ਹੋਇਆ ਰਹਿੰਦਾ ਹੈ। ਧਾਰਮਿਕ ਕਟੜਤਾ ਤੇ ਬੀਤ ਚੁੱਕੇ ਬਾਰੇ ਭਾਵੁਕਤਾ ਰਾਹੀਂ ਉਹ ਆਪਣੀ ਪਛਾਣ ਭਾਲਦਾ ਹੈ। ਇਹ ਜੁਗਤਾਂ ਦਿਨ-ਕਟੀ ਕਰਨ ਦੇ ਮੋਰੀ-ਰਾਹ ਹਨ। ਪਰਵਾਸੀ ਦੀ ਨਵੀਂ ਪੁਸ਼ਤ ਜਦ ਮੁੱਖ ਧਾਰਾ ਦਾ ਮੰਚ ਸੰਭਾਲਦੀ ਹੈ ਤਾਂ ਏਦਾਂ ਦੀਆਂ ਜੁਗਤਾਂ ਫੀਥਾ ਫੀਥਾ ਹੋ ਜਾਂਦੀਆਂ ਹਨ।
ਇਸ ਦੌਰ ਦੇ ਪਰਵਾਸ ਤੇ ਗ਼ਦਰੀ ਦੌਰ ਵੇਲੇ ਦੇ ਪਰਵਾਸ ‘ਚ ਘਣਾ ਫ਼ਰਕ ਹੈ। ਅੱਜ ਪਰਵਾਸ ਮਾਇਕ ਲਾਚਾਰੀ ਦੀ ਉਪਜ ਨਹੀਂ ਰਿਹਾ; ਅੱਜ ਇਹ ਮਾਇਕ ਲੋਭ ਦਾ ਨਤੀਜਾ ਹੈ। ਅਜਿਹੀ ਸਥਿਤੀ ਨੇ ਸਮਾਜਿਕ, ਸਭਿਆਚਾਰਕ ਤੇ ਪ੍ਰਵਾਰਕ ਪੱਧਰ ‘ਤੇ ਗਹਿਰੇ ਸੰਕਟ ਪੈਦਾ ਕੀਤੇ ਹਨ।
ਸਾਧੂ ਬਿਨਿੰਗ ਦਾ ਪਰਵਾਸ ਮਾਇਕ ਲਾਚਾਰੀ ਦੀ ਉਪਜ ਸੀ; ਇਸ ਲਾਚਾਰੀ ਤੋਂ ਪਾਰ ਜਾਣ ਲਈ ਉਹਨੇ ਮਿਹਨਤ ਕੀਤੀ। ਇਹ ਉਹਦੀ ਅਸਲ ਕਮਾਈ ਨਹੀਂ। ਉਹਦੀ ਕਮਾਈ ਸਵੈ-ਸੀਮਾ ਤੋਂ ਪਾਰ ਜਾਣ ‘ਚ ਹੈ। ਨਵੇਂ ਮੁਲਕ ‘ਚ ਹਰ ਪਰਵਾਸੀ ਦਾ ਹੋਣਾ ਸੀਮਤ ਹੁੰਦਾ ਹੈ। ਇਹਦਾ ਦੂਜਾ ਪਾਸਾ ਇਹ ਹੈ ਕਿ ਪਰਵਾਸ ਅਨੰਤ ਸੰਭਾਵਨਾਵਾਂ ਨਾਲ ਭਰਪੂਰ ਵੀ ਹੁੰਦਾ ਹੈ। ਨਵੀਂ ਧਰਤੀ ‘ਚ ਪਰਵਾਸੀ ਦਾ ਹੋਣਾ ਆਪਣੇ ਆਪ ‘ਚ ਸੁਆਲ ਬਣ ਜਾਂਦਾ ਹੈ। ਇਹੀ ਨਵੀ ਸੰਭਾਵਨਾ ਦਾ ਆਰੰਭ ਹੈ। ਪੰਜਾਬੀ ਬੰਦਾ ਵੀਹਵੀਂ ਸਦੀ ਦੇ ਆਰੰਭਿਕ ਸਾਲਾਂ ‘ਚ ਉੱਤਰੀ ਅਮਰੀਕਾ ਦੇ ਪੱਛਮੀ ਤੱਟ ‘ਤੇ ਲੱਥਣਾ ਸ਼ੁਰੂ ਹੋਇਆ ਤਾਂ ਉੱਥੋਂ ਦੇ ਨਸਲੀ ਗੋਰਿਆਂ ਲਈ ਸੁਆਲ ਬਣ ਕੇ ਪੇਸ਼ ਹੋਇਆ। ਸੁਆਲ ਨਾ ਹੁੰਦਾ ਤਾਂ ਤੁਰੰਤ ਸਵੀਕਾਰਿਆ ਜਾਂਦਾ। ਕਾਮਾ ਗਾਟਾ ਮਾਰੂ ਜਹਾਜ਼ ਦੋ ਮਹੀਨਿਆਂ ਤੱਕ ਵੈਨਕੂਵਰ ਦੇ ਤੱਟ ‘ਤੇ ਸੁਆਲ ਬਣ ਕੇ ਖੜਾ ਰਿਹਾ। ਨਸਲੀ ਗੋਰਿਆਂ ਲਈ ਇਹ ਸੁਆਲ ਭੈਅ ਪੈਦਾ ਕਰਨ ਵਾਲਾ ਸੀ। ਇਸ ਸੁਆਲ ਨੇ ਤਾਕਤਵਰ ਧਿਰ ਦੀ ਅਸਲ ਕਮਜ਼ੋਰ ਨੂੰ ਨਸ਼ਰ ਕਰ ਦਿੱਤਾ। ਇਵੇਂ ਹੀ ਗ਼ਦਰ ਲਹਿਰ ਬਰਤਾਨਵੀ ਬਸਤੀਵਾਦ ਅੱਗੇ ਸੁਆਲ ਬਣ ਗਈ।
ਤਕੜੇ ਚਿੱਤ/ਚੇਤਨ ਵਾਲਾ ਪਰਵਾਸੀ ਇਸ ਸੁਆਲ ਨੂੰ ਮੁਖ਼ਾਤਬ ਹੁੰਦਾ ਹੈ: ਨਵੀਂ ਧਰਤੀ ‘ਚ ਮੇਰੀ ਪਛਾਣ ਕੀ ਹੈ? ਇਹਦਾ ਜੁਆਬ ਲੱਭਣ ਨਾਲ ਉਹਦੀ ਜੱਦੋਜਹਿਦ ਦਾ ਆਰੰਭ ਹੁੰਦਾ ਹੈ। ਪਰਵਾਸ ਓਨੀ ਦੇਰ ਤੱਕ ਨਿਰਵਾਸ ਹੈ ਜਦ ਤੱਕ ਪਰਵਾਸੀ ਦਾ ਹੋਣਾ ਪਰਾਈ ਧਿਰ ਦੀਆਂ ਸ਼ਰਤਾਂ ਦਾ ਅਨੁਸਾਰੀ ਬਣਿਆ ਰਹਿੰਦਾ ਹੈ। ਜਦ ਇਹ ਆਪਣੀ ਵੱਖਰਤਾ ਦਾ ਐਲਾਨ ਕਰਦਾ ਹੈ, ਆਪਣੀ ਸਭਿਆਚਾਰਕਤਾ ਦੇ ਸਰੋਤਾਂ ਦੀ ਪੱਛਾਣ ਕਰਦਾ ਹੈ, ਬੌਧਿਕ ਪ੍ਰਚੰਡਤਾ ‘ਚ ਪਰਾਈ ਧਿਰ ਦਾ ਮੁਕਾਬਲਾ ਕਰਦਾ ਹੈ, ਤਦ ਤੱਕ ਇਹਦਾ ਨਿਰਵਾਸ ਕਾਇਮ ਰਹਿੰਦਾ ਹੈ।
ਸਾਧੂ ਬਿਨਿੰਗ ਦੀ ਕਮਾਈ ਤਿੰਨ ਪੱਧਰ ‘ਤੇ ਜੱਦੋਜਹਿਦ ਕਰਨ ‘ਚ ਹੈ: ਆਰਥਿਕ, ਵਿਦਿਅਕ, ਸਭਿਆਚਾਰਕ। ਇਸ ਜੱਦੋਜਹਿਦ ਦੀ ਤੈਹ ‘ਚ ਮਸਲਾ ਸਵੈ-ਪਛਾਣ ਦਾ ਹੈ, ਉਸ ਸਵੈ-ਸੀਮਾ ਤੋਂ ਪਾਰ ਜਾਣ ਦਾ ਹੈ ਜਿਸ ਦੀ ਲਪੇਟ ‘ਚ ਔਸਤ ਪੰਜਾਬੀ ਪਰਵਾਸੀ ਆ ਜਾਂਦਾ ਹੈ। ਕੈਨੇਡਾ ਪੁੱਜਾ ਤਾਂ ਸਾਧੂ ਦੱਸਵੀਂ ਪਾਸ ਵੀ ਨਹੀਂ ਸੀ। ਅੱਜ ਉਹ ਸਮਾਜ ਵਿਗਿਆਨ ਦੀ ਐਮ.ਏ. ਕਰਕੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ ‘ਚ ਪੰਜਾਬੀ ਟੀਚਿੰਗ ਕਰਦਾ ਹੈ। ਚਿਰ ਪਹਿਲਾਂ ਉਹ ਕੈਨੇਡਾ ‘ਚ ਭੰਗੜਾ ਵਗੈਰਾ ਨੂੰ ਮਸ਼ਹੂਰ ਕਰਨ ‘ਚ ਮਸਰੂਫ਼ ਸੀ। ਉਦੋਂ ਪੰਜਾਬੀ ਸਭਿਆਚਾਰਕਤਾ ਦਾ ਆਰੰਭ ਏਦਾਂ ਹੀ ਸੰਭਵ ਸੀ। ਫਿਰ ਉਹ ‘ਵਤਨੋਂ ਦੂਰ’ ਪਰਚਾ ਕੱਢਣ ਵਾਲਿਆਂ ਦਾ ਸੰਗੀ-ਸਾਥੀ ਬਣਿਆ। ‘ਵਤਨੋਂ ਦੂਰ’ ਪਰਚੇ ਦੀ ਸਾਮੱਗ੍ਰੀ ਤੋਂ ਜ਼ਾਹਿਰ ਸੀ ਕਿ ਇਹਦੇ ਸੰਚਾਲਕਾਂ ਦੀ ਨਜ਼ਰ ਪਿਛਾਂਹ ਵਲ ਗੱਡੀ ਹੋਈ ਸੀ। ‘ਵਤਨ’ ਸ਼ਬਦ ਦੀ ਪ੍ਰਤਿਧੁਨੀ ਸਭਨਾਂ ਨੂੰ ਬੇਚੈਨ ਕਰੀ ਰੱਖਦੀ। ਪਰਾਏ ਦੇਸ ‘ਚ ‘ਵਤਨ’ ਸ਼ਬਦ ਦਾ ਬਦਲ ਕੀ ਹੋ ਸਕਦਾ ਹੈ, ਇਹ ਸੁਆਲ ਅਜੇ ਪੈਦਾ ਨਹੀਂ ਸੀ ਹੋਇਆ।
‘ਵਤਨੋਂ ਦੂਰ’ ਦਾ ਪਬਲਿਸ਼ਰ ਕਿਸੇ ਵੇਲੇ ਤਾਰਾ ਸਿੰਘ ਹੇਅਰ ਵੀ ਬਣਿਆ। ਸੁਰਿੰਦਰ ਧੰਜਲ ਤੇ ਸਾਧੂ ਬਿਨਿੰਗ ਇਸ ਪਰਚੇ ਦੀ ਰੂਹੇ-ਰੂਆਂ ਸਨ। ਬਾਦ ਵਿਚ ਤਾਰਾ ਸਿੰਘ ਨੇ ‘ਇੰਡੋ-ਕੈਨੇਡੀਅਨ ਟਾਈਮਜ਼’ ਪਰਚਾ ਕੱਢ ਕੇ ਧਾਰਮਿਕ ਕਟੜਤਾ ਨੂੰ ਉਛਾਲਣਾ ਸ਼ੁਰੂ ਕਰ ਦਿੱਤਾ ਤੇ ਆਰਥਿਕ ਕਾਮਯਾਬੀ ਹਾਸਿਲ ਕੀਤੀ। ਜਿਸ ਤਰ੍ਹਾਂ ਦੀ ਪੈਂਠ ਉਹਨੇ ਬਣਾਈ ਉਹਦੇ ਤਰਕ ‘ਚ ਤਾਰਾ ਸਿੰਘ ਹੇਅਰ ਖੁਦ ਸਮੇਟਿਆ ਗਿਆ। ਪੰਜਾਬੀ ਬੰਦੇ ਦੇ ਕੈਨੇਡਾ ‘ਚ ਹੋਣ ਦਾ ਇਹ ਕੁਢੱਬਾ ਰਾਹ ਸੀ। ਇਹ ਰਾਹ ਸਾਧੂ ਬਿਨਿੰਗ ਜਾਂ ਧੰਜਲ ਦਾ ਨਹੀਂ ਸੀ ਹੋ ਸਕਦਾ।
ਸਿਆਸੀ ਤੌਰ ‘ਤੇ ਵੀ ਸੁਰਿੰਦਰ ਧੰਜਲ ਜਾਂ ਸਾਧੂ ਬਿਨਿੰਗ ਵਰਗਿਆਂ ਦੀ ਤਾਰਾ ਸਿੰਘ ਨਾਲ ਰਗ਼ ਮਿਲਣੀ ਸੰਭਵ ਨਹੀਂ ਸੀ। ਖੱਬੇਪੱਖੀ ਸਿਆਸਤ ‘ਚ ਗੁੜ੍ਹਤੀ ਲਈ ਹੋਣ ਕਰਕੇ ਉਨ੍ਹਾਂ ਨੂੰ ਨਵੀਂ ਸਭਿਆਚਾਰਕਤਾ ਦੀ ਤਲਾਸ਼ ਸੀ। ਇਹ ਰਾਹ ਪੰਜਾਬੀ ਭਾਸ਼ਾ ਤੇ ਸਾਹਿਤਕਾਰੀ ਦਾ ਹੀ ਹੋ ਸਕਦਾ ਸੀ। ਸਾਧੂ ਬਿਨਿੰਗ ਨੇ ਇਸ ਗੱਲ ਦੀ ਪਛਾਣ ਕੀਤੀ ਕਿ ਕੈਨੇਡਾ ‘ਚ ਪੰਜਾਬੀ ਬੰਦੇ ਦੇ ਵਜੂਦੀ ਸਰੋਤ ਉਸ ਦੌਰ ‘ਚ ਪਏ ਹਨ ਜਿਸ ਨੇ ਕਾਮਾ ਗਾਟਾ ਮਾਰੂ ਸਾਕਾ ਪੈਦਾ ਕੀਤਾ ਤੇ ਉੱਤਰੀ ਅਮਰੀਕਾ ‘ਚ ਗ਼ਦਰ ਲਹਿਰ ਨੂੰ ਜਨਮ ਦਿੱਤਾ। ਉਹਦੇ ਲਈ ਪੰਜਾਬੀ ਸਾਹਿਤਕਾਰੀ ਦੇ ਪਿੜ ‘ਚ ਦਾਖਲਾ ਹੀ ਸਵੈ-ਸੀਮਾ ਤੋਂ ਪਾਰ ਜਾਣਾ ਸੀ। ਭਾਸ਼ਾ/ਸਾਹਿਤ ਦੇ ਸਰੋਤਾਂ ਤੋਂ ਦੂਰ ਰਹਿ ਕੇ ਪੰਜਾਬੀ ਬੰਦਾ ਸਭਿਆਚਾਰਕ ਸੰਤੁਲਨ ਕਾਇਮ ਨਹੀਂ ਰੱਖ ਸਕਦਾ। ‘ਵੱਤਨੋਂ ਦੂਰ’ ਪਰਚਾ ਇਸ ਅਵਚੇਤਨ ਦੀ ਉਪਜ ਸੀ। ਦੇਰ ਤੱਕ ਚਲਣ ਬਾਦ ਪਰਚਾ ਬੰਦ ਹੋ ਗਿਆ। ਸਾਧੂ ਕਹਾਣੀ/ਕਵਿਤਾ ਲਿਖਣ ਦਾ ਅਭਿਆਸ ਕਰਨ ਲੱਗਾ।
ਕੁਝ ਵਰ੍ਹਿਆਂ ਬਾਦ ਉਹਨੇ ਸੁਖਵੰਤ ਹੁੰਦਲ ਨਾਲ ਮਿਲ ਕੇ ‘ਵਤਨ’ ਨਾਂ ਦੇ ਤਿਮਾਹੀ ਪਰਚੇ ਦਾ ਪ੍ਰਕਾਸ਼ਨ ਕੀਤਾ। ਪਹਿਲਾ ਅੰਕ ਸਾਕਾ ਕਾਮਾ ਗਾਟਾ ਮਾਰੂ ਬਾਰੇ ਸੀ ਜਿਸ ਦੀ ਤਿਆਰੀ ਲਈ ਦੋਨਾਂ ਨੂੰ ਚੋਖੀ ਮਿਹਨਤ ਕਰਨੀ ਪਈ। ਉਸ ਹਿਰਦੇ ਵੇਦਕ ਸਾਕੇ ਬਾਰੇ ਅਣਛਪੀਆਂ ਤਸਵੀਰਾਂ ਤੇ ਭਰਪੂਰ ਸਾਮੱਗਰੀ ਦਿਨ ਰਾਹ ਲਾਇਬ੍ਰੇਰੀਆਂ ‘ਚ ਬੈਠ ਇਕੱਠੀ ਕੀਤੀ ਗਈ। ਉਨ੍ਹਾਂ ਦਿਨਾਂ ‘ਚ ਹੀ ਸਾਧੂ ਨੇ ਡਾਕਟਰ ਸਾਧੂ ਸਿੰਘ ਨਾਲ ਮਿਲ ਕੇ ਸਾਧੂ ਸਿੰਘ ਧਾਮੀ ਦੇ ਨਾਵਲ ‘ਮਲੂਕਾ’ ਦਾ ਅਨੁਵਾਦ ਕੀਤਾ ਤੇ ਛਪਵਾਇਆ। ਨਾਵਲ ਦਾ ਪ੍ਰਕਾਸ਼ਨ ਨਵੇਂ ਪਥ ਦਾ ਐਲਾਨ ਸੀ। ਕੈਨੇਡਾ ‘ਚ ਪੰਜਾਬੀ ਬੰਦੇ ਦੀ ਤਾਕਤ ਦੇ ਸਰੋਤ ਉਸ ਜੱਦੋਜਿਹਦ ਦੇ ਇਤਿਹਾਸ ‘ਚ ਪਏ ਸਨ ਜੋ ਦਹਾਕਿਆਂ ਤੋਂ ਪੰਜਾਬੀ ਬੰਦਾ ਨਵੀਂ ਧਰਤੀ ‘ਚ ਵਿੱਢ ਰਿਹਾ ਸੀ। ‘ਮਲੂਕਾ’ ਇਸ ਦ੍ਰਿਸ਼ਟੀ ਤੋਂ ਨਵਾਂ ਵੱਢ ਮਾਰਨ ਵਾਲੀ ਰਚਨਾ ਸੀ। ਇਹ ਨਾਵਲ ਵੱਡੇ ਧਾਮੀ ਦੇ ਪੁਰਾਣੇ ਦਿਨਾਂ ‘ਤੇ ਅਧਾਰਿਤ ਸੀ। ਅਨਪੜ੍ਹ ਮਜ਼ਦੂਰ ਤੋਂ ਉੱਠ ਕੇ ਉਹਨੇ ਫਿਲਾਸਫੀ ‘ਚ ਪੀਐਚ.ਡੀ ਕੀਤੀ ਤੇ ਭਾਰਤੀ ਦਰਸ਼ਨ ਦਾ ਕੈਨੇਡਾ ‘ਚ ਬੋਲਾਰਾ ਬਣ ਗਿਆ। ਇਸ ਦ੍ਰਿਸ਼ਟੀ ਤੋਂ ਸਾਧੂ ਸਿੰਘ ਧਾਮ ਪੰਜਾਬੀ ਬੰਦੇ ਦੀ ਵਿਸ਼ਵ ਪੱਛਾਣ ਦਾ ਚਿਹਨਕ ਬਣਿਆ। ਇਹਦੀ ਦੂਸਰੀ ਮਿਸਾਲ ਕੈਲਿਫੋਰਨੀਆ ਦੇ ਦਲੀਪ ਸਿੰਘ ਸੌਂਧ ਰਾਹੀਂ ਦੇਖਣ ਨੂੰ ਮਿਲੀ। ਪੰਜਾਬੀ ਬੰਦੇ ਦੀ ਐਪਿਕ ਪੱਧਰ ਦੀ ਅਜਿਹੀ ਜੱਦੋਜਹਿਦ ਨਾਲ ਜੁੜ ਕੇ ਹੀ ਨਵੇਂ ਪਛਾਣ ਚਿੰਨ੍ਹ ਗੂੜੇ ਕੀਤੇ ਜਾ ਸਕਦੇ ਸਨ। ਵੈਨਕੂਵਰ ‘ਚ ਬੈਠੇ ਸਾਧੂ ਬਿਨਿੰਗ ਤੇ ਉਹਦੇ ਸਾਥੀਆਂ ਨੂੰ ਤਾਰਾ ਸਿੰਘ ਹੇਅਰ ਦੇ ਅਖਤਿਆਰ ਕੀਤੇ ਕਟੜਪੰਥੀ ਰਾਹ ਦਾ ਪ੍ਰਤਿ ਉੱਤਰ ਮਿਲ ਚੁੱਕਾ ਸੀ। ਸਾਧੂ ਬਿਨਿੰਗ ਲਈ ਸਾਧੂ ਸਿੰਘ ਧਾਮੀ ਰੋਲ ਮੋਡਲ ਬਣ ਚੁੱਕਾ ਸੀ।
ਸਾਧੂ ਬਿਨਿੰਗ ਨੇ ਪਰਵਾਸੀ ਬੰਦੇ ਦੀ ਤਾਕਤ ਨੂੰ ਆਰਥਿਕਤਾ ਤੋਂ ਡੀਲਿੰਕ ਕੀਤਾ। ਸਵੈ-ਪਛਾਣ ਲਈ ਨਵੇਂ ਸਰੋਤਾਂ ਦੀ ਜੋ ਉਹਨੂੰ ਤਲਾਸ਼ ਸੀ ‘ਮਲੂਕਾ’ ਦੇ ਨਾਇਕ ਤੋਂ ਪ੍ਰਾਪਤ ਹੁੰਦੀ ਦਿਖਾਈ ਦਿੱਤੀ। ਇਸੇ ਹੀ ਤਰ੍ਹਾਂ ਕਾਮਾ ਗਾਟਾ ਮਾਰੂ ਜਹਾਜ਼ ਸਾਕੇ ਦਾ ਮਹਾਂ- ਬਿੰਬ ਉਹਦੇ ਚਿੱਤ/ਚੇਤਨ ‘ਤੇ ਛਾਪ ਛੱਡ ਚੁੱਕਾ ਸੀ। ਸਾਧੂ ਨੇ ਮੈਨੂੰ ਉਹ ਥਾਂ ਦਿਖਾਈ ਜਿੱਥੇ ਕਾਮਾ ਗਾਟਾ ਮਾਰੂ ਜਹਾਜ਼ ਦੋ ਮਹੀਨੇ ਤੱਕ ਖੜਾ ਰਿਹਾ ਸੀ। ਅਸੀਂ ਉਸ ਆਰਾ ਮਿਲ ‘ਤੇ ਵੀ ਗਏ ਜਿੱਥੇ ਸਾਧੂ ਸਿੰਘ ਧਾਮੀ ਸਦੀ ਪਹਿਲਾਂ ਆ ਕੇ ਮਜ਼ਦੂਰੀ ਕਰਦਾ ਰਿਹਾ ਸੀ।
ਆਪਣੇ ‘ਹੋਣ’ ਦੀ ਅਜਿਹੀ ਕਸ਼ਮਕਸ਼ ਦੌਰਾਨ ਸਾਧੂ ਬਿਨਿੰਗ ਨੂੰ ਰੋਸ਼ਨੀ ਪ੍ਰਾਪਤ ਹੋਈ ਕਿ ਕੈਨੇਡਾ ‘ਚ ਵਾਸਾ ਕਰਨ ਵਾਲੇ ਪੰਜਾਬੀ ਬੰਦੇ ਦਾ ਵਤਨ ਕੈਨੇਡਾ ਹੀ ਹੈ। ਕਾਮੇ ਦਾ ਵਤਨ ਉਹੀ ਹੁੰਦਾ ਜਿੱਥੋਂ ਉਹਨੂੰ ਰੋਟੀ/ਰੋਜ਼ੀ ਪ੍ਰਾਪਤ ਹੁੰਦੀ ਹੈ। ਪਰ ਏਨਾ ਹੋਣਾ ਕਾਫ਼ੀ ਨਹੀਂ ਸੀ। ਇਸ ਸੋਚ ਨੂੰ ਤਾਕਤ ਦੇਣ ਲਈ ਨਵੇਂ ਬੌਧਿਕ ਮੁਹਾਜ ਤੇ ਤੀਬਰ ਸ਼ਬਦ ਕਰਮਸ਼ੀਲਤਾ ਦੀ ਲੋੜ ਸੀ। ਵਿਸ਼ਵੀਕਰਣ ਦੇ ਜਿਸ ਪੜਾਅ ‘ਤੇ ਅੱਜ ਮਨੁੱਖ ਖੜਾ ਹੈ ਉਸ ਦਾ ਮੁਕਾਬਲਾ ਕਰਨ ਲਈ ਪੰਜਾਬੀ ਬੰਦੇ ਪਾਸ ਬੌਧਿਕ ਪ੍ਰੌਢਤਾ ਦੀ ਤੋਟ ਸਰੇਆਮ ਨਜ਼ਰ ਆਉਂਦੀ ਹੈ। ਕੈਨੇਡਾ/ਅਮਰੀਕਾ ਵਾਸਾ ਕਰਦੇ ਪੰਜਾਬੀ ਬੰਦੇ ਨੂੰ, ਜਿਵੇਂ ਕਿ ਪੰਜਾਬ ‘ਚ ਵੀ ਹੈ, ਅਨੇਕ ਅੰਤਰ-ਵਿਰੋਧ ਟੁੱਕ ਰਹੇ ਹਨ। ਪੱਛਮੀ ਦੇਸਾਂ ‘ਚ ਪਰਵਾਸੀ ਨੂੰ ਹਰ ਘੁੰਡੀ ਤੇ ਸੰਕਟ ਤੋਂ ਬਚਣ ਦਾ ਇਕੋ ਰਾਹ ਡਾਲਰ ਦਿਖਾਈ ਦੇਂਦਾ ਹੈ ਅਤੇ ਸਭਿਆਚਾਰਕ ਪਛਾਣ ਦਾ ਸਥਲ ਹੈ: ਗੁਰਦੁਆਰਾ। ਬਾਕੀ ਦਾ ਇਹਦਾ ਸਮਾਂ ਰਿਸ਼ਤੇਦਾਰਾਂ ਦੀਆਂ ਵਹੀਰਾਂ ਨੂੰ ਅਮਰੀਕਾ/ਕੈਨੇਡਾ ਪਹੁੰਚਾਣ, ਪ੍ਰਵਾਰਿਕ ਖਹਿਬਾਜ਼ੀ, ਸ਼ਰਾਬੀ ਮਹਿਫ਼ਲਾਂ, ਔਰਤ ‘ਤੇ ਅਤਿਆਚਾਰ, ਗੁਰਦੁਆਰਿਆਂ ‘ਚ ਚੌਧਰ ਲਈ ਤਲਵਾਰਬਾਜ਼ੀ ਦੇ ਮਹਾਂ-ਕਾਰਜਾਂ ‘ਚ ਖਰਚ ਹੁੰਦਾ ਰਹਿੰਦਾ ਹੈ। ਇਹ ਆਪਣੀ ਤਰ੍ਹਾਂ ਦੀ ‘ਮਾਇਆਵੀ ਕ੍ਰੀੜਾ’ ਹੈ ਜਿਸ ‘ਚੋਂ ਸਭਿਆਚਾਰਕਤਾ ਮਨਫ਼ੀ ਹੋ ਚੁੱਕੀ ਹੈ।
ਵਿਹਾਰਕ ਰੂਪ ਵਿਚ ਪਰਵਾਸੀ ਪੰਜਾਬੀ ਅੱਵਲ ਦਰਜੇ ਦਾ ਪੈਸਾ-ਪੂਜ ਹੈ। ਇਹੀ ਕਾਰਣ ਹੈ ਕਿ ਨਵੀਂ ਸਭਿਆਚਾਰਕ ਪਛਾਣ ਨੂੰ ਪੱਕਾ ਕਰਨ ਦੇ ਜੋ ਇੱਕਾ-ਦੁੱਕਾ ਯਤਨ ਹੁੰਦੇ ਹਨ ਉਨ੍ਹਾਂ ਦਾ ਵਿਆਪਕ ਅਸਰ ਦਿਖਾਈ ਨਹੀਂ ਦੇਂਦਾ। ਇਹਦਾ ਅਸਰ ਬਦੇਸ਼ਾਂ ‘ਚ ਪੰਜਾਬੀ ਸਾਹਿਤਕਾਰੀ ਤੇ ਪੰਜਾਬੀ ‘ਚ ਕਿਤਾਬਾਂ ਦੇ ਪ੍ਰਕਾਸ਼ਨ ‘ਤੇ ਵੀ ਪਿਆ ਹੈ। ਕੈਨੇਡਾ ‘ਚ ਰਹਿੰਦੇ ਆਮ ਪੰਜਾਬੀ ਬੰਦੇ ਦੀ ਸਾਹਿਤ ‘ਚ ਦਿਲਚਸਪੀ ਨਹੀਂ ਤੇ ਜਿਹੜੇ ਲੇਖਕ ਲਿਖਦੇ ਹਨ ਉਨ੍ਹਾਂ ਨੂੰ ਹੁੰਗਾਰੇ ਲਈ ਪਿਛਾਂਹ ਪੰਜਾਬ ਵਲ ਦੇਖਣਾ ਪੈਂਦਾ ਹੈ। ਕੁੱਲ ਮਿਲਾ ਕੇ, ਸਭਿਆਚਾਰਕਤਾ ਦੇ ਪ੍ਰਸੰਗ ‘ਚ ਇਹ ਦ੍ਰਿਸ਼, ਏਨੇ ਯਤਨਾਂ ਦੇ ਬਾਵਜੂਦ, ਕਿਸੇ ਵੀ ਤਰ੍ਹਾਂ ਦਿਲਕਸ਼ ਨਹੀਂ।
ਸਭਿਆਚਾਰ ਦੀ ਅਜਿਹੀ ਮਨਫ਼ੀਅਤ ‘ਚ ਸਾਧੂ ਤੇ ਸੁਖਵੰਤ ਹੁੰਦਲ ਦੇ ‘ਵਤਨ’ ਦੀ ਆਮ ਪੰਜਾਬੀਆਂ ‘ਚ ਕੀ ਪੁੱਛ ਹੋ ਸਕਦੀ ਸੀ? ਕੁਝ ਵਰ੍ਹੇ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ‘ਵਤਨ’ ਪਰਚਾ ਬੰਦਾ ਕਰਨਾ ਪੈ ਗਿਆ। 1995 ‘ਚ ਮੈਂ ਵੈਨਕੂਵਰ ਪੁੱਜਾ ਤਾਂ ਪਹਿਲਾ ਸੁਆਲ ਮੈਂ ਸਾਧੂ ਨੂੰ ‘ਵਤਨ’ ਬੰਦ ਕਰਨ ਬਾਰੇ ਕੀਤਾ। ਉਹਦਾ ਜੁਆਬ ਸੀ: “ਪਰਚਾ ਤਿਆਰ ਕਰਨ ਲਈ ਜਿੰਨੀ ਮਿਹਨਤ ਅਸੀਂ ਕਰਦੇ, ਸਾਨੂੰ ਹੁੰਗਾਰਾ ਨਹੀਂ ਸੀ ਮਿਲ ਰਿਹਾ। ਅਸੀਂ ਥੱਕ ਗਏ।”
ਮੈਂ ਸਾਧੂ ਨਾਲ ਕਈ ਹੋਰ ਗੱਲਾਂ ਕਰਨਾ ਚਾਹੁੰਦਾ ਸੀ। ਉਹ ਖੁੱਲ੍ਹ ਕੇ ਗੱਲ ਕਰਨ ‘ਚ ਸੰਕੋਚ ਕਰ ਰਿਹਾ ਸੀ, ਜਾਂ ਆਪਣੇ ਨਿੱਜੀ ਝਮੇਲਿਆਂ ‘ਚ ਫਾਥਾ ਹੋਇਆ ਸੀ। ਉਹ ਪੁਰਾਣੇ ਘਰ ਤੋਂ ਅਵਾਜ਼ਾਰ ਸੀ, ਨਵਾਂ ਬਨਾਣਾ ਚਾਹੁੰਦਾ ਸੀ। ਬਹੁਤਾ ਮਿਲਣਸਾਰ ਵੀ ਨਾ ਲੱਗਾ। ਜਾਂ ਉਂਜ ਹੀ ਮੇਰੇ ਤੋਂ ਕੰਨੀ ਕਤਰਾਅ ਰਿਹਾ ਸੀ। ਮੈਨੂੰ ਉਹਦੀ ਬਣਤ ‘ਚ ਗੁਪਤਚਾਰੀ ਦਿਖਾਈ ਦਿੱਤੀ।
ਉਦੋਂ ਤੱਕ ਉਹ ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਕੈਨੇਡਾ ‘ਚ ਸੀ ਤੇ ਇਕ-ਦੋ ਵੇਰ ਹੀ ਇੰਡੀਆ ਆਇਆ ਸੀ। ਏਨੀ ਦੇਰ ਓਪਰੀ ਧਰਤੀ ‘ਚ ਰਹਿਣ ਵਾਲੇ ਬੰਦੇ ਦੀ ਵਿਕਾਸ-ਰੇਖਾ ‘ਚ ਮੇਰੀ ਦਿਲਚਸਪੀ ਹਮੇਸ਼ਾਂ ਰਹੀ ਹੈ। ਮੈਂ ਉਹਦੇ ਬਾਰੇ ਮੁੱਢ ਤੋਂ ਹੁਣ ਤੱਕ ਦੀ ਜਾਣਕਾਰੀ ਲੈਣਾ ਚਾਹੁੰਦਾ ਸੀ, ਜੋ ਸੰਭਵ ਨਾ ਹੋ ਸਕਿਆ। ਉਹਨੇ ਮੈਨੂੰ ਆਪਣੀਆਂ ਲਿਖੀਆਂ ਕਹਾਣੀਆਂ ਦੀ ਕਿਤਾਬ ਦਿੱਤੀ ਜਿਸ ਨੂੰ ਪੜ੍ਹ ਕੇ ਲੱਗਾ ਇਹ ਬੰਦਾ ਲੇਖਕ ਤਾਂ ਹੋ ਸਕਦਾ ਹੈ, ਜਿਵੇਂ ਪੰਜਾਬੀ ‘ਚ ਸੈਂਕੜੇ ਲੇਖਕ ਹਨ, ਪਰ ਸਾਹਿਤ ਦਾ ਸਿਰਜਕ ਨਹੀਂ ਹੋ ਸਕਦਾ। ਉਹਨੇ ਮੈਨੂੰ ਕੈਨੇਡਾ ‘ਚ ਪੰਜਾਬੀ ਭਾਸ਼ਾ ਤੇ ਸਾਹਿਤ ਬਾਰੇ ਹੋਏ ਕੰਮ ਬਾਰੇ ਮੋਨੋਗ੍ਰਾਫ਼ ਦਿੱਤੇ ਜਿਨ੍ਹਾਂ ਨੂੰ ਪੜ੍ਹ ਕੇ ਉਹਦੀ ਸਮਰਥਾ ਦਾ ਪਤਾ ਲੱਗਾ।
ਚਾਰ ਸਾਲ ਬਾਦ ਮੈਂ ਫੇਰ ਵੈਨਕੂਵਰ ਪੁੱਜਾ। ਉਹ ਪਹਿਲਾਂ ਵਾਂਗ ਗੱਲਬਾਤ ‘ਚ ਸੰਕੋਚਿਆ ਨਹੀਂ ਸੀ; ਵੈਨਕੂਵਰ ਦੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ ‘ਚ ਪੰਜਾਬੀ ਪੜ੍ਹਾਂਦਾ ਸੀ। ਲੰਮੀ ਗੱਲਬਾਤ ਕਰਨ ਦਾ ਸਬੱਬ ਫਿਰ ਵੀ ਪੈਦਾ ਨਾ ਹੋ ਸਕਿਆ। ਤੀਜੀ ਵੇਰ ਮੈਨੂੰ ਕੈਲਿਫੋਰਨੀਆ ਤੋਂ ਸਿਆਟਲ ਦੇ ਰਾਹ ਵੈਨਕੂਵਰ ਪੁੱਜਣ ਦਾ ਮੌਕਾ ਮਿਲਿਆ। ਹੁਣ ਤੱਕ ਸਾਧੂ ‘ਚ ‘ਚ ਚੋਖੀ ਤਬਦੀਲੀ ਆ ਚੁੱਕੀ ਸੀ। ਉਹਦੇ ਪੜ੍ਹਾਏ ਵਿਦਿਆਰਥੀ ਅਗਾਂਹ ਪੰਜਾਬੀ ਪੜ੍ਹਾਣ ਲੱਗ ਪਏ ਸਨ। ਕੈਨੇਡਾ ‘ਚ ਪੰਜਾਬੀ ਭਾਸ਼ਾ ਦਾ ਧਵੱਜ ਉੱਚਾ ਕਰਨ ‘ਚ ਉਹਦੀ ਪ੍ਰਤਿਬਧਤਾ ਬੇਜੋੜ ਸੀ। ਵੈਨਕੂਵਰ ਦੀ ਸਾਹਿਤ ਸਭਾ ਦੀ ਚੌਧਰ ਵੀ ਉਹਦੇ ਕੋਲ ਸੀ। ਪੰਜਾਬੀ ਪਰਵਾਸ ਦੇ ਵਿਰਸੇ ਨਾਲ ਸਾਂਝ ਪਾਉਣਾ ਤੇ ਇਹਨੂੰ ਅੱਜ ਦੇ ਪ੍ਰਸੰਗ ‘ਚ ਵਿਸਤਾਰਣਾ ਉਹਦੇ ਲਈ ਸਵੈ-ਪਛਾਣ ਦਾ ਸਰੋਤ ਬਣ ਚੁੱਕਾ ਸੀ। ਉਹ ਉਸ ਸਪੇਸ ‘ਤੇ ਖੜਾ ਦਿਖਾਈ ਦਿੱਤਾ ਜੋ ਨਿਰੰਤਰ ਚਿੰਤਨ ਤੇ ਸੰਘਰਸ਼ ਬਾਦ ਪ੍ਰਾਪਤ ਹੁੰਦੀ ਹੈ।
ਸਾਧੂ ਦੇ ਚਿੱਤ/ਚੇਤਨ ‘ਚ ਅਜਿਹਾ ਵੱਢ ਪੈਦਾ ਹੋਣ ਪਿੱਛੇ ਲੰਮੀ ਗਾਥਾ ਹੈ। ਆਖਿਰ ਮੈਂ ਉਹਨੂੰ ਗੱਲਬਾਤ ਕਰਨ ਲਈ ਘੇਰ ਲਿਆ।
-2-
ਵੀਹ ਸਾਲ ਦਾ ਸੀ ਜਦ ਸਾਧੂ ਬਿਨਿੰਗ ਫਗਵਾੜੇ ਲਾਗੇ ਚਹੇੜੂ ਪਿੰਡ ਤੋਂ ਟੁੱਟ ਕੇ ਵੈਨਕੂਵਰ ਪੁੱਜਾ। ਚਹੇੜੂ ਨੂੰ ਜਿ਼ਹਨ ਤੋਂ ਝਾੜਦਿਆਂ ਦੋ ਦਹਾਕੇ ਖਰਚ ਹੋ ਗਏ।
ਕੈਨੇਡਾ ਪੁਜ ਕੇ ਸਾਧੂ ਦਾ ਮਾਮਲਾ ਉਸ ਬੰਦੇ ਵਰਗਾ ਸੀ ਜੋ ਤੈਰਨਾ ਨਹੀਂ ਜਾਣਦਾ ਪਰ ਦਾਖਲ ਵਿਰਾਟ ਪਾਣੀਆਂ ‘ਚ ਹੋ ਜਾਂਦਾ ਹੈ। ਉਹ ਕਹਿੰਦਾ ਹੈ: “ਨਵੰਬਰ 1967 ‘ਚ ਮੇਰੇ ਪਿਤਾ ਨੇ ਸਾਨੂੰ ਬੁਲਾਇਆ। ਮੇਰੇ ਲਈ ਹਵਾਈ ਜਹਾਜ਼ ਦਾ ਸਫ਼ਰ ਹੀ ਘਬਰਾਹਟ ਪੈਦਾ ਕਰਨ ਵਾਲਾ ਸੀ। ਟੋਕੀਓ ਰਾਤ ਰੁਕ ਕੇ ਦੂਜੇ ਦਿਨ ਵੈਨਕੂਵਰ ਵਾਲੀ ਫਲਾਈਟ ਸੀ। ਹੋਟਲ ‘ਚ ਪਹਿਲੀ ਵੇਰ ਟੀ. ਵੀ. ‘ਚੋਂ ਤਸਵੀਰਾਂ ਬੋਲਦੀਆਂ ਦੇਖ ਮੈਂ ਸੋਚਾਂ ਇਹ ਬੰਦੇ ਬੋਲੀ ਕਿੱਥੋਂ ਜਾਂਦੇ ਹਨ। ਮੈਂ ਟੀ. ਵੀ. ਦੇ ਡੱਬੇ ਨੂੰ ਹੱਥ ਲਗਾ ਕੇ ਦੇਖਾਂ ਜਿਵੇਂ ਕੋਈ ਜਾਦੂ ਵਾਪਰ ਰਿਹਾ ਹੋਵੇ।”
ਉਹ ਸਭ ਤੋਂ ਪਹਿਲਾਂ ਤਾਏ ਦੇ ਘਰ ਕੈਮਲੂਪਸ ਪੁੱਜਾ; ਨਵੇਂ ਮਾਹੌਲ ‘ਚ ਉੱਕਾ ਫਿੱਟ ਨਾ ਹੋ ਸਕਿਆ, ਉੱਖੜਿਆ ਮਹਿਸੂਸ ਕਰਨ ਲੱਗਾ। ਸਾਰਾ ਕੁਝ ਉਹਨੂੰ ਹੀਣਾ ਦੱਸਣ ਦੇ ਲੱਗਾ ਹੋਇਆ ਸੀ। ਖਾਲੀਪਣ ਦਾ ਗਹਿਰਾ ਅਹਿਸਾਸ ਸੀ। ਪਿਛਾਂਹ ਉਹ ਭਰਿਆ ਮਹਿਸੂਸ ਕਰਦਾ ਸੀ। ਜਿੱਥੇ ਰਹਿ ਕੇ ਚਿੱਤ ਬੇਚੈਨ ਸੀ ਉੱਥੇ ਰਹਿਣ ਦੀ ਲਾਚਾਰੀ ਸੀ। ਉਹ ਸੋਚਦਾ: ‘ਕਿੱਥੇ ਆ ਗਏ’।
ਤਾਏ ਦੇ ਬੱਚੇ ‘ਚਪਰ-ਚਪਰ’ ਅੰਗਰੇਜ਼ੀ ਬੋਲਦੇ ਤੇ ਉਹ ਉਨ੍ਹਾਂ ਦੇ ਮੂੰਹ ਵਲ ਦੇਖਦਾ। ਕੱਜ਼ਨ ਜਿਵੇਂ ਕਹਿ ਰਹੇ ਹੋਣ : ‘ਅਨਪੜ੍ਹ ਗੰਵਾਰ, ਏਥੇ ਕੀ ਕਰਨ ਆਇਆਂ?’ ਸਾਧੂ: “ਘਰ ਤੋਂ ਬਾਹਰ ਨਿਕਲੋ ਤਾਂ ਗੋਰੇ ਦਿਖਾਈ ਦੇਂਦੇ ਜਿਨ੍ਹਾਂ ਨੂੰ ਦੇਖ ਕੇ ਊਂਈ ਸਾਹ ਰੁੱਕਦਾ। ਲੱਗਦਾ ਜਿਵੇਂ ਗੋਰੇ ਮੇਰੇ ਵਲ ਹੀ ਦੇਖ ਰਹੇ ਹਨ, ਖਤਰਨਾਕ ਅੱਖਾਂ ਨਾਲ।” ਵੈਨਕੂਵਰ ਅੱਗੇ ਚਹੇੜੂ ਬੌਂਦਰ ਗਿਆ।
ਚਹੇੜੂ ‘ਚ ਵੀ ਉਹ ਪਿਛਾਂਹ ਖੜਨ ਵਾਲਾ ਮੁੰਡਾ ਸੀ। ਚੁਪੀਤਾ। ਨਵੀਂ ਗੱਲ ਤੋਂ ਭੈਅ ਖਾਣ ਵਾਲਾ। ਸਵੈ-ਵਿਸ਼ਵਾਸ ਦੇ ਸਰੋਤ ਸੁੱਕੇ ਪਏ ਸਨ। ਅਜਿਹੇ ਪਿਛੋਕੜ ਨੇ ਉਹਨੂੰ ਕਾਫ਼ੀ ਦੇਰ ਤੱਕ ਆਪਣੇ ਤੱਕ ਸੀਮਤ ਰਹਿਣ ਲਈ ਮਜਬੂਰ ਕੀਤਾ। ਉਹ ਪੁਰਾਣੇ ਦਿਨਾਂ ਦੀ ਘਟਨਾ ਸੁਣਾਂਦਾ ਹੈ: “ਮਈ 1967 ‘ਚ ‘ਪ੍ਰੀਤ ਮਿਲਣੀ’ ਅੰਮ੍ਰਿਤਸਰ ‘ਚ ਹੋਈ, ਮੈਂ ਗਿਆ। ਕਿਸੇ ਨੂੰ ਨਾ ਮਿਲਿਆ, ਕਿਸੇ ਨਾਲ ਗੱਲ ਨਾ ਕੀਤੀ, ਏਨਾ ਸਾਹਸ ਹੀ ਨਹੀਂ ਸੀ। ਸਾਰੇ ਲੇਖਕ ਉੱਥੇ ਸਨ: ਸੇਖੋਂ, ਸੋਭਾ ਸਿੰਘ ਆਰਟਿਸਟ, ਸੋਹਨ ਸਿੰਘ ਭਕਨਾ ਤੇ ਹੋਰ ਕਈ। ਮੈਂ ਦੂਰੋਂ ਦੇਖਦਾ ਡਰਦਾ ਰਿਹਾ, ਵਾਪਿਸ ਆ ਗਿਆ।”
ਨਿਮਨ ਘਰਾਂ ‘ਚ ਵੱਡੇ ਹੋਣ ਵਾਲੇ ਬੱਚੇ ਜਾਂ ਤਾਂ ਲੋੜੋਂ ਵੱਧ ਆਕ੍ਰਮਣੀ, ਸਵੈ-ਵਿਸ਼ਵਾਸੀ ਤੇ ਧਾਕੜ ਹੁੰਦੇ ਹਨ; ਜਾਂ ਬਾਹਰੀ ਦੁਨੀਆਂ ਤੋਂ ਫਾਸਲੇ ‘ਤੇ ਰਹਿ ਕੇ ਆਪਣੇ ਆਪ ਨੂੰ ਸਾਂਭਣ ਵਾਲੇ ਜੋ ਚੁਪੀਤੇ ਨਿੱਜ ਨੂੰ ਭੇਤਭਰੀ ਪਟਾਰੀ ‘ਚ ਰੱਖਣ ਵਾਲੇ ਹੁੰਦੇ ਹਨ। ਸਾਧੂ ਬਿਨਿੰਗ ਦੀ ਸ਼ਖਸੀ ਬਣਤ ‘ਚ ਦੂਜੀ ਤਰ੍ਹਾਂ ਦੇ ਤੱਤ ਭਾਰੂ ਹਨ। ਇਹਦਾ ਅਹਿਸਾਸ ਮੈਨੂੰ ਆਪਣੀਆਂ ਵੈਨਕੂਵਰ ਫੇਰੀਆਂ ਵੇਲੇ ਹੁੰਦਾ ਰਿਹਾ। ਮੈਂ ਦੇਖਦਾ ਕਿ ਇਹ ਬੰਦਾ ਇਕੋ ਵੇਲੇ ਮਿਲਾਪੜਾ ਤੇ ਕੋਰਾ ਹੈ, ਨੇੜਤਾ ਦਾ ਇੱਛੁਕ ਤੇ ਫਾਸਲੇ ‘ਤੇ ਰਹਿਣ ਵਾਲਾ ਹੈ। ਜਿਨ੍ਹਾਂ ਕੁ ਜ਼ਾਹਿਰ ਕਰਦਾ ਹੈ ਉਸ ਤੋਂ ਵੱਧ ਲੁਕੋਂਦਾ ਹੈ। ਅਜਿਹੇ ਬੰਦੇ ਨੂੰ ਆਪਣੇ ਹੀ ਫਿ਼ਕਰ ਖਾਂਦੇ ਹਨ। ਉਹ ਨਾ ਆਪੇ ਤੋਂ ਪਾਰ ਦਾ ਹੋ ਸਕਦਾ ਹੈ, ਨਾ ਪਾਰ ਨੂੰ ਆਪਣਾ ਬਣਾ ਸਕਦਾ ਹੈ, ਆਪਾ ਬਚਾਉਣ ‘ਚ ਲੱਗਾ ਰਹਿੰਦਾ ਹੈ। ਉਹਨੇ ਸੋਚਣਾ ਵੱਧ ਤੇ ਕਰਨਾ ਘਟ ਹੁੰਦਾ ਹੈ। ਜੋ ਸੋਚਣਾ ਹੁੰਦਾ ਹੈ ਉਹਨੂੰ ਜ਼ਾਹਿਰ ਨਹੀਂ ਹੋਣ ਦੇਣਾ ਹੁੰਦਾ।
ਸਾਧੂ ਦਾ ਤਾਇਆ 1933 ‘ਚ ਕੈਨੇਡਾ ਪੁੱਜਾ। ਵੀਹ ਸਾਲ ਤੱਕ ਕਿਸੇ ਨੂੰ ਪਤਾ ਨਾ ਲੱਗਾ ਉਹ ਕਿਹੜੇ ਖੂਹ-ਖਾਤੇ ‘ਚ ਹੈ। ਇਕ ਦਿਨ ਤਾਇਆ ਅਚਾਨਕ ਪਿੰਡ ਆਣ ਲੱਥਾ। ਐਸਾ ਆਇਆ ਕਿ ਚਾਰ ਸਾਲ ਕੈਨੇਡਾ ਵਲ ਮੂੰਹ ਨਾ ਕੀਤਾ। ਦੇਸ ਜਦ ਚੋਖਾ ਅਵਾਜ਼ਾਰ ਕਰਨ ਲੱਗਾ ਤਾਂ ਉਹਨੇ ਮੁੜ ਕੈਨੇਡਾ ਵਲ ਮੂੰਹ ਕੀਤਾ। ਜਾ ਕੇ ਉਹਨੇ ਉਹਨੇ ਸਾਧੂ ਦੇ ਪਿਤਾ ਨੂੰ ਬੁਲਾ ਲਿਆ।
ਮੁੱਢਲੇ ਸਾਲਾਂ ਬਾਰੇ ਉਹਦੇ ਹੀ ਮੂੰਹੋਂ ਸੁਣੋ: “ਮੇਰਾ ਜਨਮ 3 ਦਸੰਬਰ, 1947 ਨੂੰ ਚਹੇੜੂ (ਕਪੂਰਥਲਾ) ‘ਚ ਹੋਇਆ। ਪਿਤਾ ਖੇਤੀ ਕਰਦਾ ਪਰ ਜ਼ਮੀਨ ਥੋੜ੍ਹੀ ਸੀ, ਕੁੱਲ ਪੰਜ ਏਕੜ। ਬਹੁਤੀਆਂ ਗੱਲਾਂ ਯਾਦ ਨਹੀਂ। ਏਨਾ ਯਾਦ ਹੈ ਘਰ ‘ਚ ਪੈਸੇ ਦੀ ਹਮੇਸ਼ਾਂ ਥੁੜ੍ਹ ਰਹਿੰਦੀ। ਪੇਂਡੂ ਅਨਪੜ੍ਹ ਪ੍ਰਵਾਰ ਤੇ ਮਾਂਬਾਪ ‘ਚ ਖਹਿਬਾਜ਼ੀ ਚਲਦੀ ਰਹਿੰਦੀ। ਪਿਤਾ ਮਾਂ ਨੂੰ ਗਾਲ੍ਹੀ-ਗਲੋਚ ਕਰਦਾ। ਸਕੂਲ ਦੀ ਫੀਸ ਦੇਣ ਲਈ ਦੋ ਰੁਪਏ ਨਾ ਹੁੰਦੇ। ਗੁਆਂਢੀਆਂ ਤੋਂ ਦਸ ਰੁਪਏ ਹੁਧਾਰ ਲੈ ਕੇ ਕੰਮ ਸਾਰਿਆ ਜਾਂਦਾ। ਮਾਂ ਦੇ ਹੱਥਾਂ ਨੂੰ ਚਮੜੀ ਰੋਗ ਸੀ, ਉਹ ਸਾਡੀ ਬਹੁਤੀ ਦੇਖਭਾਲ ਨਾ ਕਰ ਸਕਦੀ। ਗੁਆਂਢ ਪੰਡਿਤਾਂ ਦਾ ਪ੍ਰਵਾਰ ਸੀ ਜਿੱਥੇ ਮੈਂ ਖੇਡਦਾ। ਉਨ੍ਹਾਂ ਦੀ ਸਿਆਣੀ ਉਮਰ ਦੀ ਔਰਤ, ਜਿਹਨੂੰ ਭਾਬੀ ਕਹਿੰਦੇ, ਬਾਤਾਂ ਸੁਣਾਂਦੀ ਜੋ ਅਜੇ ਤੱਕ ਯਾਦ ਨੇ। ਮਾਂ ਨੇ ਪਿਆਰ ਦਿੱਤਾ ਪਰ ਖਾਹਿਸ਼ ਕੋਈ ਪੂਰੀ ਨਹੀਂ ਸੀ ਹੁੰਦੀ। ਪਿਉ ਨਾਲ ਨੇੜਤਾ ਨਹੀਂ ਸੀ, ਉਹਦਾ ਸਟਾਈਲ ਰੁੱਖਾ ਸੀ।”
ਕੈਨੇਡਾ ‘ਚ ਕਿੰਨੇ ਵਰ੍ਹੇ ਸਾਧੂ ਗਰੀਬੀ ਦਾ ਦਾਗ ਮਿਟਾਣ ਲਈ ਭੰਬੀਰੀ ਵਾਂਗ ਘੁੰਮਦਾ ਰਿਹਾ। ਬਾਪ ਮਿਹਨਤ ਕਰਦਾ ਬੁੱਢਾ ਹੋ ਚੁੱਕਾ ਸੀ ਪਰ ਗਰੀਬੀ ਦਾ ਦਾਗ਼ ਸੀ ਕਿ ਮਿਟਣ ‘ਚ ਨਹੀਂ ਸੀ ਆਉਂਦਾ। ਪੁੱਤਰ ਬਾਪ ਦੀ ਵਿੱਢੀ ਮੁਹਿੰਮ ਨੂੰ ਪੂਰਾ ਕਰਨ ਲਈ ਹੀ ਕੈਨੇਡਾ ਪੁੱਜਾ ਸੀ, ਜਿਵੇਂ ਰਿਲੇਅ ਦੌੜ ‘ਚ ਸ਼ਾਮਿਲ ਹੋਈਦਾ ਹੈ।
ਸਾਧੂ ਕਹਿੰਦਾ ਹੈ: “-ਉਨ੍ਹਾਂ ਦਿਨਾਂ ‘ਚ ਐਬਟਸਫੋਰਡ-ਵੈਨਕੂਵਰ ਤੋਂ 50/60 ਮੀਲਾਂ ਦੀ ਦੂਰੀ ‘ਤੇ ਫਰੇਜ਼ਰ ਵੈਲੀ- ਪਰੂਨਿੰਗ ਹੋ ਰਹੀ ਸੀ ਰਸਭਰੀਆਂ ਦੀ, ਮੈਂ ਆਉਣ ਦੇ ਦੋ ਹਫ਼ਤੇ ਬਾਦ ਉੱਥੇ ਕੰਮ ਤੇ ਲੱਗ ਗਿਆ। ਪਹਿਲੀ ਵੇਜ ਮੈਨੂੰ ਇਕ ਡਾਲਰ ਘੰਟਾ ਮਿਲੀ, ਸ਼ਾਇਦ ਇਸ ਤੋਂ ਵੀ ਘਟ ਸੀ। ਫਿਰ ਵੀ ਮੈਂ ਸੰਤੁਸ਼ਟ ਸੀ- ਸ਼ੁਰੂ ਵਿਚ ਡਾਲਰ ਨੂੰ ਰੁਪਿਆਂ ‘ਚ ਬਦਲ ਕੇ ਦੇਖਦੇ; ਵੇਜ ਨੂੰ ਰੁਪਿਆਂ ‘ਚ ਗਿਣਦੇ। ਫਾਰਮ ‘ਚ ਵੇਜ ਦੇ ਪੈਸੇ ਮੈਂ ਕਦੇ ਨਾ ਦੇਖੇ; ਜਿਹੜਾ ਬਜ਼ੁਰਗ ਨਾਲ ਜਾਂਦਾ, ਜਿਵੇਂ ਮੇਰੀ ਮਾਤਾ ਵੀ ਨਾਲ ਕੰਮ ਕਰਦੀ, ਉਜਰਤ ਮਾਤਾ ਨੂੰ ਮਿਲਦੀ। ਮੇਰੀ ਬੜੀ ਖਾਹਸ਼ ਸੀ ਪੜ੍ਹਣ ਦੀ। ਮੈਂ ਦਸੰਬਰ 1967 ‘ਚ ਈਵਨਿੰਗ ਕਲਾਸ ‘ਚ ਦਾਖਲਾ ਲੈ ਲਿਆ। ਕੋਰਸ ਸੀ : ਇੰਗਲਿਸ਼ ਫੌਰ ਨਿਊ ਕੈਨੇਡੀਅਨਜ਼। ਪਿੰਡ ‘ਚ ਸਕੂਲ ਤੋਂ ਬਾਦ ਮੈਂ ਮੱਝਾਂ ਚਾਰਨ ਦਾ ਕੰਮ ਕਰਦਾ ਹੁੰਦਾ ਸੀ; ਏਥੇ ਆ ਕੇ ਮੈਂ ਕੰਮ ਤੋਂ ਬਾਦ ਨਾਵਲ ਪੜ੍ਹਦਾ।”
ਉਹ ਦੱਸਦਾ ਹੈ: “ਔਰਚਰਡ ‘ਚ ਚਾਰ ਹਫ਼ਤੇ ਕੰਮ ਕੀਤਾ। ਸਰਦੀਆਂ ਆ ਗਈਆਂ, ਕੰਮ ਖਤਮ। ਬਰਫ ਪੈਣੀ। ਚਾਰ ਮਹੀਨੇ ਕੋਈ ਕੰਮ ਨਹੀਂ। ਸ਼ਾਮ ਨੂੰ ਪੜ੍ਹਨ ਜਾਂਦਾ ਸੀ। ਉਦੋਂ ਮੇਰੀ ਕੋਈ ਸੰਗਤ ਨਹੀਂ ਸੀ। ਪਿਤਾ ਦੇ ਨਾਲ ਕੰਮ ਕਰਨ ਵਾਲਾ ਇਕ ਸਾਥੀ ਸੀ ਉਹਦਾ ਮੁੰਡਾ ਸੀ, ਉਹਦੇ ਨਾਲ ਸਾਥ ਸੀ। ਕੋਈ ਸਾਹਿਤਕ ਬੰਦਾ ਨਹੀਂ ਮਿਲਿਆ। ਸਿਰਫ਼ ਗੁਰਚਰਨ ਰਾਮਪੁਰੀ ਦਾ ਨਾਂ ਸੁਣਿਆ ਸੀ। ‘ਪ੍ਰੀਤਲੜੀ’ ‘ਚ ਉਹ ਛੱਪਦਾ ਸੀ। ਰਾਮਪੁਰੀ ਮੇਰੇ ਤਾਇਆ ਦਾ ਜਾਣਕਾਰ ਸੀ। ਜਦੋਂ ਮੌਸਮ ਬਦਲਿਆ ਮਈ 1968 ‘ਚ ਮੈਂ ਕੰਮ ਭਾਲਣ ਦੀ ਫਿਰ ਕੋਸਿ਼ਸ਼ ਕੀਤੀ। ਸਿਆਲ ‘ਚ ਵੀ ਮੈਂ ਗੁਰਗਾਬੀ ਪਾ ਕੇ ਕੰਮ ਲੱਭਣ ਨਿਕਲ ਪੈਂਦਾ, ਬਰਫ਼ ਪੈ ਰਹੀ ਹੁੰਦੀ। ਡਿਮਾਂਡ ਕੈਨੇਡੀਅਨ ਤਜੁਰਬੇ ਦੀ ਹੁੰਦੀ ਜੋ ਮੇਰੇ ਪਾਸ ਨਹੀਂ ਸੀ। ਉਸੇ ਸਾਲ ਮਈ ‘ਚ ਤਾਇਆ ਜੀ ਨੇ ਕੈਮਲੂਪਸ ਜਾਣਾ ਸੀ, ਮੈਂ ਨਾਲ ਤੁਰ ਪਿਆ। ਇਕ ਬੰਦਾ ਹੋਰ ਸੀ ਨਾਲ, ਉਹ ਆਪਣੇ ਮੁੰਡੇ ਨੂੰ ਕੰਮ ਦੁਵਾਣ ਜਾ ਰਿਹਾ ਸੀ। ਜੰਗਲ ‘ਚ ਸਾਅ ਮਿਲ ਸੀ ਉੱਥੇ। ਨਵੀਂ ਸਿ਼ਫ਼ਟ ਸ਼ੁਰੂ ਹੋਣੀ ਸੀ, ਉੱਥੇ ਕੰਮ ਕਰਨ ਵਾਲਿਆਂ ਦੀ ਬੜੀ ਲੋੜ ਸੀ। ਚਾਰ ਵਜੇ ਪਹੁੰਚੇ, ਉਸੇ ਵੇਲੇ ਸਾਡੇ ਨਾਂ ਦਫਤਰ ਲਿਖਵਾਏ ਗਏ। ਸਾਢੇ ਪੰਜ ਵਜੇ ਸਿ਼ਫ਼ਟ ਸ਼ੁਰੂ ਹੋਣੀ ਸੀ। ਮੈਂ ਕੰਮ ‘ਤੇ ਲੱਗ ਗਿਆ। ਫੱਟੇ ਖਿੱਚਣ ਦਾ ਕੰਮ ਸੀ। ਵੈਨਕੂਵਰ ‘ਚ ਇਕ ਸਾਅ ਮਿਲ ‘ਚ ਇਹ ਕੰਮ ਸਿਖਿਆ ਸੀ। ਮੈਨੂੰ ਗ੍ਰੀਨ ਚੇਨ ਦਾ ਪਤਾ ਸੀ। ਜਿਸ ਚੇਨ ‘ਤੇ ਫੱਟੇ ਆਉਂਦੇ ਸੀ ਉਹਨੂੰ ਗ੍ਰੀਨ ਚੇਨ ਕਹਿੰਦੇ ਸੀ। ਅਸੀਂ ਡਿੱਗੇ ਫੱਟਿਆਂ ਨੂੰ ‘ਕੱਠਾ ਕਰਨਾ ਹੁੰਦਾ ਸੀ। ਤਿੰਨ ਚਾਰ ਮਹੀਨੇ ਕੰਮ ਕੀਤਾ। ਅੱਧੀ ਰਾਤ ਨੂੰ ਮਿਲ ਤੋਂ ਬਾਹਰ ਨਿਕਲਦੇ। ਮਿਲ ਟਾਮਸਨ ਦਰਿਆ ਦੇ ਨਾਲ ਲੱਗਦੀ ਸੀ। ਦਰਿਆ ‘ਚੋਂ ਚੰਨ ਦਿੱਸਦਾ ਤੇ ਇਕਾਂਤ। ਨਾਲ ਮਿਲ ਦਾ ਰੌਲਾ। ਨਾਲ ਜੰਗਲ। ਕੰਮ ਕਰਨ ਵਾਲੇ ਨਵੇਂ ਬੰਦੇ। ਮੇਰੇ ਲਈ ਨਵੀਂ ਕਿਸਮ ਦਾ ਅਨੁਭਵ ਸੀ। ਦੋ ਹਫਤਿਆਂ ਬਾਦ ਪਹਿਲੀ ਪੇਅ-ਚੈੱਕ ਮਿਲੀ। ਪਹਿਲੀ ਵੇਰ ਆਪਣੇ ਕਮਾਈ ਦੇਖੀ। ਇਕ ਸਟੋਰ ‘ਚ ਜਾ ਕੇ ਵੇਜ-ਚੈੱਕ ਦੇ ਕੇ ਕੈਸ਼ ਲਿਆ। ਡਾਲਰ ਲਿਆ ਕੇ ਮੰਜੇ ‘ਤੇ ਵਿਛਾ ਦਿੱਤੇ। ਕਿੰਨੀ ਦੇਰ ਤੱਕ ਉਨ੍ਹਾਂ ਡਾਲਰਾਂ ਨੂੰ ਦੇਖਦਾ ਰਿਹਾ। ਬੜਾ ਖੁਸ਼ ਹੋਇਆ।”
ਇਨ੍ਹਾਂ ਦਿਨਾਂ ਬਾਰੇ ਸਾਧੂ ਬੋਲਦਾ ਹੈ: “ਬਹੁਤ ਇਕੱਲਾ ਸੀ। ਇਕ ਮੁੰਡੇ ਨਾਲ ਕਮਰਾ ਸ਼ੇਅਰ ਕਰਦਾ ਸੀ। ਕਿਚਨ ਸਾਂਝੀ, ਬਾਥਰੂਮ ਸਾਂਝੀ। ਸਾਰੇ ਅਸੀਂ ਸਿੰਗਲ ਸੀ, ਬਸ ਤਿੰਨ ਪਰਵਾਰ ਵਾਲੇ ਸਨ। ਰੋਟੀ ਅਸੀਂ ਆਪੋ ਆਪਣੀ ਬਨਾਣੀ। ਆਮ ਕਰਕੇ ਹੋਰ ਕੁੱਕ ਹਾਊਸਾਂ ‘ਚ ਬੰਦਾ ਰੱਖਿਆ ਹੁੰਦਾ ਸੀ ਰੋਟੀ ਕੁੱਕ ਕਰਨ ਲਈ ਪਰ ਇਸ ਥਾਂ ਏਦਾਂ ਨਹੀਂ ਸੀ। ਉਸ ਸਾਅ ਮਿਲ ‘ਚ ਚਾਰ ਮਹੀਨੇ ਕੰਮ ਕਰਨ ਬਾਦ ਅਗਸਤ ‘ਚ ਮੈਂ ਲੌਂਗ ਵੀਕਐਂਡ ‘ਤੇ ਵੈਨਕੂਵਰ ਆਇਆ, ਵਾਪਿਸ ਨਹੀਂ ਗਿਆ। ਨਾਰਥ ਵੈਨਕੂਵਰ ਦੀ ਇਕ ਮਿਲ ‘ਚ ਕੰਮ ਮਿਲ ਗਿਆ। ਕੰਮ ਕਾਫ਼ੀ ਮੁਸ਼ਕਿਲ ਸੀ। ਪਹਿਲੀ ਜਗ੍ਹਾ ਵੀ ਮੈਂ ਹੈਲਪਰ ਹੁੰਦਾ ਸੀ। ਨਵੀਂ ਜਗ੍ਹਾ ਨਾਲ ਰਹਿਣ ਵਾਲਾ ਬੰਦਾ ਤਕੜਾ ਹੋਣ ਕਰਕੇ ਮੈਨੂੰ ਮਾੜਾ ਸਾਬਤ ਕਰਦਾ। ਕਾਫ਼ੀ ਤੰਗੀ ਦੇ ਦਿਨ ਕੱਟੇ। ਮੈਂ ਵਿਹਲੇ ਸਮੇਂ ਪੜ੍ਹਦਾ ਰਹਿੰਦਾ। ਕਿਤਾਬਾਂ ਹੁੰਦੀਆਂ, ਪਰ ਕਿਤਾਬਾਂ ਜਿ਼ਆਦਾ ਪੜ੍ਹ ਨਹੀਂ ਸੀ ਹੁੰਦੀਆਂ। ਹੋਰਾਂ ਨੇ ਮੈਨੂੰ ਮਖੌਲ ਕਰਨਾ, ਕਹਿਣਾ ਵੱਡਾ ਪੜ੍ਹਾਕੂ ਹੈ। ਕਾਲਜ ‘ਚ ਛੁੱਟੀਆ ਹੋਣ ਕਰਕੇ ਕੰਮ ਕਰਨ ਕਈ ਸਟੂਡੈਂਟ ਵੀ ਆ ਜਾਂਦੇ। ਇਹ ਚੰਗੇ ਖਾਣ ਪੀਣ ਵਾਲੇ ਮੁੰਡੇ ਹੁੰਦੇ। ਸੁਭਾਅ ਚੰਗਾ, ਖੁਲ੍ਹ ਦਿਲੇ। ਮੇਰੇ ਦੋਸਤ ਬਣ ਗਏ। ਮੈਂ ਉਨ੍ਹਾਂ ਨਾਲ ਚਲੇ ਜਾਣਾ। ਬਾਕੀ ਪੰਜਾਬੀ ਬੜਾ ਮਖੌਲ ਕਰਦੇ ਕਿ ਆਪਣੇ ਆਪ ਨੂੰ ਕੀ ਸਮਝਦਾ। ਆਪਣੇ ਬੰਦਿਆ ਦਾ ਪੈਟਰਨ ਸੀ ਦੋ ਸਿ਼ਫ਼ਟਾਂ ਕਰਨੀਆਂ, ਆ ਕੇ ਸ਼ਰਾਬ ਪੀਣੀ। ਜੂਆ-ਤਾਸ਼ ਖੇਡਣਾ। ਜਾਂ ਕੈਮਲੂਪਸ ‘ਚ ਗੋਰੀਆਂ ਕੋਲ ਜਾਂਦੇ, ਬੀਅਰ ਪਾਰਲਰਾਂ ‘ਚ ਚਲੇ ਜਾਂਦੇ। ਖੂਬ ਲੜਾਈ ਝਗੜੇ ਹੁੰਦੇ, ਪਰ ਮੈਂ ਏਦਾਂ ਦੇ ਕੰਮਾਂ ਤੋਂ ਸੁੱਕਾ ਰਿਹਾ। ਉਹ ਤਾਸ਼/ਜੂਆ ਖੇਡਦੇ, ਮੈਂ ਨਾਲ ਬੈਠ ਜਾਣਾ। ਮੇਰਾ ਉਹ ਮਖੌਲ ਉਡਾਂਦੇ।
–“ਨਾਰਥ ਵੈਨਕੂਵਰ ‘ਚ ਦੋ ਸਾਲ ਕੰਮ ਕੀਤਾ, ਸਤੰਬਰ 1968 ਤੋਂ ਮਾਰਚ 1970 ਤੱਕ। ਫਿਰ ਪੋਸਟ ਆਫਿਸ ‘ਚ ਕੰਮ ਮਿਲ ਗਿਆ। ਨਾਰਥ ਵੈਨਕੂਵਰ ‘ਚ ਇਕ ਪੰਜਾਬੀ ਮੁੰਡਾ ਮੇਰਾ ਗੂੜ੍ਹਾ ਦੋਸਤ ਬਣ ਗਿਆ। ਉਹ ਪੋਸਟ ਆਫਿਸ ‘ਚ ਕ੍ਰਿਸਮਿਸ ਦੌਰਾਨ ਕੰਮ ਕਰਦਾ ਸੀ। ਉਹਨੇ ਨੌਕਰੀ ਦਾ ਫਾਰਮ ਲਿਆ ਦਿੱਤਾ। ਮੈਂ ਕਿਸੇ ਆਸ ਤੋਂ ਬਿਨਾ ਫਾਰਮ ਭਰ ਕੇ ਭੇਜ ਦਿੱਤਾ। ਟੈਸਟ ਦੀ ਚਿੱਠੀ ਆ ਗਈ। ਮੇਰੇ ਮਨ ‘ਚ ਸੀ ਜੌਬ ਤਾਂ ਮਿਲਣੀ ਨਹੀਂ, ਮੈਂ ਆਪਣੇ ਆਪ ਨੂੰ ਇਹਦੇ ਕਾਬਿਲ ਨਹੀਂ ਸੀ ਸਮਝਦਾ। ਮੈਂ ਗਿਆ ਕਿ ਪਾਸ ਤਾਂ ਹੋਣਾ ਨਹੀਂ। ਸਿੰਪਲ ਟੈਸਟ ਸੀ, ਮਲਟੀਪਲ ਚਾਇਸ ਜੁਆਬ ਸਨ, ਜਿ਼ਆਦਾ ਨੰਬਰ ਲੈ ਕੇ ਪਾਸ ਹੋ ਗਿਆ। ਇੰਟ੍ਰਵਿਊ ਦਾ ਸੱਦਾ ਆਇਆ। ਉਦੋਂ ਤੱਕ ਅੰਗਰੇਜ਼ੀ ਚੰਗੀ ਹੋ ਚੁੱਕੀ ਸੀ। ਈਵਨਿੰਗ ‘ਚ ਮੈਂ ਸਕੂਲ ਜਾਂਦਾ ਸੀ। ਮਿਲ ‘ਚ ਜਿ਼ਆਦਾ ਪੈਸੇ ਮਿਲਦੇ ਸੀ। ਇੰਟ੍ਰਵਿਊ ‘ਚ ਉਨ੍ਹਾਂ ਪੁੱਛਿਆ ਘਟ ਪੈਸੇ ਦੀ ਨੌਕਰੀ ਕਿਉਂ ਕਰਨੀ ਚਾਹੁੰਦਾ ਏਂ? ਮੈਂ ਕਿਹਾ ਉੱਥੇ ਮੈਥੋਂ ਪੜ੍ਹਿਆ ਨਹੀਂ ਜਾਂਦਾ। ਮੈਨੂੰ ਜੌਬ ਮਿਲ ਗਈ। ਸਮੱਸਿਆ ਇਹ ਬਣੀ ਬਾਕੀ ਲੋਕ ਕਹਿਣ ਮਿਲ ‘ਚ ਜਿ਼ਆਦਾ ਪੈਸੇ ਮਿਲਦੇ ਆ। ਮੈਨੂੰ ਕਿਹਾ ਗਿਆ ਮੈਂ ਪੋਸਟ ਆਫਿਸ ਦੀ ਜੌਬ ਨਾ ਲਵਾਂ। ਆਪਣਾ ਬੰਦਾ ਪੋਸਟ ਆਫਿਸ ‘ਚ ਕਦੇ ਦੇਖਿਆ ਨਹੀਂ ਸੀ। ਮੈਂ ਮਿਲ ਦੇ ਸੁਪ੍ਰੰਡੰਟ ਕੋਲ ਗਿਆ। ਉਹਨੂੰ ਕਿਹਾ ਜੇ ਦੋ ਹਫਤੇ ਦੀ ਛੁੱਟੀ ਦੇ ਦਿਓ ਤਾਂ ਨਵੀਂ ਜੌਬ ਟਰਾਈ ਕਰ ਲਵਾਂ। ਉਹਨੂੰ ਇਹ ਗੱਲ ਚੰਗੀ ਲੱਗੀ, ਉਹ ਮੰਨ ਗਿਆ। ਮੈਂ ਪੋਸਟ ਆਫਿਸ ਗਿਆ ਤਾਂ ਲੈਟਰ ਕੈਰਿਅਰ ਪੋਸਟ ਮੈਨ ਦੀ ਨੌਕਰੀ ਮਿਲੀ। ਸੋਚਿਆ ਇਹ ਤਾਂ ਕੋਈ ਕੰਮ ਨਹੀਂ। ਤੇਰਾਂ ਸਾਲ ਜੌਬ ਕੀਤੀ 1970 ਤੋਂ 1983 ਤੱਕ। ਫਿਰ ਮੈਂ ਪੋਸਟ ਆਫਿਸ ‘ਚ ਟਰੱਕ ਡਰਾਈਵਿੰਗ ਵਾਲੀ ਜੌਬ ਲੈ ਲਈ। ਪੈਦਲ ਤੇ ਟਰੱਕ ਰਾਹੀਂ ਡਲਿਵਰੀ ਦਾ ਕੰਮ।”
ਮੈਂ ਸੁਆਲ ਕਰੀ ਜਾਂਦਾ ਤੇ ਸਾਧੂ ਦੇ ਜੁਆਬ ਲੈਪ ਟੌਪ ‘ਤੇ ਉਤਾਰੀ ਜਾਂਦਾ। ਉਹਦੇ ਬੋਲ: “1973 ‘ਚ ਸ਼ਾਦੀ ਹੋਈ। ਮੇਰੀ ਬੀਵੀ ਉਸੇ ਸਾਲ 1967 ‘ਚ ਆਈ ਸੀ ਜਦ ਮੈਂ ਆਇਆ ਸੀ। ਇਹ ਹਾਈ ਸਕੂਲ ‘ਚ ਪੜ੍ਹਦੀ ਸੀ ਤਦ; ਗੋਰਾਇਆ ਦੇ ਨੇੜੇ ਰੁੜਕਾ ਦੀ ਸੀ। ਆਪਸੀ ਜਾਣ ਪਛਾਣ ਕਰਕੇ ਤੇ ਪੁੱਛ ਗਿੱਛ ਰਾਹੀਂ ਰਿਸ਼ਤਾ ਹੋਇਆ। ਟਿਪੀਕਲ ਐਰੇਂਜਡ ਮੈਰਿਜ ਸੀ।
–“ਜਦ ਮੈਂ ਮਿਲ ‘ਚ ਕੰਮ ਕਰਦਾ ਸੀ ਤਾਂ ਪਿਤਾ ਨੂੰ ਪੈਸੇ ਦੇਂਦਾ ਸੀ। ਦੂਜੀ ਜਾਂ ਤੀਜੀ ਚੈੱਕ ਦਿਤੀ ਤਾਂ ਪਿਤਾ ਨੇ ਕਿਹਾ ਇਹ ਤੇਰੇ ਪੈਸੇ ਐ ਤੂੰ ਆਪ ਸਾਂਭ। ਨਾ ਮੈਂ ਤੇਰੇ ਕੋਲੋਂ ਪੈਸੇ ਲੈਣੇ ਆ, ਨਾ ਤੂੰ ਮੇਰੇ ਕੋਲੋਂ ਤਵੱਕੋ ਰੱਖੀਂ। ਮੈਨੂੰ ਇਹ ਗੱਲ ਬੜੀ ਬੁਰੀ ਲੱਗੀ। ਮੈਨੂੰ ਲੱਗਾ ਪ੍ਰਵਾਰ ਤੋਂ ਤੋੜਿਆ ਜਾ ਰਿਹਾ ਹਾਂ। ਪਰ ਇਸ ਗੱਲ ਨੇ ਮੇਰੇ ‘ਚ ਤਬਦੀਲੀ ਲਿਆਂਦੀ, ਮੈਂ ਸੁਤੰਤਰ ਹੋ ਗਿਆ, ਨਾਰਥ ਵੈਨਕੂਵਰ ‘ਚ ਕੰਮ ਵੇਲੇ ਸਾਡਾ ਘਰ ਬਹੁਤਾ ਚੰਗਾ ਨਹੀਂ ਸੀ; ਅਸੀਂ ਇਕ ਹੋਰ ਘਰ ਵੈਨਕੂਵਰ ‘ਚ ਖ੍ਰੀਦ ਲਿਆ, ਮੈਂ ਮੌਰਗੇਜ਼ ਦੇਂਦਾ। ਮੇਰੀ ਬੀਵੀ ਕਪੜੇ ਸੀਉਣ ਵਾਲੀ ਸ਼ੌਪ ‘ਚ ਕੰਮ ਕਰਦੀ, ਤਦ ਖਰਚੇ ਚਲਦੇ। ਮਾਇਕ ਅਵਸਥਾ ਸਾਡੀ ਹੈਂਡ- ਟੂ-ਮਾਊਥ ਵਾਲੀ ਸੀ। ਜਦੋਂ ਵਿਆਹ ਹੋਇਆ ਮੈਂ ਚਾਹੁੰਦਾ ਸੀ ਵੱਖਰਾ ਰਹਵਾਂ। ਵਿਆਹ ਵਾਲੇ ਦਿਨ ਤੋਂ ਹੀ ਇਕ ਹੋਰ ਘਰ ਲੈ ਲਿਆ।
–“ਪੋਸਟ ਆਫਿਸ ‘ਚ ਮੈਂ ਕੰਮ ਕਰਦਾ, ਬੀਵੀ ਨੇ 1975 ਤਕ ਕਪੜੇ ਸਿਉਣ ਦਾ ਕੰਮ ਕੀਤਾ। ਫਿਰ ਸਾਡੇ ਲੜਕਾ ਪੈਦਾ ਹੋਇਆ; ਬੀਵੀ ਨੇ ਨੌਕਰੀ ਛੱਡ ਦਿੱਤੀ। ਪੰਜ ਸਾਲ ਕੰਮ ਨਹੀਂ ਕੀਤਾ।
–“ਜਦੋਂ ਪੋਸਟ ਆਫਿਸ ‘ਚ ਸੀ ਮੈਂ ਗਰੇਡ ਅੱਠ ਤੱਕ ਪੜ੍ਹਿਆ ਸੀ। ਹਾਈ ਸਕੂਲ ਕੀਤਾ। 1978/79 ‘ਚ ਮੈਂ ਬੀ. ਏ. ਜਾਇਨ ਕੀਤੀ। ਫਰੇਜ਼ਰ ਯੂਨੀਵਰਸਟੀ ਤੋਂ 1982 ‘ਚ ਬੀ.ਏ. ਫਿਨਿਸ਼ ਕੀਤੀ। ਉਨ੍ਹਾਂ ਦਿਨਾਂ ਤੱਕ ਮੇਰਾ ਕਦੇ ਕਿਸੇ ਲੇਖਕ ਨਾਲ ਸੰਪਰਕ ਨਹੀਂ ਸੀ ਹੋਇਆ। ਗੁਰਮੇਲ ਸਿੱਧੂ ਹੁੰਦਾ ਸੀ 1970 ‘ਚ। 1972 ‘ਚ ਸੁਰਿੰਦਰ ਧੰਜਲ ਆ ਗਿਆ। 1970 ‘ਚ ਜਦ ਮੇਰਾ ਭਰਾ ਹਾਈ ਸਕੂਲ ‘ਚ ਪੜ੍ਹਦਾ ਸੀ ਉਹਦੇ ਦੋਸਤਾ ਨੇ ਸੋਚਿਆ ਕਿ ਭੰਗੜਾ ਵਗੈਰਾ ਕਰਨਾ ਚਾਹੀਦਾ। ਪੰਜਾਬੀ ਕਲਚਰਲ ਐਸੋਸੀਏਸ਼ਨ ਬਣਾਈ। ਵੈਨਕੂਵਰ ‘ਚ ਪੁਰਾਣਾ ਇਤਿਹਾਸਕ ਗੁਰਦੁਆਰਾ ਖਾਲ੍ਹੀ ਪਿਆ ਸੀ। ਅਸੀਂ ਉੱਥੇ ਮੀਟਿੰਗਾਂ ਕਰਦੇ, ਰਿਹਸਲ ਕਰਦੇ। ਜਦੋਂ ਗੁਰਦੁਆਰਾ ਰੌਸ ਸਟ੍ਰੀਟ ‘ਚ ਸਿ਼ਫ਼ਟ ਹੋਇਆ ਤਾਂ ਕਈ ਅਮੁੱਲ ਦਸਤਾਵੇਜ਼ ਉਨ੍ਹਾਂ ਰੱਦੀ ‘ਚ ਸੁੱਟਣੇ ਸ਼ੁਰੂ ਕਰ ਦਿੱਤੇ। ਮੈਂ ਕੁਝ ਇਕ ਦਸਤਾਵੇਜ਼ ਲੈ ਆਉਂਦਾ। ਉਦੋਂ ਇਨ੍ਹਾਂ ਦੀ ਅਹਮੀਅਤ ਦਾ ਪਤਾ ਨਹੀਂ ਸੀ। ਨਹੀਂ ਤਾਂ ਸਾਰੇ ਦਸਤਾਵੇਜ਼ ਲੈ ਆਉਣੇ ਸੀ। ”
ਸਾਧੂ ਦੇ ਆਰੰਭਿਕ ਦਿਨ ਕਿੱਦਾਂ ਦੇ ਸਨ? ਉਹ ਦੱਸਦਾ ਹੈ: “ਚੌਥੀ ‘ਚ ਪੜ੍ਹਦਾ ਸੀ, ਜਿ਼ਆਦਾ ਵਕਤ ਆਪਣੀ ਭੂਆ ਦੇ ਪਿੰਡ ‘ਚ ਗੁਜੰਾਰਦਾ ਸੀ; ਉੱਥੇ ਇਕ ਕਹਾਣੀ ਪੜ੍ਹੀ ਮੇਰੇ ਮਨ ‘ਤੇ ਅਜੀਬ ਅਸਰ ਹੋਇਆ. ਇਹ ਲੋਕ ਕਹਾਣੀ ਸੀ, ਇਹਨੇ ਮੇਰੇ ਅੰਦਰ ਪੜ੍ਹਣ ਦੀ ਚਿਣਗ ਪੈਦਾ ਕਰ ਦਿੱਤੀ. ਕੁਝ ਸਾਲਾਂ ਬਾਦ ਜਸਵੰਤ ਸਿੰਘ ਕੰਵਲ ਦਾ ਨਾਵਲ ‘ਪੂਰਨਮਾਸੰੀ’ ਪੜ੍ਹਿਆ, ਉਹਨੇ ਪ੍ਰਭਾਵਿਤ ਕੀਤਾ. ਨਾਵਲ ‘ਚ ਪਿੰਡ ਦੀਆਂ ਗੱਲਾਂ ਬਾਤਾਂ ਸਨ, ਚੰਗਾ ਲੱਗਾ. ਏਦਾਂ ਦੀਆਂ ਗੱਲਾਂ ਪਹਿਲੀ ਵੇਰ ਪੜ੍ਹਣ ਦਾ ਮੌਕਾ ਮਿਲਿਆ. ਪੜ੍ਹਨ ਦੀ ਇੰਨੀ ਜਿੰਆਦਾ ਰੁਚੀ ਪੈਦਾ ਹੋ ਗਈ ਕਿ ਬਿਨਾਂ ਚੋਣ ਕੀਤੇ ਕਿਤਾਬਾਂ ਪੜ੍ਹਣ ਲੱਗ ਪਿਆ. ਸਕੂਲ ਦੀ ਲਾਇਬ੍ਰੇਰੀ ‘ਚੋਂ ਕਿਤਾਬ ਲੈਣੀ ਮੁਸੰਕਿਲ ਸੀ, ਲਾਇਬ੍ਰੇਰੀਅਨ ਕਿਤਾਬਾਂ ਲਈ ਕੁਝ ਖਾਣ ਲਈ ਮੰਗਦਾ. ਫਗਵਾੜੇ ਇਕ ਦੁਕਾਨ ਪਤੰਗਾਂ ਦੀ ਸੀ, ਉਹ ਕਿਤਾਬਾਂ ਕਿਰਾਏ ਤੇ ਵੀ ਦਿੰਦੇ. ਮੈਂ ਪੰਜਾਬੀ ਹਿੰਦੀ ਦੀਆਂ ਕਿਤਾਬਾਂ-ਨਾਨਕ ਸਿੰਘ, ਕੰਵਲ, ਅੰਮ੍ਰਿਤਾ ਪ੍ਰੀਤਮ, ਦਾ ਫਿਕਸੰਨ ਪੜ੍ਹਦਾ ਸੀ. ਮੇਰੇ ਪਿੰਡ ਦੇ ਦੋ ਸਾਥੀ ਉਰਦੂ ਪੜ੍ਹਦੇ ਸੀ, ਮੈਨੂੰ ਉਰਦੂ ਨਹੀਂ ਸੀ ਆਉਂਦਾ. ਮੈਂ ਇਕ ਪਿੰਡ ਦੇ ਬਜੁੰਰਗ ਨੂੰ ਕਿਹਾ, ਤਾਇਆ ਮੈਨੂੰ ਉਰਦੂ ਸਿਖਾ ਦੇ. ਮੈਂ ਦਤ ਭਾਰਤੀ ਦਾ ਨਾਵਲ ਪੜ੍ਹਿਆ. ਪੰਜਾਬ ‘ਚ ਸੋਵੀਅਤ ਸਾਹਿਤ ਜੋ ਹੱਥ ‘ਚ ਆਉਂਦਾ ਪੜ੍ਹਦਾ- ਸੰੋਲੋਖੋਵ ਦਾ ਨਾਵਲ ਪੜ੍ਹਿਆ. ਕਾਲਜ ਜਾਇਨ ਨਹੀਂ ਕੀਤਾ ਕਿ ਪਿਤਾ ਨੇ ਟਿਕਟਾਂ ਭੇਜ ਕੇ ਕੈਨੇਡਾ ਮੰਗਵਾ ਲਿਆ.”
–“ਕੈਨੇਡਾ ਆ ਕੇ ਬੜੀ ਮਿਹਨਤ ਕੀਤੀ. ਬਹੁਤ ਪੜ੍ਹਾਈ ਕੀਤੀ. ਐਮ। ਏ। ਕਰਨਾ ਚਾਹੁੰਦਾ ਸੀ ਤਾਂ ਜੋ ਵਾਪਿਸ ਇੰਡੀਆ ਜਾ ਕੇ ਚੰਗੀ ਨੌਕਰੀ ਕਰ ਸਕਾਂ.
–“ਜਦੋਂ ਤਾਇਆ ਜੀ ਵਾਪਿਸ ਇੰਡੀਆ ਗਏ, ਉਨ੍ਹਾਂ ਦਾ ਘਰ ਕਮਿਊਨਿਸਟਾਂ ਦਾ ਕੇਂਦਰ ਰਿਹਾ. ਦਰਸੰਨ ਕੈਨੇਡੀਅਨ ਤੇ ਉਹਦੀ ਬੀਵੀ ਸਾਡੇ ਘਰ ਆਉਂਦੇ. ਇਕ ਵੇਰ ਪੁਲਿਸ ਨੇ ਛਾਪਾ ਵੀ ਮਾਰਿਆ ਤੇ ਪੁੱਛ ਗਿੱਛ ਕੀਤੀ ਕਿ ਏਥੇ ਕਿਹੜੇ ਕਾਮਰੇਡ ਆਉਂਦੇ ਆ. ਮੇਰੇ ‘ਤੇ ਜਜ਼ਬਾਤੀ ਤੌਰ ‘ਤੇ ਕਮਿਊਨਿਜੰਮ ਦਾ ਪ੍ਰਭਾਵ ਹੈ. ਅੱਠਵੀਂ-ਨੌਵੀਂ ਤੋਂ ਹੀ ‘ਪ੍ਰੀਤ ਲੜੀ’ ਪੜ੍ਹਣੀ ਸ਼ੁਰੂ ਕੀਤੀ.
–“ਬਚਪਨ ‘ਚ ਵਾਲ ਕਟਾਏ ਹੋਏ ਸੀ. ਧਾਰਮਿਕ ਰੁੱਚੀ ਉੱਕਾ ਨਹੀਂ ਨਹੀਂ ਸੀ. ਫਿਰ ਵਾਲ ਹਾਈ ਸਕੂਲ ‘ਚ ਰੱਖੇ. ਵੈਨਕੂਵਰ ਆਉਂਦੇ ਨੇ ਪਹਿਲੇ ਹਫੰਤੇ ‘ਚ ਹੀ ਕਟਵਾ ਦਿੱਤੇ. ਤਾਏ ਨੇ ਕਿਹਾ ਜੇ ਕਟਵਾਣੇ ਨੇ ਤਾਂ ਹੁਣੇ ਕਟਵਾ. ਜੇ ਰੱਖਣੇ ਹਨ ਤਾਂ ਫਿਰ ਨਾ ਕਟਵਾਈਂ. ਮੈਨੂੰ ਆਜੰਾਦੀ ਜਿਹੀ ਮਹਿਸੂਸ ਹੋਣ ਲੱਗੀ. ਨਸਲਵਾਦ ਦਾ ਮਾਹੌਲ ਸੀ; ਪੱਗ ਨਾਲ ਮੈਂ ਕੰਫਰਟੇਬਲ ਨਹੀਂ ਸੀ ਮਹਿਸੂਸ ਕਰਦਾ.
–“ਦੇਸ ‘ਚ ਮੈਂ ਇਕ ਛੋਟੀ ਜਿਹੀ ਕਹਾਣੀ ਲਿਖੀ ਸੀ. ਏਥੇ ਆਇਆ ਤਾਂ ਕੁਝ ਕਵਿਤਾਵਾਂ ਲਿਖੀਆਂ. ਵੈਨਕੂਵਰ ‘ਚ ਜੌਬ ਬੜੀ ਔਖੀ ਸੀ, ਬੂਰਾ ਕੱਠਾ ਕਰਨ ਦੀ. ਮੇਰਾ ਕੰਮ ਹੇਠ ਡਿੱਗੇ ਬੂਰੇ ਨੂੰ ਕਲੀਨ ਕਰਨਾ ਹੁੰਦਾ ਸੰੋਵਲ ਨਾਲ. ਮਿੱਲ ਸਮੁੰਦਰ ਦੇ ਕੰਡੇ ਹੋਣ ਕਰਕੇ ‘ਹਾਈ ਟਾਈਡ’ ਆਉਣੀ ਤੇ ਗੰਦ ਪੈਣਾ. ਸਫ਼ਾਈ ਕਰਨ ਵਾਲਾ ਮੈਂ ਇਕੱਲਾ ਹੁੰਦਾ. ਉਪਰ ਮਿਲ ਦਾ ਸੰੌਰ, ਹੇਠ ਸੰੋਰ, ਮੈਂ ਫਿਲਮੀ ਗਾਣੇ ਗਾਉਣੇ ਇਕੱਲਿਆਂ. ਉਸ ਪ੍ਰਾਸੈਸ ‘ਚੋਂ ਆਪ ਲਿਖਣਾ ਸੁੰਰੂ ਕਰ ਦਿੱਤਾ, ਮਿਕਸਡ ਜਿਹੀ ਭਾਸੰਾ ‘ਚ ਕਵਿਤਾ ਲਿਖਣੀ ਸੁੰਰੂ ਕਰ ਕੀਤੀ, ਰੁਮਾਂਟਿਕ ਗੀਤ. ਉਨ੍ਹਾਂ ਦਿਨਾ ‘ਚ ਆਪਣੇ ਲੋਕ ਆ ਰਹੇ ਸਨ ਰੋਜੰਾਨਾ. 1960ਵਿਆਂ ਦੀ ਗੱਲ ਹੈ. ਪੁਰਾਣੇ ਜਾਨਣ ਵਾਲੇ ਵੀ ਆ ਰਹੇ ਸਨ. ਉਦੋਂ ਅਸੀਂ ਭੰਗੜੇ ਦੀ ਸਰਗਰਮੀ ਸ਼ੁਰੂ ਕੀਤੀ. ਮੈਨੂੰ ਭੰਗੜੇ ਦਾ ਪ੍ਰਧਾਨ ਬਣਾ ਦਿੱਤਾ. ਵੈਨਕੂਵਰ ‘ਚ ਮੈਂ ਸੀਨੀਅਰ ਸੀ. 1972 ਦੇ ਸੁੰਰੂ ‘ਚ ਮਹਿੰਦਰ ਸੂਮਲ ਕਵਿਤਾ ਲਿਖਦਾ ਆਇਆ ਸੀ ਲੁਧਿਆਣੇ ਤੋਂ. ਉਹ ਕਾਲਜ ‘ਚ ਭੰਗੜਾ ਪਾਉਂਦਾ ਹੁੰਦਾ ਸੀ. ਉਹਦੇ ਆਉਣ ਨਾਲ ਸਾਡਾ ਗਰੁੱਪ ਤਕੜਾ ਹੋ ਗਿਆ. ਨਾਰਥ ਅਮਰੀਕਾ ‘ਚ ਸਾਡੀ ਪਹਿਲੀ ਭੰਗੜੇ ਦੀ ਟੀਮ ਸੀ.
–“ਦਸੰਬਰ 1972 ‘ਚ ਸੁਰਿੰਦਰ ਧੰਜਲ ਵੀ ਸਾਡੀ ਜੱਥੇਬੰਦੀ ‘ਚ ਆਣ ਰਲਿਆ. 16 ਦਸੰਬਰ 1972 ਨੂੰ ਅਸੀਂ ਪਹਿਲਾ ਨਾਟਕ ਕੀਤਾ ਜੋ ਧੰਜਲ ਨੇ ਤਿਆਰ ਕਰਵਾਇਆ. ਉਦੋਂ ਧੰਜਲ ‘ਸੂਰਜਾਂ ਦੇ ਹਮਸਫੰਰ’ ਕਿਤਾਬ ਛਪਵਾ ਕੇ ਆਇਆ ਸੀ, ਇਹਦੀ ਕਵਿਤਾ ਜਾਣਦਾਰ ਮੰਨੀ ਜਾਂਦੀ ਸੀ. ਉਹ ਨਕਸਲੀ ਮਾਹੌਲ ‘ਚੋਂ ਆਇਆ ਸੀ. ਉਹਦੇ ਰਾਹੀਂ ਮੇਰਾ ਸਾਹਿਤ ਨਾਲ ਨਾਤਾ ਪੈਦਾ ਹੋ ਗਿਆ.
–“ਉਦੋਂ ਗੁਰਚਰਨ ਰਾਮਪੁਰੀ ਤੇ ਗੁਰਮੇਲ ਸਿੱਧੂ ਹੁੰਦੇ ਸੀ. ਗੁਰਦਿਆਲ ਸਿੰਘ ਕੰਵਲ ਹੁੰਦਾ ਸੀ. 1970 ‘ਚ ਪੰਜਾਬੀ ਦਾ ਪਹਿਲਾ ਮੈਗਜੰੀਨ ਕੱਢਣਾ ਸੁੰਰੂ ਕੀਤਾ: ‘ਸਾਂਝ ਸਵੇਰਾ’. ਲੁਧਿਆਣਾ ਤੋਂ ਏਸੇ ਨਾਂ ਦਾ ਪਰਚਾ ਨਿਕਲਦਾ ਸੀ, ਨਾਂ ਬਦਲਣਾ ਪਿਆ. ਨਵਾਂ ਨਾਂ ਰੱਖਿਆ: ‘ਨਵੀਂ ਧਰਤੀ’. ਇਹ ਸਾਹਿਤਕ ਕਦਮ ਸੀ. ਗੁਰਦਿਆਲ ਕੰਵਲ ਰਵਿੰਦਰ ਰਵੀ ਦੇ ਪਿੰਡ ਜਗਤਪੁਰ ਦਾ ਸੀ. ਤਦ ਤੱਕ ਅਜਮੇਰ ਰੋਡੇ ਆ ਚੁੱਕਾ ਸੀ; ਉਹ ਵਿਕਟੋਰੀਆ ‘ਚ ਰਹਿੰਦਾ ਸੀ, ਤਦੋਂ ਵੈਨਕੂਵਰ ਨਹੀਂ ਸੀ ਆਇਆ. 1972 ਦੇ ਦੁਆਲੇ ਸਾਹਿਤਕ ਮਿਲਣੀਆਂ ਸੁੰਰੂ ਹੋ ਗਈਆਂ. 10-15 ਲੋਕ ਹੁੰਦੇ ਸੀ. ਕੁਝ ਲੇਖਕ ਹੁੰਦੇ ਸੀ, ਬਾਕੀ ਦਿਲਚਸਪੀ ਰੱਖਣ ਵਾਲੇ ਹੁੰਦੇ ਸੀ. ਕੁਝ ਸਿਆਸੀ ਲੋਕ ਹੁੰਦੇ ਸੀ. ਨਕਸਲੀ ਨਾਤਿਆਂ ਵਾਲੇ ਵੀ ਸੀ ਜੋ ਉਦੋਂ ਆਏ. ਉੱਜਲ ਦੋਸਾਂਝ 1968 ‘ਚ ਆਇਆ. ਉਹ ਇਨ੍ਹਾਂ ਮੀਟਿੰਗਾਂ ‘ਚ ਸੁੰਰੂ ਤੋਂ ਹੀ ਆਉਂਦਾ ਰਿਹਾ. ਸਿਆਸੀ ਮਸਲੇ, ਨਸਲੀ ਵਿਤਕਰਾ ਤੇ ਪੰਜਾਬੀ ਵਿਜੰਟਰਾਂ ਦੀਆ ਸਮੱਸਿਆਵਾਂ, ਇਮੀਗ੍ਰੇਸੰਨ ਦੇ ਮਸਲੇ, ਗੁਰਦੁਆਰਿਆਂ ‘ਚ ਸੰਘਰਸੰ, ਆਦਿ ਕਿੰਨਾ ਕੁਝ. ਜੁਲਾਈ 1973 ‘ਚ ਪਹਿਲੀ ਪੰਜਾਬੀ ਸਾਹਿਤ ਸਭਾ ਕਾਇਮ ਹੋਈ. ਰਾਮਪੁਰੀ ਪ੍ਰਧਾਨ ਬਣਿਆ, ਸੁਰਿੰਦਰ ਧੰਜਲ ਸਕੱਤਰ ਤੇ ਮੈਂ ਖਜੰਾਨਚੀ.
–“ਤਦ ਤੱਕ ਸੁਰਿੰਦਰ ਧੰਜਲ ਵਿਜਟਰ ਸੀ, ਪੱਕਾ ਟਿਕਣਾ ਚਾਹੁੰਦਾ ਸੀ. ਹੋਰ ਲੋਕ ਵੱਖਰੇ ਤਰੀਕੇ ਅਪਣਾਅ ਰਹੇ ਸਨ. ਅਸੀਂ ਉਹਨੂੰ ਸੁਝਾਅ ਦਿੱਤਾ ਗਿਆ ਜੇ ਉਹ ਪਰਚਾ ਸੁੰਰੂ ਕਰ ਲਵੇ ਤਾਂ ਰਹਿ ਸਕਦਾ ਹੈ. ‘ਵਤਨੋਂ ਦੂਰ’ ਸੁੰਰੂ ਕਰਨ ਦਾ ਵੱਡਾ ਕਾਰਣ ਇਹ ਸੀ.
–“ਧੰਜਲ ਨਾਲ ਨੇੜਤਾ ਸੀ, ਪਰ ਵਿਚਾਰਾਂ ‘ਚ ਫ਼ਰਕ ਸੀ. ਮੈਨੂੰ ਉਹਦੀ ਅਪ੍ਰੋਚ ‘ਚ ਨੁਕਸ ਲੱਗਾ. ਇਕ ਰੈਸਤੋਰਾਂ ‘ਚ ਬੈਠ ਕੇ ਉਹਦੇ ਨਾਲ ਇਹਦੇ ਬਾਰੇ ਗੱਲ ਕੀਤੀ. ਮੈਂ ਕਿਹਾ ਜੇ ਤੇਰਾ ਸਟਾਈਲ ਇਹੀ ਰਹਿਣਾ ਤਾਂ ਮੈਂ ਇਸ ਕੰਮ ‘ਚ ਤੇਰੇ ਨਾਲ ਨਹੀਂ ਜੁੜਨਾ. ਜਿਹਦੇ ਕੋਲ ਉਹ ਆਇਆ ਸੀ ਉਹ ਵੀ ਪੋਸਟ ਆਫਿਸ ‘ਚ ਕੰਮ ਕਰਦਾ ਸੀ, ਜਗਜੀਤ ਸਿੱਧੂ. ਸੁਰਿੰਦਰ ਨੇ ਜਗਜੀਤ ਨਾਲ ਮਿਲ ਕੇ ਪਰਚਾ ਸੁੰਰੂ ਕਰ ਦਿੱਤਾ, ਜੁਲਾਈ 1973 ‘ਚ. ਇਕ ਬੰਦਾ ਦਲਜੀਤ ਤੂਰ ਸੀ; ਉਹ ਵੀ ਇਨ੍ਹਾਂ ਨਾਲ ਸੰਾਮਲ ਹੋਇਆ. ਇਹ ਪਰਚਾ ਸੁੰਰੂ ਜਿੰਆਦਾ ਸੁਰਿੰਦਰ ਦੀ ਹੱਥ-ਲਿਖਤ ‘ਚ ਹੁੰਦਾ ਸੀ; ਇੰਡੀਆ ‘ਚ ਛੱਪਦੇ ਆਰਟੀਕਲਾਂ ਦੀ ਫੋਟੋ-ਕਾਪੀ ਕਰਕੇ ਵੀ ਛਾਪਦੇ ਸੀ.
–“ਸੁਰਿੰਦਰ ਧੰਜਲ 1974 ‘ਚ ਕਿਸੇ ਖਾਣ ‘ਚ ਕੰਮ ਕਰਨ ਚਲਾ ਗਿਆ- ਉਦੋਂ ਜਗਜੀਤ ਸਿੱਧੂ ਤੇ ਭੁਪਿੰਦਰ ਧਾਲੀਵਾਲ ਨੇ ਪਰਚਾ ਐਡਿਟ ਕੀਤਾ. ਇੰਡੀਆ ਹਰਪਾਲ ਟਿਵਾਣਾ ਦੀ ਨਾਟਕਾਂ ਦੀ ਟੀਮ ਆਈ. ਇਨ੍ਹਾਂ ਸਭਨਾਂ ‘ਵਤਨੋਂ ਦੂਰ ਆਰਟ ਫਾਊਂਡੇਸੰਨ’ ਬਣਾਈ. ਇਹ ਸਾਰੇ ਇਕੋ ਮਕਾਨ ‘ਚ ਰਹਿੰਦੇ ਸੀ. ਉਦੋਂ ਤੱਕ 1973 ‘ਚ ਅਜਮੇਰ ਤੇ ਸੁਰਜੀਤ ਕਲਸੀ ਵੀ ਵੈਨਕੂਵਰ ਆ ਗਏ.
–“1976 ਤੋਂ ਮੈਂ ‘ਵਤਨੋਂ ਦੂਰ’ ਨਾਲ ਫਿਰ ਜੁੜ ਗਿਆ. ਤਾਰਾ ਸਿੰਘ ਹੇਅਰ ਪਰਚੇ ਦਾ ਪਬਲਿਸੰਰ ਸੀ. ਦਸੰਬਰ 1976 ‘ਚ ਸੁਰਿੰਦਰ ਵਿੰਡਸਰ ਚਲਾ ਗਿਆ ਸੀ. ਪਰਚੇ ਦਾ ਸਾਰਾ ਕੰਮ ਮੇਰੇ ਜਿੰਮੇ ਆ ਗਿਆ. ਮੇਰੀ ਪਤਨੀ ਪਰਚੇ ਦਾ ਮੈਟਰ ਹੈਂਡ-ਰਾਈਟ ਕਰਦੀ ਸੀ. ਦੋ ਸਾਲ ਦਾ ਸਾਡਾ ਬੇਟਾ ਸੀ. ਵਾਈਫ ਘਰੇ ਹੁੰਦੀ. ਸਾਰਾ ਹਫਤਾ ਲਿਖਣ ਦਾ ਕੰਮ ਕਰਦੀ. ਮੈਂ ਪੋਸਟ ਆਫਿਸ ‘ਚ ਕੰਮ ਕਰਨਾ, ਪੜ੍ਹਨਾ ਵੀ, ਹੋਰ ਸਰਗਰਮੀਆਂ ਵੀ. ਚੌਵੀ ਘੰਟੇ ਬਿਜੰੀ. ਜਦੋਂ ਮੈਂ ‘ਟੇਕਓਵਰ’ ਕੀਤਾ ਪਰਚਾ ਮਾਸਿਕ ਹੋ ਚੁੱਕਾ ਸੀ. 1978 ‘ਚ ਸੁਖਵੰਤ ਹੁੰਦਲ ਮੇਰੇ ਨਾਲ ਆ ਕੇ ਕੰਮ ਕਰਨ ਲੱਗਾ. ਸੁਖਵੰਤ ਤੇ ਮੈਂ ਤਿੰਨ ਚਾਰ ਸਾਲ ਪਰਚਾ ਕੱਢਿਆ. ਜਿੰਦਗੀ ‘ਚ ਕਦੀ ਵੀ ਏਨਾ ਕੰਮ ਨਹੀਂ ਕੀਤਾ. ‘ਵਤਨੋਂ ਦੂਰ’ 1983 ਤੱਕ ਚਲਾਇਆ.
–“ਮੈਨੂੰ ਪਿਛਾਂਹ ਵਤਨ ਦੀ ਯਾਦ ਬਹੁਤ ਆਉਂਦੀ ਸੀ. ਮੈਂ ਵਾਪਿਸ ਜਾਣਾ ਚਾਹੁੰਦਾ ਸੀ. ਵਾਪਿਸ ਜਾ ਨਹੀਂ ਸੀ ਸਕਿਆ. 1976 ‘ਚ ਨੌਂ ਸਾਲਾਂ ਬਾਦ ਵਾਪਿਸ ਗਿਆ. ਮੇਰੇ ਮਨ ‘ਚ ਖਾਹਿਸੰ ਸੀ ਵਾਪਿਸ ਇੰਡੀਆ ਜਾਣਾ ਹੈ. ਪਰ ਏਥੇ ਯੂਨੀਵਰਸਟੀ ‘ਚ ਪੜ੍ਹਾਈ ਤੇ ਕਮਿਊਨਟੀ ਦੀਆਂ ਸਮੱਸਿਆਵਾਂ ‘ਚ ਸੰਾਮਲ ਹੋਣ ਕਰਕੇ ਮੈਂ ਮਹਿਸੂਸ ਕਰਨ ਲੱਗਾ ਹੁਣ ਕੈਨੇਡਾ ਹੀ ਸਾਡਾ ਵਤਨ ਹੈ. ਪਹਿਲਾਂ ਮੈਂ ਇਹਨੂੰ ਵਤਨ ਨਹੀਂ ਸੀ ਸਮਝਿਆ ਤੇ ਬੇਚੈਨ ਰਿਹਾ. ਦੂਜੇ ਲੇਖਕਾਂ ਨੇ ਚੇਤਨ ਤੌਰ ‘ਤੇ ਏਦਾਂ ਦਾ ਕੋਈ ਫੈਸਲਾ ਨਹੀਂ ਸੀ ਲਿਆ. ਇਸ ਬਾਰੇ ਮੈਂ ਬਹੁਤ ਸੋਚਦਾ ਰਿਹਾ. 1982-83 ‘ਚ ਫੈਸਲਾ ਕੀਤਾ ਕਿ ਮੈਂ ਹੁਣ ਵਾਪਿਸ ਨਹੀਂ ਜਾਣਾ, ਏਥੇ ਹੀ ਰਹਿਣਾ ਹੈ. ਮੈਂ ਬੀ।ਏ। ਕਰ ਰਿਹਾ ਸੀ. ਹੌਲੇ ਹੌਲੇ ਪੰਜਾਬ ਤੋਂ ਵੱਖਰੀ ਪੱਛਾਣ ਦਾ ਆਧਾਰ ਬਣ ਗਿਆ. ਇਸ ਪੱਛਾਣ ਨੂੰ ਗੂੜ੍ਹਾ ਕਰਨ ਲਈ ਬਾਦ ਵਿਚ ‘ਵਤਨ’ ਪਰਚਾ ਕੱਢਿਆ.
–“‘ਵਤਨ’ ਦਾ ਪਹਿਲਾਂ ਅੰਕ ਕਾਮਾ ਗਾਟਾ ਮਾਰੂ ਬਾਰੇ ਸੀ. ਮੇਰੇ ਤਾਇਆ ਜੀ ਬਹੁਤ ਪਹਿਲਾਂ ਆਏ ਹੋਣ ਕਰਕੇ ਉਨ੍ਹਾ ਦੀਆਂ ਗੱਲਾ ਸੁਣ ਕੇ ਮੇਰੇ ਅੰਦਰ ਕਾਮਾ ਗਾਟਾ ਮਾਰੂ ਦੀਆਂ ਘਟਨਾਵਾਂ ਨਾਲ ਨਾਤੇ ਦੀ ਜਾਗ ਲੱਗੀ. ਪਹਿਲੀ ਵੇਰ ਸਾਲ 1973 ਦੇ ਅੰਤ ‘ਚ ਕਾਮਾ ਗਾਟਾ ਮਾਰੂ ਨਾਂ ਸੁਣਿਆ. 1974 ‘ਚ ਕਵਿਤਾ ਲਿਖੀ ਕਿ ਮੈਂ ਸਮੁੰਦਰ ਦੇ ਕੰਢੇ ‘ਤੇ ਬੈਠਾ ਹਾਂ ਜਿੱਥੇ ਕਾਮਾ ਗਾਟੂ ਮਾਰੂ ਆਇਆ ਸੀ. ‘ਵਤਨ’ ਦੇ ਇਸ ਵਿਸ਼ੇਸ਼ ਅੰਕ ਲਈ ਮੈਂ ਤੇ ਸੁਖਵੰਤ ਨੇ ਬਹੁਤ ਰਿਸਰਚ ਕੀਤੀ. ਬ੍ਰਿਟਿਸ਼ ਕੋਲੰਬੀਆ ਯੂਨੀਵਰਸਟੀ ਦੀ ਲਾਇਬ੍ਰੇਰੀ, ਵੈਨਕੂਵਰ ਸਿਟੀ ਆਰਕਾਈਵਜੰ, ਤੇ ਵੈਨਕੂਵਰ ਪਬਲਿਕ ਲਾਇਬ੍ਰੇਰੀ (ਜਿੱਥੋਂ ਅਸੀਂ ਤਸਵੀਰਾਂ ਪ੍ਰਾਪਤ ਕੀਤੀਆਂ), ‘ਚ ਕਾਫ਼ੀ ਸਮਾਂ ਲੱਗਾ. ਪਹਿਲੇ ਪਰਚੇ ਲਈ ਚਾਰ ਪੰਜ ਮਹੀਨੇ ਤਿਆਰੀ ਕੀਤੀ. ਉਦੋ ਮੈਂ ਪੋਸਟ ਆਫਿਸ ਕਰਦਾ ਸੀ; ਨਾਲ ਯੂਨੀਵਰਸਟੀ ‘ਚ ਵੀ ਕੰਮ ਕਰਦਾ ਸੀ. ਐਮ।ਏ। (ਸੋਸਿਓਲਿਜੀ) ਚਾਰ ਸਾਲ ਬਾਦ ਮੁਕੰਮਲ ਕੀਤੀ.
–“’ਵਤਨ’ ਪਿੱਛੇ ਭਾਵਨਾ ਸੀ ਕਿ ਕੰਮ ਚਲੰਤ ਜਿਹਾ ਨਹੀਂ ਹੋਣਾ ਚਾਹੀਦਾ. ਸੁਖਵੰਤ ਹੁੰਦਲ ਨਾਲ ਨੇੜਤਾ ਪੈਦਾ ਹੋ ਚੁੱਕੀ ਸੀ. ਕਾਰਣ ਸਾਡੇ ਖਿਆਲਾਂ ਦੀ ਸਾਂਝ ਸੀ. ਏਥੋਂ ਦੀ ਸਾਹਿਤ ਸਭਾ ਉਦੋਂ ਨਿਘਾਰ ‘ਚ ਆ ਗਈ ਸੀ. 1980-81 ‘ਚ ਗੈਰ-ਸਾਹਿਤਕ ਜਿਹੇ ਬੰਦੇ ਆ ਗਏ. ਉਹ ਸਭਾ ਨੂੰ ਚੌਧਰ ਲਈ ਵਰਤਣਾ ਚਾਹੁੰਦੇ ਸੀ, ਅਸੀਂ ਵਿਰੋਧ ਕਰਦੇ ਸੀ, ਪਾੜ ਪੈਦਾ ਹੋ ਗਈ. ਅਸੀਂ ਚਾਰ ਪੰਜ ਬੰਦੇ ਜਿਹੜੇ ਹੋਰ ਕੰਮਾ ‘ਚ ਵੀ ਸੰਾਮਲ ਹੁੰਦੇ ਸੀ ਵੱਖਰਾ ਬੈਠਣ ਲੱਗ ਪਏ. ਮੈਂ , ਸੁਖਵੰਤ, ਅਮਰਜੀਤ, ਭੁਪਿੰਦਰ ਢਿਲੋਂ ਵਗੈਰਾ. ਅਸੀਂ ਜੁੱਟ ਬਣਾਇਆ ਤੇ ‘ਵੈਨਕੂਵਰ ਸੱਥ’ ਨਾਂ ਦੀ ਜੱਥੇਬੰਦੀ ਬਣਾਈ. ਕਮਿਊਨਿਟੀ ‘ਚ ਬਹੁਤ ਸਮੱਸਿਆਵਾਂ ਸਨ. ਸਾਡਾ ਮਕਸਦ ਏਥੋਂ ਦੇ ਮਸਲਿਆਂ ਨੂੰ ਅਗਰਭੂਮੀ ‘ਚ ਲਿਆਣਾ ਸੀ ਨਾ ਕਿ ਪੰਜਾਬ ‘ਚ ਜੋ ਵਾਪਰ ਰਿਹਾ ਉਹਦੇ ਬਾਰੇ ਸੋਚਣਾ. ਮੈਂ ਤੇ ਸੁਖਵੰਤ ਨੇ ਚਾਰ ਪੰਜ ਲੇਖ ਲਿਖੇ. ਲੇਖਾਂ ਬਾਰੇ ਵਿਚਾਰ-ਵਟਾਂਦਰਾ ਅਸੀਂ ਸਾਰੇ ਕਰਦੇ ਸੀ, ਪਰ ਲਿਖਦੇ ਦੋਵੇਂ ਸੀ. ਸਾਡੀ ਲਿਖਣ ਦੀ ਸਾਂਝ ਉਦੋਂ ਸੁੰਰੂ ਹੋਈ. ਜਿਨ੍ਹਾਂ ਮਸਲਿਆਂ ਬਾਰੇ ਲੇਖ ਲਿਖੇ ਉਹ ਸਨ: 1।ਸਾਡੇ ਲੋਕਾ ਨੂੰ ਕਿਉਂ ਖਾਸ ਕਿਸਮ ਦੇ ਕਿੱਤੇ ਮਿਲਦੇ ਨੇ: ਖੇਤਾਂ ‘ਚ ਕਲੀਨ-ਅੱਪ ਕਰਨ ਦਾ ਕੰਮ, ਕੈਬ ਚਲਾਣਾ, ਰੈਸਤੋਰਾਂ ‘ਚ ਭਾਂਡੇ ਧੋਣ ਦਾ ਕੰਮ ਸਾਡੇ ਲੋਕ ਜਿ਼ਆਦਾ ਕਰਦੇ ਹਨ. ਅੱਜ ਵੀ ਸਾਡੀਆਂ ਬਹੁਤੀਆਂ ਔਰਤਾਂ ਰੈਸਤੋਰਾਂ ਤੇ ਹਸਪਤਾਲ ‘ਚ ਕਪੜੇ ਤੇ ਭਾਡੇ ਧੋਣ ਦਾ ਕੰਮ ਕਰਦੀਆਂ ਹਨ. ਜਿਹੜੇ ਕੰਮ ਗੋਰੇ ਨਹੀਂ ਕਰਦੇ ਸਾਡੇ ਲੋਕਾਂ ਨੂੰ ਕਰਨੇ ਪੈਂਦੇ ਹਨ. ਕਿਸੇ ਵੀ ਏਅਰਪੋਰਟ ਯੌਰਪ ਦੇ ਦੇਖੋ ਸਾਡੀਆਂ ਔਰਤਾਂ ਕੰਮ ਕਰਦੀਆਂ ਦਿਖਾਈ ਦੇਣਗੀਆਂ. ਮੇਰੀ ਭੈਣ ਵੈਨਕੂਵਰ ਏਅਰਪੋਰਟ ‘ਤੇ ਵੀਹ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ. ਪਿਤਾ ਤੇ ਮਾਤਾ ਦੋਨਾਂ ਨੇ, ਤੇ ਮੈਂ ਖੁਦ ਏਅਰਪੋਰਟ ‘ਤੇ ਬਰੂਮ ਓਪ੍ਰੇਟਰ ਦਾ ਕੰਮ ਕਰਦਾ ਰਿਹਾ. ਅਜੇ ਵੀ ਸਾਡੇ ਬੰਦੇ, ਜਿਨ੍ਹਾਂ ‘ਚ ਜਿ਼ਆਦਾ ਬਜ਼ੁਰਗ ਹਨ, ਲੀਫਲੈਟਸ ਵਗੈਰਾ ਘਰਾਂ ‘ਚ ਸੁੱਟਣ ਦਾ ਕੰਮ ਕਰਦੇ ਨੇ. ਘਟ ਉਜਰਤ ਮਿਲਦੀ ਹੈ ਰੱਦ ਹੋਇਆ ਕੰਮ ਸਾਡੇ ਬੰਦਿਆਂ ਨੂੰ ਕਰਨਾ ਪੈਂਦਾ.”
ਇਸ ਸਭ ਨੂੰ ਦੇਖ ਕੇ ਗੁੱਸਾ ਨਹੀਂ ਆਉਂਦਾ?
–“ਗੁੱਸਾ ਆਉਂਦਾ, ਪਰ ਅਨੈਰਜੀ ਵੀ ਮਿਲਦੀ ਹੈ ਫਾਈਟ ਕਰਨ ਦੀ.”
ਕਿੱਦਾ ਦੀ ਨਸਲਪ੍ਰਸਤੀ ਸੀ ਪੁਰਾਣੇ ਦਿਨਾਂ ‘ਚ?
–“1970 ਦੇ ਸੁੰਰੂ ਦੀਆਂ ਗੱਲਾਂ ਨੇ. ਗੋਰਾ ਗਾਲ੍ਹ ਕੱਢ ਜਾਂਦਾ, ਸਾਡੇ ਵਲ ਥੁੱਕ ਸੁੱਟਦੇ. ਧੱਕਾ ਮਾਰ ਜਾਂਦੇ. ਬਜ਼ੁਰਗਾਂ ਨੇ ਇਹ ਪੋਜੀਸ਼ਨ ਬਰਦਾਸ਼ਤ ਕੀਤੀ ਹੋਈ ਸੀ. ਉਹ ਕਹਿੰਦੇ ਨਵੇਂ ਮੁੰਡੇ ਗੋਰੀਆਂ ਨੂੰ ਛੇੜਦੇ ਨੇ ਇਸ ਕਰਕੇ ਲੜਾਈ ਹੁੰਦੀ ਹੈ. ਪਰ ਮੁੰਡੇ ਸਿਆਸੀ ਚੇਤਨਾ ਵਾਲੇ ਸਨ, ਜਿ਼ਆਦਾ ਪੜ੍ਹੇ ਲਿਖੇ ਸਨ. ਉਨ੍ਹਾਂ ਆਉਂਦਿਆ ਹੀ ਹੱਕ ਮੰਗਣੇ ਸੁੰਰੂ ਕਰ ਦਿੱਤੇ. ਪੁਰਾਣੇ ਆਏ ਕਹਿੰਦੇ ਕਿ ਗੋਰੇ ਹੱਕ ਤਾਂ ਦੇਈ ਜਾਂਦੇ ਹਨ, ਪਰ ਏਥੇ ਸੁਆਲ ਤਾਂ ਪ੍ਰਸਨਲ ਲਿਬਰਟੀ ਦਾ ਸੀ. ਕਾਫੀ ਦੰਗੇ ਹੋਏ. ਖੂਨ ਖਰਾਬੇ ਹੋਏ. 1979 ‘ਚ ਗੋਰਿਆਂ ਨੇ ਸਾਡਾ ਇਕ ਮੁੰਡਾ ਮਾਰ ਦਿੱਤਾ. ਛੋਟੇ ਸੰਹਿਰਾ ‘ਚ, ਬੀ।ਸੀ। ‘ਚ, ਗੋਰਿਆਂ ਨੇ ਸਾਡਾ ਵਰਕਰ ਕੁੱਟ ਦੇਣਾ ਇਕੱਲਾ ਦੇਖ ਕੇ ਜਾਂ ਕਾਰਾਂ ‘ਤੇ ਆਉਂਦੇ ਜਾਂਦੇ. ਆਪਣੇ ਮੁੰਡਿਆਂ ਨੇ ਜੱਥੇਬੰਦ ਹੋ ਕੇ ਜੁਆਬ ‘ਚ ਗੋਰੇ ਕੁੱਟਣੇ ਸੁੰਰੂ ਕੀਤੇ. ਗੁਰਦੁਆਰਿਆਂ ‘ਚ ਨਵੇਂ ਆਇਆਂ ਤੇ ਪੁਰਾਣਿਆਂ ਵਿਚਕਾਰ ਵਿਚਾਰਾਂ ਦੀ ਭੇੜ ਕਰਕੇ ਲੜਾਈ ਹੁੰਦੀ ਸੀ. ਟੀ।ਵੀ।ਅਖਬਾਰਾਂ ‘ਚ ਕਈ ਵੇਰ ਹਿੰਸਾ ਦੀਆ ਵਾਰਦਾਤਾ ਦਿਖਾਈਆਂ ਗਈਆਂ. ਗੋਰਿਆਂ ਨੇ ਸਾਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਕਿ ਇਹ ਤਾਂ ਲੜਾਕੇ ਹਨ.
-“ਹਰਦਿਆਲ ਬੈਂਸ ਨਵਿਆ ਦਾ ਖਾੜਕੂ ਨੇਤਾ ਸੀ, ਵੱਡੇ ਨਾਂ ਵਾਲਾ ਕਾਮਰੇਡ. ਨਵੇਂ ਮੁੰਡੇ ਪੁਰਾਣਿਆ ਦੇ ਰੀਤੀ ਰਿਵਾਜਾਂ ਤੇ ਸਟਾਈਲ ਨੂੰ ਠੀਕ ਨਹੀਂ ਸੀ ਸਮਝਦੇ. ਹਰਦਿਆਲ ਬੈਂਸ ਨੇ ਨਵਿਆਂ ਦੀ ਜੱਥੇਬੰਦੀ ਤਕੜੀ ਕੀਤੀ, ਇਕ ਗਿਰਜਾ ਖ੍ਰੀਦ ਕੇ ਉਹਦੇ ‘ਚ ਦੇਸੰ ਭਗਤ ਟੈਂਪਲ ਬਣਾਇਆ. ਮੇਰੀ ਕਹਾਣੀ ‘ਫੋਜੀ ਬੰਤਾ ਸਿੰਘ’ ਇਸ ਸਟ੍ਰਗਲ ਬਾਰੇ ਹੈ.
–“ਬੈਸ ਨੇ ‘ਈਸਟ ਇੰਡੀਅਨ ਡਿਫੈਂਸ ਕਮੇਟੀ’ ਬਣਾਈ ਸੀ. ਪੁਰਾਣੇ ਨਵਿਆਂ ਨੂੰ ਬਲੇਮ ਕਰਦੇ ਸੀ ਕਿ ਇਨ੍ਹਾਂ ਦੇ ਪੰਗਿਆਂ ਕਰਕੇ ਨਸਲਵਾਦ ਵਧਿਆ ਹੈ. ਮੇਰੇ ਨਾਵਲ ‘ਜੁਗਤੂ’ ਵਿਚ ਵੀ ਇਹਦਾ ਜਿੰਕਰ ਹੈ.”
ਸੁਆਲ: ਹੋਰ ਕਿਹੜੇ ਮਸਲੇ ਸਨ ਜਿਨ੍ਹਾਂ ਨੂੰ ਤੁਸੀਂ ਮੁਖ਼ਾਤਿਬ ਹੋਏ?
–“ਖੇਤ ਮਜਦੂਰਾਂ ਦਾ ਮਸਲਾ ਬੜਾ ਸੰਜ਼ੀਦਾ ਸੀ. ਏਥੇ ਇੰਡੀਆ ਤੋਂ ਆਏ ਆਪਣੇ ਕੁਝ ਤੇਜ਼ ਤਰੀਨ ਬੰਦੇ ਖੇਤਾਂ ‘ਚ ਕੰਮ ਦੇ ਠੇਕੇਦਾਰ ਬਣੇ ਹੋਏ ਸਨ. ਆਪਣੇ ਹੀ ਭਾਈਬੰਦਾਂ ਦਾ ਸ਼ੋਸ਼ਨ ਕਰਦੇ ਸਨ. ਖੇਤਾਂ ‘ਚ ਕੰਮ ਕਰਦੇ ਆਪਣੇ ਬੰਦਿਆਂ ਨੂੰ ਅੱਧੇ ਤੋਂ ਵੀ ਘਟ ਉਜਰਤ ਦਿੱਤੀ ਜਾਂਦੀ. ਜਿੰਨੇ ਵੀ ਏਥੇ ਪੰਜਾਬੀ ਮਿਲੀਨੇਅਰ ਬਣੇ ਹਨ ਉੱਤਰੀ ਅਮਰੀਕਾ ‘ਚ, ਧਾਲੀਵਾਲ ਜਾਂ ਹੋਰ ਕਈ, ਜਾਂ ਗੁਰਦੁਆਰਿਆ ‘ਚ ਜੋ ਨਿਤ ਪਾਠ ਕਰਵਾਂਦੇ ਹਨ। ਜਾਂ ਜਿਨ੍ਹਾਂ ਨੇ ਪੰਜਾਬ ‘ਚ ਮਹਿਲ ਉਸਾਰੇ ਨੇ, ਆਪਣੇ ਬੰਦਿਆਂ ਦਾ ਸੋਸ਼ਨ ਕਰਕੇ ਅਮੀਰ ਬਣੇ ਨੇ.”
ਸੁਆਲ:: ਹੋਰ ਕੋਈ ਅਹਮ ਮਸਲਾ ਤੁਹਾਡੇ ਸਾਹਮਣੇ?
–“ਔਰਤਾਂ ਨਾਲ ਘਰਾਂ ‘ਚ ਤਸ਼ਦਦ ਹੁੰਦਾ ਸੀ- ਜਿਹੜੇ ਲੋਕ 1970ਵਿਆਂ ‘ਚ ਆਏ, 1980 ਤੱਕ ਉਨ੍ਹਾਂ ਦੇ ਪ੍ਰਵਾਰ ਵੀ ਆ ਗਏ. ਪਰਵਾਰ ਆਉਣ ਨਾਲ ਪੰਗੇ ਪੈਣੇ ਸੁੰਰੂ ਹੋ ਗਏ. ਸ਼ਰਾਬ ਵੱਡੀ ਸਮੱਸਿਆ ਬਣ ਗਈ. ਆਪਣੇ ਬੰਦਿਆਂ ਨੇ ਸ਼ਰਾਬੀ ਹੋ ਕੇ ਬੀਵੀਆਂ ‘ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ. ‘ਲਾਈਫ ਸਟਾਈਲ’ ਗਲਤ ਬਣ ਚੁੱਕਾ ਸੀ. ਅਜਿਹੇ ਮਸਲਿਆਂ ਬਾਰੇ ‘ਵਤਨ’ ‘ਚ ਲੇਖ ਲਿਖੇ ਜਾਂਦੇ. ਪਰ ਅਸੀਂ ਥੱਕ ਗਏ.
–“1994 ‘ਚ ‘ਵਤਨ’ ਬੰਦ ਕਰ ਦਿੱਤਾ. ਮਿਹਨਤ ਬਹੁਤ ਜਿੰਆਦਾ ਕਰਨੀ ਪੈਂਦੀ ਸੀ. ਪੈਸੇ ਦੀ ਸਮੱਸਿਆ ਨਹੀਂ ਸੀ, ਪਰ ਥੱਕ ਗਏ. ਥੱਕ ਕੇ ਅਸੀਂ ‘ਸੰਘਰਸੰ ਦੇ ਸੌ ਵਰ੍ਹੇ’ ਕਿਤਾਬ ਤਿਆਰ ਕੀਤੀ.
–“ਬਚਪਨ ਤੋਂ ਮੈਂ ਖੱਬੇਪੱਖੀ ਸਿਆਸਤ ਨਾਲ ਜਜੰਬਾਤੀ ਤੌਰ ‘ਤੇ ਜੁੜਿਆ ਹੋਇਆ ਸੀ. ਮੈਂ ਪੱਕ ਕਰਨੀ ਚਾਹੁੰਦਾ ਸੀ ਕਿ ਮੈਂ ਚੇਤਨ ਤੌਰ ‘ਤੇ ਲੈੱਫਟ ਨਾਲ ਜੁੜਿਆ ਹੋਇਆ ਜਾਂ ਸਿਰਫ ਜਜੰਬਾਤੀ ਤੌਰ ‘ਤੇ. ਮੈਂ ਬੀ।ਏ। ‘ਚ ਮਾਰਕਸੀ ਸੋਚ ਨਾਲ ਤੁਅੱਲਕ ਰੱਖਣ ਵਾਲੇ ਕੋਰਸਾਂ ਦੀ ਚੋਣ ਕੀਤੀ. ਉਦੋਂ ਮੈਂ ਗੋਰਕੀ ਦੇ ਨਾਵਲ ਤੇ ਸਟੇਨਬੈੱਕ ਦੇ ਨਾਵਲ ‘ਗ੍ਰੇਪਸ ਔਫ ਰੌਥ’ ‘ਔਫ ਮਾਈਸ ਐਂਡ ਮੈੱਨ’ ਪੜ੍ਹੇ. ਪੋਸਟ ਆਫਿਸ ‘ਚੋਂ ਲੰਚ ਮਿੱਸ ਕਰ ਦੇਣਾ. ਡੇਢ ਡਾਲਰ ਬਚਾ ਕੇ ਕਿਤਾਬ ਖ੍ਰੀਦਣੀ . 1970ਵਿਆਂ ‘ਚ ਮੈਂ ਚੇਤੰਨ ਪੱਧਰ ‘ਤੇ ਗਲੋਬਲ ਪੱਧਰ ‘ਤੇ ਖੱਬੀ ਲਹਿਰ ਨਾਲ ਜੁੜ ਗਿਆ.
ਅੰਤ ਵਿਚ ਉਹਨੇ ਆਪਣੇ ਬਾਰੇ ਆਪ ਹੀ ਨਿਪਟਾਰਾ ਕਰ ਦਿੱਤਾ:–“ਮੈਂ ਆਪਣੇ ਆਪ ਨੂੰ ਕਦੇ ਲੇਖਕ ਨਹੀਂ ਸਮਝਿਆ; ਮੇਰੀ ਖਾਹਸ਼ ਜਾਣੇ ਜਾਣ ਦੀ ਤਾਂ ਹੈ. ਲਿਖਣਾ ਮੇਰੇ ਜੀਵਨ ਦਾ ਪ੍ਰੋਸੈੱਸ ਹੈ. ਮੇਰਾ ਪੰਜਾਬੀ ਭਾਸ਼ਾ ਨਾਲ ਫਾਰਮਲ ਤੌਰ ‘ਤੇ ਬਹੁਤਾ ਨਾਤਾ ਨਹੀਂ ਜੁੜਿਆ. ਮੇਰੇ ‘ਚ ਭਾਸ਼ਾ ਸੂਝ ਦੀ ਘਾਟ ਰਹੀ ਹੈ. ਜੇ ਮੈਂ ਪੰਜਾਬ ਤੋਂ ਥੋੜ੍ਹੇ ਸਾਲ ਬਾਦ ਆਉਂਦਾ ਤਾਂ ਇਹ ਘਾਟ ਨਹੀਂ ਸੀ ਹੋਣੀ.”
***