ਕਹਾਣੀ

-->
ਕਿਸ ਦਾ ਕਸੂਰ ਵਿੱਚੋਂ ਕਹਾਣੀ - ਫੌਜੀ ਬੰਤਾ ਸਿੰਘ


ਕਿਸ ਦਾ ਕਸੂਰ (ਕਹਾਣੀਅਾਂ: ੨੦੦੧, ੧੯੮੨)

Kis Da Kasur, (Short Stories: 2001,1982)

ਫੌਜੀ ਬੰਤਾ ਸਿੰਘ
ਸਾਧੂ ਬਿਨਿੰਗ

ਬੰਤਾ ਸਿੰਘ ਘਰ ਦੀਆਂ ਪੌੜੀਆਂ ਕੋਲ ਖੜ੍ਹਾ ਨਾ ਦਿਸਿਆ ਘਰ ਬੜਾ ਰੁੱਖਾ ਤੇ ਵੈਰਾਨ ਜਿਹਾ ਲੱਗਾ ਲਿਫਿਆ, ਸਿਆਣਾ ਸਰੀਰ ਸੋਟੀ 'ਤੇ ਝੁਕਾ ਪੌੜੀਆਂ ਕੋਲ ਖੜ੍ਹਾ ਉਹ ਘਰ ਦੇ ਚਿਹਰੇ ਮੋਹਰੇ ਦਾ ਇਕ ਅੰਗ ਹੀ ਤਾਂ ਲੱਗਦਾ ਹੁੰਦਾ ਸੀ ਮੀਂਹ-ਕਣੀ ਹੋਵੇ ਜਾਂ ਬਰਫਵਾਰੀ, ਮੇਰੇ ਆਉਣ ਤੱਕ ਉਹ ਜ਼ਰੂਰ ਆਪਣੀ ਥਾਂ ਖੜ੍ਹਦਾ ਕਦੀ ਉਹ ਆਪਣੇ ਦਸ ਸਾਲ ਪਹਿਲਾਂ ਦੇਸੋਂ ਲਿਆਂਦੇ ਕਾਲੇ ਕੋਟ ਪੈਂਟ ਵਿਚ ਹੁੰਦਾ ਤੇ ਕਦੀ ਮੈਲੇ ਤੇ ਘਸੇ ਹੋਏ ਕੁੜਤੇ ਪਜਾਮੇ ਵਿਚ ਮੈਨੂੰ ਘਰ ਵਲ ਆਉਂਦੇ ਨੂੰ ਸੱਜੇ ਹੱਥ ਦਾ ਸਲੂਟ ਮਾਰਦਾ ਜੇ ਕਦੀ ਸੱਜਾ ਹੱਥ ਸੋਟੀ 'ਤੇ ਝੁਕਾਇਆ ਹੁੰਦਾ ਤਾਂ ਖੱਬੇ ਹੱਥ ਦਾ ਸਲੂਟ ਵੀ ਮਾਰ ਦਿੰਦਾ ਇੰਝ ਕਰਦਾ ਉਹ ਬੜਾ ਹਾਸੋ ਹੀਣਾ ਲਗਦਾ ਤੇ ਹਰ ਵਾਰੀ ਮੇਰਾ ਹਾਸਾ ਨਿਕਲ ਜਾਂਦਾ ਬੰਤਾ ਸਿੰਘ ਵੀ ਬਿਨਾਂ ਕਿਸੇ ਗਿਲੇ ਦੇ ਹਾਸੇ ' ਸ਼ਰੀਕ ਹੋ ਜਾਂਦਾ
ਹਰ ਰੋਜ਼ ਦਸ ਪੰਦਰਾਂ ਮਿੰਟ ਉਹਦੇ ਨਾਲ ਗੱਪਾਂ ਮਾਰਨ ਦੀ ਮੇਰੀ ਵੀ ਆਦਤ ਜਿਹੀ ਬਣ ਗਈ ਸੀ ਉਸ ਸਟਰੀਟ ਦੇ ਬਾਕੀ ਘਰਾਂ ਵਿਚ ਮੈਂ ਤੇਜ਼ੀ ਨਾਲ ਚਿੱਠੀਆਂ ਸੁੱਟਦਾ ਚਲੇ ਜਾਂਦਾ ਪਰ ਉਹਦੇ ਕੋਲ ਜ਼ਰੂਰ ਰੁਕਦਾ, ਭਾਵੇਂ ਕਿੰਨੀ ਵੀ ਕਾਹਲ ਵਿਚ ਹੁੰਦਾ ਲੋਕਾਂ ਦੇ ਰੁੱਖੇ ਵਰਤਾ ਕਾਰਨ ਮੈਨੂੰ ਉਸ ਇਲਾਕੇ ਨਾਲ ਜਿੱਥੇ ਮੈਂ ਪਿਛਲੇ ਛੇਆਂ ਸੱਤਾਂ ਸਾਲਾਂ ਤੋਂ ਡਾਕ ਵੰਡਦਾ ਰਿਹਾ ਸੀ, ਕੋਈ ਦਿਲੀ ਲਗਾਅ ਨਹੀਂ ਸੀ ਲੋਕਾਂ ਦੇ ਸੋਹਣੇ ਸੋਹਣੇ ਸਾਂਭੇ ਸੰਵਾਰੇ ਘਰ ਮੇਰੇ ਲਈ ਫੈਕਟਰੀ ਵਾਂਗ ਹੀ ਸਨ ਜਿੱਥੇ ਮੈਂ ਆਪਣੀ ਰੋਟੀ ਕਮਾਉਂਦਾ ਸੀ ਚਾਰ, ਸਾਢੇ ਚਾਰ ਸੌ ਘਰਾਂ ਵਿਚੋਂ ਪੰਦਰਾਂ ਵੀਹ ਘਰ ਪੰਜਾਬੀਆਂ ਦੇ ਵੀ ਸਨ ਪਰ ਉਹਨਾਂ ਵਿਚੋਂ ਸਿਰਫ ਬੰਤਾ ਸਿੰਘ ਦਾ ਘਰ ਹੀ ਮੇਰੇ ਅੰਦਰ ਕੋਈ ਖਿੱਚ ਰੱਖਦਾ ਸੀ ਪੈਰ ਉੱਤੇ ਸੱਟ ਲੱਗ ਜਾਣ ਕਰਕੇ ਮੈਂ ਦੋ ਕੁ ਮਹੀਨੇ ਕੰਮ 'ਤੇ ਨਹੀਂ ਸੀ ਸਕਿਆ ਤੇ ਅੱਜ ਬੰਤਾ ਸਿੰਘ ਨੂੰ ਉੱਥੇ ਖੜ੍ਹਾ ਨਾ ਦੇਖ ਕੇ ਉਦਾਸ ਜਿਹਾ ਹੋ ਗਿਆ
ਤਿੰਨ ਚਾਰ ਦਿਨ ਬੀਤ ਗਏ ਪਰ ਬੰਤਾ ਸਿੰਘ ਨਾ ਦਿਸਿਆ ਮੈਂ ਸੋਚਿਆ ਸ਼ਾਇਦ ਬੀਮਾਰ ਹੋਵੇ ਜਾਂ ਕਿਧਰੇ ਆਪਣੇ ਛੋਟੇ ਮੁੰਡੇ ਕੋਲ ਨਾ ਚਲੇ ਗਿਆ ਹੋਵੇ ਜਾਂ ਸ਼ਾਇਦ ਹੋ ਸਕਦਾ ਕਿ ਉਹਨੂੰ ਪਤਾ ਨਾ ਹੋਵੇ ਪਈ ਮੈਂ ਹੁਣ ਕੰਮ ਉੱਤੇ ਆਉਂਦਾ ਹਾਂ
ਇਹੋ ਜਿਹੀਆਂ ਸੋਚਾਂ ਸੋਚਦਾ ਜਦ ਉਹਨਾਂ ਦੇ ਘਰ ਕੋਲ ਜਾਂਦਾ ਤਾਂ ਉਹਦੀ ਗੈਰ ਹਾਜ਼ਰੀ ਵਿਚ ਮੈਨੂੰ ਉਹਦੀ ਕੋਈ ਨਾ ਕੋਈ ਗੱਲ ਯਾਦ ਜਾਂਦੀ - ਇਕ ਵਾਰੀ ਮੈਂ ਅਜੇ ਉਹਨਾਂ ਦੇ ਘਰ ਤੋਂ ਅੱਧਾ ਬਲਾਕ ਪਰ੍ਹੇ ਹੀ ਸੀ ਤਾਂ ਉਹ ਸੋਟੀ ਦੇ ਸਹਾਰੇ ਦੌੜਦਿਆਂ ਵਾਂਗ ਮੇਰੇ ਕੋਲ ਅਇਆ, "ਦਾਤਿਓ ਬੜੀ ਦੇਰ ਲਾ ਦਿੱਤੀ ਅੱਜ ਤਾਂ ਮੈਂ ਕਿਹਾ ਹੁਣ ਵੀ ਆਉਂਦੈ ਹੁਣ ਵੀ ਡੁੜ ਘੰਟਾ ਹੋ ਗਿਆ ਹਊ ਉਡੀਕਦੇ ਨੂੰ"
"ਮੈਂ ਤਾਂ ਅੱਗੇ ਵਾਲੇ ਟਾਇਮ ਹੀ ਆਇਆਂ ਤੈਨੂੰ ਕੋਈ ਕਾਹਲੀ ਜਾਪਦੀ , " ਕਹਿੰਦਿਆਂ ਮੈਂ ਅਗਲੇ ਘਰ ਚਿੱਠੀਆਂ ਸੁੱਟਣ ਚਲੇ ਗਿਆ ਤੇ ਉਹ ਸੜਕ 'ਤੇ ਖੜ੍ਹਾ ਬੇਚੈਨ ਲੱਗ ਰਿਹਾ ਸੀ ਬਾਕੀ ਦੇ ਘਰਾਂ ' ਚਿੱਠੀਆਂ ਸੁੱਟ ਕੇ ਮੈਂ ਉਹਦੇ ਕੋਲ ਖੜ੍ਹਿਆ
"ਕੀ ਗੱਲ ਹੋਈ ਅੱਜ ਤਾਂ ਬੜਾ ਘਾਬਰਿਆ ਲਗਦਾਂ?"
"ਘਾਬਰਨਾ ਕਾਹਦਾ ਮੈਂ ਕਿਹਾ ਪਾੜ੍ਹੇ ਨੂੰ ਪੁੱਛਦੇ ਆਂ ਪਈ ਇਹ ਗੱਲ ਸੱਚੀ ਵੀ ਆਹ ਕੱਲ ਚਿੱਠੀ ਆਈ ਸੀ ਗੌਰਮੰਟ ਦੀ ਅਖੇ 'ਚੈੱਕ' ਕਰਨ ਆਉਣਾ ਪਈ ਮੇਰਾ ਖਾਣ-ਪੀਣ ਦਾ ਤੇ ਰਹਿਣ ਦਾ ਖਰਚ ਕਿੰਨਾ ਕੁ ਆਉਂਦਾ ਮੇਰੇ ਕੋਲ 'ਮਨੀ' ਕਿੰਨੀ ਕੁ ਜੁਆਨਾ ਮੇਰੇ ਬੰਕ ' ਥੋਹੜੇ ਜਿਹੇ ਪੈਸੇ ਹੈਗੇ ਮੈਂ ਕਿਹਾ ਪਈ ਜੇ ਕੋਈ ਇਦਾਂ ਦੀ ਗੱਲ ਤਾਂ ਉਰੇ ਪਰੇ ਕਰ ਦਿੰਦੇ ਆਂ" ਗੱਲਾਂ ਕਰਦਾ ਉਹ ਸਹਿਮਿਆਂ ਜਿਹਾ ਦੋਹਾਂ ਹੱਥਾਂ ਦਾ ਭਾਰ ਸੋਟੀ ਉੱਤੇ ਦਈ ਮੋਹਰ ਨੂੰ ਝੁਕਿਆ ਖੜ੍ਹਾ ਸੀ ਮੈਨੂੰ ਗੱਲ ਦੀ ਪੂਰੀ ਸਮਝ ਤਾਂ ਨਾ ਆਈ ਪਰ ਮੈਂ ਕਿਹਾ, "ਐਂਵੀਂ ਤੁਹਾਡੀਆਂ ਸਿਆਣਿਆਂ ਦੀਆਂ ਪੈਨਸ਼ਨਾਂ ਵਧਾਉਣ ਲਈ ਕੋਈ ਸਰਵੇ ਵਗੈਰਾ ਕਰਦੇ ਹੋਣੇ ਆਂ ਤੇਰੇ ਆਪਣੇ ਪੈਸਿਆਂ ਨੂੰ ਕੋਈ ਨੀ ਛੇੜਦਾ ਤੂੰ ਬੇਫਿਕਰ ਰਹਿ"
ਮੇਰੀ ਗੱਲ ਨਾਲ ਉਹਦੀ ਰਤਾ ਤਸੱਲੀ ਨਾ ਹੋਈ ਕਹਿਣ ਲੱਗਾ, "ਤੈਨੂੰ ਨੀ ਪਤਾ ਕਾਕਾ ਇਨ੍ਹਾਂ ਗੋਰਿਆਂ ਦਾ, ਇਨ੍ਹਾਂ ਨੇ ਸਾਡੀ ਹਿੰਦੂਆਂ ਦੀ ਪੈਨਸ਼ੈਨ ਬੰਦ ਕਰਨੀ ਹੋਊ ਇਨ੍ਹਾਂ ਨੂੰ ਪਤਾ ਪਈ ਖਰਚ ਤਾਂ ਅਸੀਂ ਭੋਰਾ ਨਈ ਕਰਦੇ ਇਸ ਕਰਕੇ ਸਮਝਦੇ ਹੋਣੇ ਆਂ ਪਈ ਇਨ੍ਹਾਂ ਪੈਸੇ ਕੀ ਕਰਨੇ ਆਂ"
ਮੈਂ ਉਹਦੀ ਗੱਲ ਸੁਣ ਕੇ ਹੱਸਣ ਲੱਗ ਪਿਆ ਉਹਨੂੰ ਮੇਰਾ ਇੰਝ ਹੱਸਣਾ ਬੜਾ ਅਜੀਬ ਲੱਗਾ ਉਹ ਪੂਰੀ ਸੰਜੀਦਗੀ ਨਾਲ ਕਹਿਣ ਲੱਗਾ, "ਗੱਲ ਹੱਸਣ ਵਾਲੀ ਨੀ ਬਾਬੂ ਜੀ, ਸਾਡੇ ਨਾਲ ਇਦਾਂ ਹੋ ਚੁੱਕੀ ਮੈਂ ਉਦੋਂ ਪਟਿਆਲੇ ਹੁੰਦਾ ਸੀ ਰਸਾਲੇ ' ਸੰਨ ਤੇਤੀ ਦੀ ਗੱਲ ਹੋਣੀ ਆਂ ਸਾਨੂੰ ਹਿੰਦੋਸਤਾਨੀ ਸਿਪਾਹੀਆਂ ਨੂੰ ਜਿੰਨੀ ਤਨਖਾਹ ਮਿਲਦੀ ਅਸੀਂ ਸਾਰੀ ਬਚਾ ਲੈਂਦੇ ਤੇ ਗੋਰੇ ਸਾਰੀ ਦੀ ਸਾਰੀ ਉਡਾ ਦਿੰਦੇ ਅੰਗ੍ਰੇਜ਼ ਨੇ ਸੋਚਿਆ ਪਈ ਇਹ ਹਿੰਦੋਸਤਾਨੀ ਤਾਂ ਪੈਸੇ ਖਰਚਦੇ ਨਹੀਂ ਇਨ੍ਹਾਂ ਵਾਧੂ ਪੈਸੇ ਕੀ ਕਰਨੇ ਆਂ ਲਓ ਜੀ ਉਹਨਾਂ ਸਾਡੀ ਤਨਖਾਹ ਘਟਾ ਦਿੱਤੀ ਤੇ ਗੋਰਿਆਂ ਦੀ ਵਧਾ ਦਿੱਤੀ"
ਮੈਨੂੰ ਬੰਤਾ ਸਿੰਘ ਦੀ ਅਜੀਬ ਦਲੀਲ ਨੇ ਲਾ-ਜਵਾਬ ਕਰ ਦਿੱਤਾ ਮੈਂ ਬੜੀ ਮੁਸ਼ਕਲ ਨਾਲ ਉਹਨੂੰ ਸਮਝਾਇਆ ਪਈ ਤੇਰੇ ਬੈਂਕ ਦੇ ਪੈਸੇ ਅੱਵਲ ਤਾਂ ਉਹ ਦੇਖ ਨਹੀਂ ਸਕਦੇ, ਜੇ ਤੂੰ ਉਹਨਾਂ ਨੂੰ ਦੱਸ ਵੀ ਦੇਵੇਂ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਹ ਮੇਰੇ ਆਖੇ ਮੰਨ ਤਾਂ ਗਿਆ ਪਰ ਉਹਦੇ ਚਿਹਰੇ ਤੋਂ ਲੱਗਦਾ ਸੀ ਕਿ ਉਹਦੇ ਅੰਦਰ ਪੈਸੇ ਘਟਣ ਦਾ ਡਰ ਜਿਓਂ ਦਾ ਤਿਓਂ ਕਾਇਮ ਸੀ ਬੰਤਾ ਸਿੰਘ ਨੇ ਦੋਹਾਂ ਵੱਡੀਆਂ ਲੜਾਈਆਂ ਦੇ ਦੌਰਾਨ ਸੋਲ੍ਹਾਂ ਸਾਲ ਅੰਗ੍ਰੇਜ਼ ਫੌਜ ਦੀ ਨੌਕਰੀ ਕੀਤੀ ਹੋਈ ਸੀ ਹੁਣ ਤਾਂ ਉਹਨੂੰ ਰੀਟਾਇਰ ਹੋਏ ਨੂੰ ਵੀ ਚਾਲੀ ਸਾਲ ਤੋਂ ਉੱਪਰ ਹੋ ਚੁੱਕੇ ਸਨ, ਪਰ ਉਹਦੀ ਗੱਲਬਾਤ, ਰੰਗ ਢੰਗ ' ਫੌਜੀ ਪੁਣਾ ਪੂਰੀ ਤਰ੍ਹਾਂ ਕਾਇਮ ਸੀ ਗੁਰਦੁਆਰੇ, ਜਿੱਥੇ ਉਹਦੇ ਵਰਗੇ ਹੋਰ ਸਿਆਣੇ ਬੈਠੇ ਗੱਲਾਂ ਮਾਰਦੇ, ਉਹ ਉਹਨਾਂ ' ਕਦੀ ਵੀ ਰਚਦਾ ਮਿਚਦਾ ਨਹੀਂ ਸੀ ਰੋਜ਼ ਇਕ ਅੱਧ ਵਾਰ ਉੱਥੇ ਜਾਂਦਾ ਜ਼ਰੂਰ, ਪਰ ਕਦੀ ਕਿਸੇ ਨਾਲ, ਕਦੀ ਕਿਸੇ ਨਾਲ ਲੜ-ਝਗੜ ਕੇ ਮੁੜ ਆਉਂਦਾ ਬਾਕੀ ਦੇ ਤਕਰੀਬਨ ਸਾਰੇ ਸਿਆਣੀ ਉਮਰ ਦੇ ਬੰਦੇ ਪਿੰਡਾਂ 'ਚੋਂ ਖੇਤੀ ਕਰਦੇ ਆਏ ਹੋਏ ਸਨ ਤੇ ਇਹ ਆਪਣੇ ਆਪ ਨੂੰ ਉਹਨਾਂ ' ਫੌਜੀ ਹੋਣ ਕਰਕੇ ਜ਼ਰਾ ਚੌਧਰੀ ਸਾਬਤ ਕਰਨ ਦੀ ਕੋਸਿੰਸ਼ ਕਰਦਾ ਉਹ ਪਿੰਡਾਂ ਦੇ ਸ਼ਿਕਾਰੀ ਬੁੜ੍ਹੇ, ਗੱਪਾਂ ਦੇ ਪੁੱਜ ਕੇ ਮਾਹਿਰ, ਬੰਤਾ ਸਿੰਘ ਨੂੰ ਉਹ ਪਲਾਂ ' ਹੀ ਉਥੋਂ ਭਜਾ ਦਿੰਦੇ ਮੂੰਹ ' ਉਹਨਾਂ ਨੂੰ ਗਾਲ੍ਹਾਂ ਕੱਢਦਾ ਉਹ ਸੋਟੀ ਖੜਕਾਉਂਦਾ ਘਰ ਵਲ ਨੂੰ ਤੁਰ ਪੈਂਦਾ ਇਕ ਦਿਨ ਗੁਰਦੁਆਰਿਓਂ ਆਉਂਦਾ ਮਿਲਿਆ ਤਾਂ ਮੈਂ ਪੁੱਛਿਆ, "ਬਾਬਾ ਅੱਜ ਤਾਂ 'ਮੂਡ' ਖਰਾਬ ਹੋਇਆ ਲਗਦਾ, ਕੀ ਗੱਲ ਹੋਈ ?"
"ਗੱਲ ਕੀ ਹੋਣੀ ਆਂ ਯਾਰ, ਆਹ ਜਿਹੜੇ ਗੁਰਦੁਆਰੇ ਬੁੜ੍ਹੇ ਬੈਠੇ ਹੁੰਦੇ ਨਾ, ਐਨੇ ਗੰਦੇ ਬੰਦੇ, ਤੋਬਾ ਰੱਬ ਦੀ ਦੇਖੋ ਯਾਰੋ ਗੁਰੂ ਘਰ ਬੈਠ ਕੇ ਰਤਾ ਭੈਅ ਨਈਂ ਖਾਂਦੇ ਉੱਪਰਲਾ ਸੱਭ ਦੇਖਦਾ ਚੱਕੂ ਇਹਨਾਂ ਨੂੰ ਇਕ ਦਿਨ ਛੇਤੀ ਕਰੂ ਇਹਨਾਂ ਦੀ ਗੰਦੀ ਜ਼ਬਾਨ ਬੰਦ" ਤੇ ਬੰਤਾ ਸਿੰਘ ਬੁੜਬੜਾਉਂਦਾ ਮੈਨੂੰ ਕੋਈ ਗੱਲ ਦੱਸੇ ਬਿਨਾਂ ਹੀ ਚਲੇ ਗਿਆ ਪਿਛਿਓਂ ਮੈਂ ਗੁਰਦੁਆਰਿਓਂ ਨਿਕਲਦੇ ਕਾਲੀ ਪੱਗ ਵਾਲੇ ਬਾਬੇ ਤੇਜੇ ਨੂੰ ਪੁੱਛਿਆ, "ਬਾਬਾ ਅੱਜ ਫੌਜੀ ਨੂੰ ਬੜਾ ਭਜਾਇਆ ਬਈ" ਤੇਜਾ ਪੁਰਾਣਾ ਕਨੇਡੀਅਨ ਸੀ, ਮੇਰੀ ਗੱਲ ਸੁਣ ਕੇ  ਹੱਸ ਪਿਆ, "ਜੁਆਨਾ ਗੱਲ ਕੀ ਹੋਣੀ ਆਂ - ਯੂ ਨੋਅ, ਫੌਜੀ ਕਿਸੇ ਹੋਰ ਨੂੰ ਗੱਲ ਥੋੜ੍ਹੋ ਕਰਨ ਦਿੰਦੈ ਜਦੋਂ ਲੱਗ ਪਵੇ ਫੌਜ ਦੀਆਂ ਕਰਨ ਅੱਜ ਵੀ ਲੱਗਾ ਸੀ ਹਮਕੋ ਤੁਮਕੋ ਕਰਨ ਮੂਹਰਿਓਂ ਬਿਸ਼ਨਾ ਲੰਬੜ ਵੀ ਯੂ ਨੋਅ ਪੂਰਾ 'ਡਰਟੀ ਮਾਂਈਡਡ' , ਫੌਜੀ ਨੂੰ ਕਹਿਣ ਲੱਗਾ, 'ਬੁੜੂਆ ਜਿਹਾ, ਇੱਥੇ ਕੇ ਸਾਡੀ ਪਰੇਡ ਕਰਾਉਂਦਾ ਰਹਿੰਨਾ, ਬੁੜੀ ਤੇਰੀ ਨੂੰ ਮੁੰਡੇ ਨੇ ਕਦੀ ਬੇਸਮੈਂਟ ' ਵੀ ਆਉਣ ਦਿੱਤਾ ਕਦੇ' ਬੰਤਾ ਸਿਓਂ ਇਸ ਗੱਲ ਤੋਂ ਬਹੁਤ ਚਲਦੈ, ਬਸ ਗਾਲ੍ਹਾਂ ਕੱਢਦਾ ਭੱਜ ਗਿਆ ਸਾਰੇ ਜਣੇ ਰਲ ਕੇ ਫੌਜੀ ਨੂੰ ਛੇੜਦੇ ਵੀ ਬਹੁਤ , ਯੈ ਨੋਅ" ਲੱਗਦਾ ਸੀ ਤੇਜੇ ਨੇ ਆਖਰੀ ਗੱਲ ਦਿਲੋਂ ਬੰਤਾ ਸਿੰਘ ਦੀ ਹਮਾਇਤ ' ਆਖੀ ਸੀ
ਦਰਅਸਲ ਇਸ ਗੱਲ ਤੋਂ ਬੰਤਾ ਸਿੰਘ ਵਾਕਿਆ ਬਹੁਤ ਖਿੱਝਦਾ ਸੀ ਇਕ ਵਾਰੀ ਉਹਨੇ ਮੈਨੂੰ ਦੱਸਿਆ, "ਇਹ ਮੇਰਾ ਮੁੰਡਾ ਬੜਾ ਮਾਤਰ...   ਊਂ ਦੋ ਵੇਲੇ ਪਾਠ ਕਰੂ ਨਾਲੇ ਐਂ ਦਾਹੜੀ ਖੁਰਕੀ ਜਾਉ ਬੁੜੀ ਨੂੰ ਹੁਕਮ ਚਾੜ੍ਹਿਆ ਪਈ ਉੱਪਰ ਰਹੂ ਥੱਲੇ ਨਹੀਂ ਜਾ ਸਕਦੀ ਉਹਦੀ ਚੈੱਕ ਵੀ ਆਪ ਹੀ ਕੈਸ਼ ਕਰਾਉਂਦਾ ਉਹ ਵਿਚਾਰੀ ਉੱਤੇ ਬੈਠੀ ਪਾਠ ਕਰਦੀ ਰਹਿੰਦੀ ਸਾਰਾ ਦਿਨ ਮੈਂ ਵੀ ਪਹਿਲਾਂ ਜਦੋਂ ਸਾਰੀ ਚੈੱਕ ਦੇ ਦਿੰਦਾ ਸੀ ਤਾਂ ਉੱਪਰ ਜਾ ਆਉਂਦਾ ਸੀ ਰੋਟੀ ਵੀ ਮੇਜ਼ 'ਤੇ ਬਹਿ ਕੇ ਖਾ ਲੈਂਦਾ ਸੀ ਹੁਣ ਮੈਂ ਸੌ ਡਾਲਰ ਮਹੀਨੇ ਦਾ ਦਿੰਦਾਂ ਤਾਂ ਬਸ ਭੁੱਜਿਆ ਪਿਆ ਮੁੰਡੇ ਹੱਥ ਥੱਲੇ ਰੋਟੀ ਭੇਜ ਦਉ ਪਹਿਲਾਂ ਉੱਤੇ ਬਾਥਰੂਮ ਵੀ ਜਾ ਆਈਦਾ ਸੀ, ਕਿਤੇ ਟੱਬ ' ਬੈਠ ਕੇ ਨਹਾ ਧੋ ਲਈਦਾ ਸੀ ਹੁਣ ਤਾਂ ਥੱਲੇ ਸ਼ਾਵਰ ਲੈਣਾ ਪੈਂਦਾ, ਉਹ ਵੀ ਜੇ ਕਿਤੇ ਵੇਹਲਾ ਮਿਲ ਜਾਏ ਤਾਂ - ਭੈਣ ਦੇਣੀ ਦੇ ਗੋਰੇ ਰੱਖੇ ਹੋਏ ਬੇਸਮਿੰਟ ' ਮੇਰੇ ਕੋਲ ਤਾਂ ਇਕ ਹੀ ਸੜਿਆ ਜਿਹਾ ਰੂਮ ਬਸ਼ ਦੋ ਘਰ ਹੋਰ ਲਏ ਹੋਏ ਇਹਨੇ, ਖਬਰੇ ਸਾਲੇ ਨੇ ਇੰਨਾ ਪੈਸਾ ਕੀ ਕਰਨਾ ਆਂ ...  ਕੁੱਤੀ ਔਲਾਦ"
ਬੰਤਾ ਸਿੰਘ ਮੇਰੇ ਕੋਲ ਆਪਣੇ ਮੁੰਡਿਆਂ ਨੂੰ ਖੂਬ ਗਾਲ੍ਹਾਂ ਕੱਢਦਾ ਉਹਦਾ ਇਕ ਮੁੰਡਾ ਬਾਹਰ ਕਿਸੇ ਹੋਰ ਟਾਊਨ ਵਿਚ ਰਹਿੰਦਾ ਸੀ ਦੋ ਤਿੰਨ ਸਾਲ ਉਹ ਉਹਦੇ ਕੋਲ ਰਿਹਾ ਸੀ ਫੇਰ ਉਹਦੇ ਨਾਲ ਖੜਕ ਪਈ ਤਾਂ ਇੱਥੇ ਵੱਡੇ ਕੋਲ ਗਿਆ
ਜਦੋਂ ਉਹ ਇੱਥੇ ਪਹਿਲਾਂ ਪਹਿਲਾਂ ਅਇਆ ਤਾਂ ਇਕ ਦੋ ਦਿਨ ਤਾਂ ਦੂਰੋਂ ਹੀ ਖੜ੍ਹਾ ਮੇਰੀ ਵਲ ਦੇਖਦਾ ਰਿਹਾ ਫੇਰ ਇਕ ਦਿਨ ਜਦ ਮੈਂ ਉਹਨਾਂ ਦੇ ਘਰ ਚਿੱਠੀਆਂ ਸੁੱਟ ਕੇ ਪੌੜੀਆਂ ਉੱਤਰ ਰਿਹਾ ਸੀ ਤਾਂ ਉਹਨੇ ਝਕਦਿਆਂ ਝਕਦਿਆਂ ਪਹਿਲਾਂ ਸਿਰ ਦੇ ਇਸ਼ਾਰੇ ਨਾਲ ਫੇਰ ਹੌਲੀ ਦੇਣੀ ਹੈਲੋ ਕਹੀ ਮੈਂ ਉਹਦੀ ਘਬਰਾਹਟ ਸਮਝ ਆਗੋਂ ਹੱਸ ਕੇ ਕਿਹਾ, "ਸੁਣਾਓ ਫੇਰ ਬਾਬਾ ਜੀ ਕੀ ਹਾਲ ਚਾਲ ?" ਤਾਂ ਸੁਣ ਕੇ ਉਹ ਹਿੰਮਤ ਨਾਲ ਮੇਰੀ ਵਲ ਅਇਆ ਤੇ ਰੂਹ ਤੱਕ ਖੁਸ਼ ਹੁੰਦਿਆਂ ਉਹਨੇ ਮੇਰੇ ਨਾਲ ਹੱਥ ਮਿਲਾਇਆ ਜਿਵੇਂ ਕੋਈ ਜਨਮਾਂ ਦਾ ਵਿਛੜਿਆ ਹੋਇਆ ਮਿਲ ਗਿਆ ਹੋਵੇ ਖੁਸ਼ੀ ਨਾਲ ਉਹਨੇ ਮੇਰਾ ਮੋਢਾ ਥਪਥਪਾਇਆ ਤੇ ਬੋਲਿਆ, "ਮੈਂ ਤਾਂ ਕਿਹਾ ਖਬਰੀਂ ਕੋਈ ਫੜੀ ਫੀਜੀ ਦਾ ਭਾਈ ਹੋਣਾਂ ਆਂ ਪਰ ਤੂੰ ਤਾਂ ਜੁਆਨਾ ਆਪਣਾ ਬੰਦਾ ਨਿਕਲਿਆ - ਆਹ ਤਾਂ ਬੜੀ ਮੌਜ ਹੋਈ ਕਿਹੜਾ ਪਿੰਡ ਪਿੱਛੇ ਜੁਆਨਾ ਪੰਜਾਬ '?" "ਮੇਰਾ ਪਿੰਡ ਜਲੰਧਰ ਕੋਲ ਬਾਬਾ ਜੀ" ਉਹ ਸੁਣ ਕੇ ਥੋੜ੍ਹਾ ਜਿਹਾ ਨਿਰਾਸ਼ ਹੋਇਆ ਲੱਗਦਾ ਸੀ ਪਰ ਫੇਰ ਖੁਸ਼ ਹੋ ਕੇ ਕਹਿਣ ਲੱਗਾ, "ਚਲੋ ਪ੍ਰਦੇਸਾਂ ' ਕੀ ਇਕੋ ਗੱਲ "
ਉਸ ਦਿਨ ਤੋਂ ਪਿੱਛੋਂ ਅਸੀਂ ਉਮਰਾਂ ਦੇ ਫਰਕ ਨੂੰ ਅਨਗੌਲਿਆ ਕਰਕੇ ਦੋਸਤ ਬਣ ਗਏ ਅਸੀਂ ਦੇਸ, ਧਰਮ, ਸਿਆਸਤ, ਇਥੋਂ ਦੇ ਪੰਜਾਬੀ ਮੁੰਡੇ ਕੁੜੀਆਂ ਬਾਰੇ, ਗੱਲ ਕੀ ਹਰ ਵਿਸ਼ੇ ਬਾਰੇ ਗੱਲਾਂ ਕਰਦੇ ਉਹ ਗੁਰਦੁਆਰਿਆਂ ਦੀਆਂ, ਉਥੇ ਬਹਿੰਦੇ ਉਹਦੇ ਵਰਗੇ ਸਿਆਣੀ ਉਮਰ ਦੇ ਬੰਦਿਆਂ ਦੀਆਂ ਖਬਰਾਂ ਬੜੇ ਦਿਲਚਸਪ ਤਰੀਕੇ ਨਾਲ ਸੁਣਾਉਂਦਾ ਵੈਨਕੂਵਰ ਤੇ ਆਸ ਪਾਸ ਦੇ ਪੰਜਾਬੀਆਂ ਦੀਆਂ ਖਾਸ ਕਰ ਗੁਰਦੁਆਰੇ ਵਾਪਰਦੀਆਂ ਘਟਨਾਵਾਂ ਦਾ ਉਹਨੂੰ ਪੂਰਾ ਗਿਆਨ ਹੁੰਦਾ ਉਹਦੇ ਘਰ ਦੇ ਨੇੜੇ ਜਿਹੜਾ ਗੁਰਦੁਆਰਾ ਪੈਂਦਾ ਸੀ ਉਹ ਇਲਾਕੇ ' ਮੋਢੀ ਗੁਰਦੁਆਰਾ ਮੰਨਿਆਂ ਜਾਂਦਾ ਸੀ ਮੋਢੀ ਗੁਰਦੁਆਰੇ ਦੇ ਮੋਢੀਆਂ ਦੀ ਅਕਸਰ ਕਿਸੇ ਨਾ ਕਿਸੇ ਗੱਲੇ ਆਏ ਦਿਨ ਜੁੱਤੀ ਖੜਕਦੀ ਰਹਿੰਦੀ ਤੇ ਬੰਤਾ ਸਿੰਘ ਲੜਾਈ ਦੀਆਂ ਖਬਰਾਂ ਬੜੀਆਂ ਚੁਸਕੀਆਂ ਲੈ ਲੈ ਕੇ ਸੁਣਾਉਂਦਾ ਖਬਰਾਂ ਦੇ ਨਾਲ ਨਾਲ ਮੋਢੀਆਂ ਨੂੰ ਗਾਲ੍ਹਾਂ ਕੱਢ ਕੱਢ ਆਪਣਾ ਗੁੱਸਾ ਵੀ ਠੰਡਾ ਕਰਦਾ ਉਹਦੀਆਂ ਗਾਲ੍ਹਾਂ ਵਿਚੋਂ ਉਹਦੇ ਮਨ ਦਾ ਦੁੱਖ ਤੇ ਗੁੱਸਾ ਝਾਕਦਾ, ਜਿਹੜਾ ਉਹ ਸਿੱਖ ਧਰਮ ਦੀ ਹੁੰਦੀ ਬੇਪਤੀ 'ਤੇ ਮਹਿਸੂਸ ਕਰਦਾ ਗੁਰਦੁਆਰੇ ਦੇ ਪ੍ਰਬੰਧਕਾਂ 'ਤੇ ਇਕ ਗੱਲ ਦਾ ਉਹਨੂੰ ਸੱਭ ਤੋਂ ਵੱਧ ਦੁੱਖ ਸੀ  'ਤੇ ਉਹ ਬਹੁਤ ਵਾਰੀ ਇਸਦੀ ਚਰਚਾ ਕਰਦਾ, "ਸਰਦਾਰ ਜੀ, ਜਿਹੜੀ ਕੌਮ ਆਪਣੇ ਵੱਡਿਆਂ ਵਡੇਰਿਆਂ ਦੀਆਂ ਥਾਵਾਂ ਨੂੰ ਨਹੀਂ ਸੰਭਾਲ ਸਕਦੀ ਉਹਦਾ ਤਾਂ ਰੱਬ ਰਾਖਾ ਇਹ ਸਾਡੇ ਚੌਧਰੀ ਤਾਂ ਪਤਾ ਨੀ ਭੈਣ ਦੇਣੀ ਦੇ ਕੀ ਸੋਚਦੇ , ਸੌਹਰਿਆਂ ਮੇਰਿਆਂ ਨੇ ਪਤਾ ਨੀ ਕਿਹੜੇ ਲਾਲਚ ਨੂੰ ਬਾਬੇ ਦੀ ਥਾਂ ਵੇਚ ਕੇ ਔਹ ਮਾਰੀ, ਪਈ ਦੱਸੋ ਸਾਲਿਓ ਮੇਰਿਓ ਸਿੱਖ ਸੰਗਤ ਮਰ ਗਈ ਸੀ, ਜਿੰਨੀ ਮਰਜੀ ਮਾਇਆ ਮੰਗ ਲੈਂਦੇ ਓਸ ਮਹਾਨ ਇਤਿਹਾਸਕ ਥਾਂ ਨੂੰ ਤਾਂ ਸਾਂਭ ਰੱਖਦੇ..." ਫੇਰ ਉਹ ਗਾਲ੍ਹਾਂ ਕੱਢਦਾ ਹੌਲੀ ਹੌਲੀ ਘਰ ਵਲ ਨੂੰ ਤੁਰ ਪੈਂਦਾ
ਇਕ ਵਾਰੀ ਉਹ ਬੜਾ ਘਬਰਾਇਆ ਜਿਹਾ ਮੇਰੇ ਕੋਲ ਆਇਆ ਤੇ ਰਾਜ-ਭਰੇ ਅੰਦਾਜ਼ ਵਿਚ ਕਹਿਣ ਲੱਗਾ, "ਮੱਲਿਆ ਆਹ ਵੀਕ ਐਂਡ 'ਤੇ ਗੁਰਦੁਆਰੇ ਚਲਣਾ ਫੇਰ ਜ਼ਰੂਰ" ਮੈਂ ਸਮਝਿਆ ਸ਼ਾਇਦ ਕੋਈ ਇਹਨਾਂ ਨੇ ਅਖੰਡਪਾਠ ਰਖਾਇਆ ਹੋਊ ਜਾਂ ਕਿਸੇ ਦਾ ਵਿਆਹ ਹੋਵੇਗਾ ਮੈਂ ਤਸੱਲੀ ਕਰਨ ਲਈ ਪੁੱਛਿਆ, "ਕੋਈ ਆਪਣਾ ਪ੍ਰੋਗਰਾਮ ਬਾਬਾ ਜੀ?"
"ਨਹੀਂ ਭਾਈ ਆਪਣਾ ਤਾਂ ਕੋਈ ਨੀ ਸਗੋਂ ਸਾਰੀ ਸੰਗਤ ਦਾ ਤੂੰ ਪਹੁੰਚੀ ਜ਼ਰੂਰ"
ਮੇਰੇ ਦੁਬਾਰਾ ਪੁੱਛਣ 'ਤੇ ਆਲਾ ਦੁਆਲਾ ਦੇਖ ਕੇ ਕਹਿਣ ਲੱਗਾ, " ਕਾਕਾ ਵੱਡੇ ਗੁਰਦੁਆਰੇ ਲੈਕਸ਼ਨ ਕੱਲ੍ਹ ਨੂੰ
ਪਤਾ ਲੱਗਾ ਪਈ ਕੌਮਨਿਸ਼ਟ ਗੁਰੂ ਘਰ 'ਤੇ ਕਬਜ਼ਾ ਕਰਨਾ ਚਾਹੁੰਦੇ ਬਸ ਉਹਨਾਂ ਦਾ ਕਬਜ਼ਾ ਨਹੀਂ ਹੋਣ ਦੇਣਾ"
"ਨਾਲੇ ਰੋਜ਼ ਚੌਧਰੀਆਂ ਨੂੰ ਨਿੰਦਦਾ ਰਹਿੰਨਾ ਹੁਣ ਹੋਣ ਦੇ ਬਦਲੀ ਉਹਨਾਂ ਦੀ", ਮੈਂ ਬਾਬੇ ਤੋਂ ਹੋਰ ਗੱਲਬਾਤ ਜਾਨਣ ਦੇ ਇਰਾਦੇ ਨਾਲ ਕਿਹਾ
"ਬੰਦੇ ਤਾਂ ਉਹ ਮਾੜੇ ਪਰ ਚਲ ਆਪਣਾ ਕੀਤਾ ਪਾਉਣਗੇ ਪਰ ਉਹ ਘੱਟੋ ਘੱਟ ਰੱਬ ' ਤਾਂ ਯਕੀਨ ਰੱਖਦੇ , ਤੇ ਇਹ ਕੌਮਨਿਸ਼ਟ ਤਾਂ ਰੱਬ ਨੂੰ ਨਹੀਂ ਮੰਨਦੇ ਇਹ ਤਾਂ ਗੁਰਦੁਆਰਿਆਂ ਨੂੰ ਵੇਚ ਵੱਟ ਕੇ ਖਾ ਜਾਣਗੇ"
ਮੈਂ ਉਹਦੀ ਸਿਆਸਤ ਬਾਰੇ ਉਹਨੂੰ ਕਈ ਕੁਝ ਕਹਿਣਾ ਚਾਹੁੰਦਾ ਸੀ ਪਰ ਮੈਂ ਉਹਦੇ ਇਮਾਨਦਾਰ ਜਿਹੇ ਮੂੰਹ ਵਲ ਦੇਖ ਕੇ ਚੁੱਪ ਕਰ ਰਿਹਾ
ਆਲੇ ਦੁਆਲੇ ਦੀਆਂ ਗੱਲਾਂ ਦੇ ਨਾਲ ਨਾਲ ਬੰਤਾ ਸਿੰਘ ਮੇਰੇ ਨਾਲ ਦਿਲ ਦੀਆਂ ਗੱਲਾਂ ਵੀ ਕਰ ਲੈਂਦਾ ਉਹਦੀਆਂ ਕਈ ਗੱਲਾਂ ਨਿਆਣਿਆਂ ਵਰਗੀਆਂ ਇੰਨੀਆਂ ਅਜੀਬ ਹੁੰਦੀਆਂ, ਮੇਰਾ ਦਿਲ ਕਰਦਾ ਕਿ ਉਹ ਇਕ ਨਿੱਕਾ ਜਿਹਾ ਨਿਆਣਾ ਹੋਵੇ ਤਾਂ ਮੈਂ ਉਹਨੂੰ ਚੁੱਕ ਕੇ ਖੂਬ ਖਿਡਾਵਾਂ ਜਿਵੇਂ ਇਕ ਦਿਨ ਉਹ ਡਾਊਨ ਟਾਊਨ ਗਿਆ ਤਾਂ ਉਥੋਂ ਕਿਸੇ ਸੈਕਿੰਡ ਹੈਂਡ ਚੀਜ਼ਾਂ ਦੇ ਸਟੋਰ ਵਿਚੋਂ ਇਕ ਫੌਜੀਆਂ ਵਾਲੀ ਸੋਟੀ ਖ੍ਰੀਦ ਲਿਆਇਆ ਉਸ ਸੋਟੀ ਦੇ ਸਿਰੇ 'ਤੇ ਹੱਥ ਪਾਉਣ ਲਈ ਬਹੁਤ ਸੋਹਣਾ ਹੈਂਡਲ ਬਣਿਆਂ ਹੋਇਆ ਸੀ ਜਿਹਦੀਆਂ ਦੋ ਫਾਕੜਾਂ ਦੋਹਾਂ ਪਾਸਿਆਂ ਨੂੰ ਖੁਲ੍ਹ ਜਾਂਦੀਆਂ ਸਨ ਤੇ ਉਹਨਾਂ ਉੱਪਰ ਬੜੇ ਆਰਾਮ ਨਾਲ ਬੈਠਿਆ ਜਾ ਸਕਦਾ ਸੋਟੀ ਦਾ ਇਕ ਸਿਰਾ ਤਿੱਖਾ ਸੀ ਜਿਹੜਾ ਜ਼ਮੀਨ ਵਿਚ ਧੱਸ ਜਾਂਦਾ ਬੰਤਾ ਸਿੰਘ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ ਮੈਨੂੰ ਉਹ ਆਪਣੇ ਘਰ ਤੋਂ ਉਰੇ ਮਿਲਿਆ ਸੜਕ ਕੰਢੇ ਘਾਹ ' ਸੋਟੀ ਗੱਡ ਕੇ ਤੇ ਹੱਥੜੀ ਖੋਹਲ, ਸੋਟੀ ਦੀਆਂ ਲੱਤਾਂ ਥੋਹੜ੍ਹੀਆਂ ਪਾਸਿਆਂ ਨੂੰ ਖੋਹਲ ਕੇ, ਹੱਥੜੀ ਉੱਪਰ ਪਿੱਛਾ ਟਿਕਾ, ਗੋਡਿਆਂ ਉੱਪਰ ਹੱਥ ਰੱਖ ਕੇ ਬਹਿ ਕੇ ਉਹ ਨਿਆਣਿਆਂ ਵਾਂਗ ਮੇਰੇ ਵਲ ਝਾਕਣ ਲੱਗਾ ਉਹਦਾ ਚਿੱਟੀ ਦਾਹੜੀ ਵਾਲਾ ਚੇਹਰਾ ਖੁਸ਼ੀ ' ਲਾਲ ਹੋਇਆ ਪਿਆ ਸੀ ਮੈਂ ਹੈਰਾਨ ਹੋਇਆ ਉਹਦੇ ਅੱਗੇ ਖੜਾ ਸਾਂ ਉਹਨੇ ਸਿਰ ਨੂੰ ਉੱਪਰ ਨੂੰ ਜੁੰਬਸ਼ ਦਿੰਦਿਆਂ ਕਿਹਾ, "ਕਿਓਂ, ਹੁਣ ਦੱਸ? ਆਹ ਸਰਦਾਰ ਜੀ ਖ੍ਰੀਦ - ਪੰਤਾਲੀਆਂ ਸਾਲਾਂ ਦੀ ਇਹ ਮੇਰੀ ਹਿੱਕ ' ਰੜਕਦੀ ਸੀ ਸਾਡੇ ਅੰਗ੍ਰੇਜ਼ ਅਫਸਰਾਂ ਕੋਲ ਹੁੰਦੀਆਂ ਸੀ ਇਹੋ ਜਿਹੀਆਂ ਭੈਣ ਦੇਣੀ ਦੇ ਜਿਥੇ ਮਰਜੀ ਗੱਡ ਕੇ ਚਿਤੜ ਟਿਕਾ ਬਹਿ ਜਾਂਦੇ ਸੀ" ਸੋਟੀ ਨੂੰ ਹੱਥ ' ਫੜੀ ਪਲੋਸਦਾ ਉਹ ਆਪਣੇ ਫੌਜੀ ਜੀਵਨ ਦੀਆਂ ਕਹਾਣੀਆਂ ਸੁਣਾਉਣ ਲੱਗ ਪਿਆ
ਕਦੀ ਕਦੀ ਉਹ ਫੌਜ ਵੇਲੇ ਦੀਆਂ ਗੱਲਾਂ ਬੜ੍ਹੀਆਂ ਵਧਾ ਚੜ੍ਹਾ ਕੇ ਕਰਦਾ ਤੇ ਜਾਪਦਾ ਜਿਵੇਂ ਹਰ ਗੱਲ ਰੋਅਬ ਪਾਉਣ ਲਈ ਹੀ ਕਰ ਰਿਹਾ ਹੋਵੇ ਇਕ ਵਾਰੀ ਉਹਦੀਆਂ ਗੱਲਾਂ ਤੋਂ ਅੱਕ ਕੇ ਮੈਂ ਉਹਨੂੰ ਕਹਿ ਬੈਠਾ, "ਬਾਬਾ, ਜਦੋਂ ਜੈਤੋਂ ਦਾ ਮੋਰਚਾ ਲੱਗਾ ਸੀ ਉਦੋਂ ਵੀ ਤੂੰ ਅੰਗ੍ਰੇਜ਼ਾਂ ਦੀ ਫੌਜ ਵਿਚ ਸੀ ਜਦੋਂ ਭਗਤ ਸਿੰਘ ਨੂੰ ਫਾਂਸੀ ਲੱਗੀ ਉਦੋਂ ਵੀ ਤੂੰ ਉਹਨਾਂ ਦੀ ਫੌਜ ਵਿਚ ਸੀ" ਮੈਨੂੰ ਆਪ ਵੀ ਪੱਕਾ ਪਤਾ ਨਹੀਂ ਸੀ ਪਈ ਮੈਂ ਇਹ ਗੱਲ ਕਿਉਂ ਕੀਤੀ, ਪਰ ਲਗਦਾ ਸੀ ਜਿਵੇਂ ਉਹਨੂੰ ਮੇਰੀ ਕਹੀ ਗੱਲ ਦੀ ਸਮਝ ਗਈ ਹੋਵੇ ਫੇਰ ਉਹਨੇ ਮੇਰੇ ਕੋਲ ਰੋਅਬ ਪਾਉਣ ਵਾਲੀਆਂ ਗੱਲਾਂ ਕਰਨੀਆਂ ਛੱਡ ਦਿੱਤੀਆਂ
ਬੰਤਾ ਸਿੰਘ ਦੀ ਘਰ ਦੇ ਕਿਸੇ ਵੀ ਜੀਅ ਨਾਲ ਪੂਰੀ ਤਰ੍ਹਾਂ ਬਣਦੀ ਨਹੀਂ ਸੀ ਉਹਨੂੰ ਆਪਣੇ ਪੋਤੇ ਪੋਤੀਆਂ ਦਾ ਕੋਈ ਵੀ ਤੌਰ ਤਰੀਕਾ ਪਸੰਦ ਨਹੀਂ ਸੀ ਇਕ ਦਿਨ ਸਾਡੇ ਖੜ੍ਹਿਆਂ ਕੋਲ ਦੀ ਉਹਦਾ ਤੇਰਾਂ ਚੌਦਾਂ ਸਾਲਾਂ ਦਾ ਪੋਤਾ ਲੰਘਿਆ ਉਹਦੇ ਲੰਬੇ ਲੰਬੇ ਵਾਲਾਂ ਵਲ ਦੇਖਦਾ ਤੇ ਖਿੱਝਦਾ ਬੰਤਾ ਸਿੰਘ ਬੋਲਿਆ, "ਦੇਖ ਸਾਲੇ ਮਾਤਰ... ਨੇ ਕੀ ਵਜ੍ਹਾ ਬਣਾਈ - ਡੰਡਾ ਲੈ ਕੇ ਖਿਰ ਦੁਪਹਿਰੇ ਪਰੇਡ ਕਰਾਵੇ ਇਹਦੀ - ਦੇਖ ਫੇਰ ਸਿੱਧਾ ਹੁੰਦਾ ਪਰ ਜੁਆਨਾ ਇੱਥੇ ਤਾਂ ਕੌਤਕ ਹੋਰ ਆ... ਅੱਛਾ ਚਲੋ ਇਹ ਵੀ ਦਿਨ ਦੇਖਣੇ ਸਨ" ਉਹਦੀ ਆਵਾਜ਼ ' ਇਕ ਕੰਗਾਲ ਹੋ ਚੁੱਕੇ ਮਨੁੱਖ ਦਾ ਹੌਕਾ ਸੀ ਆਪਣੀ ਘਰ ਵਾਲੀ ਬਾਰੇ ਕੀਤੀਆਂ ਗੱਲਾਂ ਉਹਦੀ ਇਕੱਲਤਾ ਦਾ ਹੋਰ ਵੀ ਡੂੰਘਾ ਅਹਿਸਾਸ ਕਰਾਉਂਦੀਆਂ, "ਜਿੰਨਾ ਚਿਰ ਫੌਜ ' ਰਿਹਾ ਓਨਾ ਚਿਰ ਛੁੱਟੀ ਆਏ ਨਾਲ ਹੱਸ ਕੇ ਬੋਲਦੀ ਹੁੰਦੀ ਸੀ ਆਹ ਜੁਆਕ ਵੀ ਉਦੋਂ ਹੀ ਹੋ ਹੂ ਗਏ ਪਿੱਛੋਂ ਤਾਂ ਸਹੁਰੀ ਨੇ ਸਾਰੀ ਜ਼ਿੰਦਗੀ ਹੱਸ ਕੇ ਕਦੇ ਬੁਲਾਇਆ ਹੀ ਨਈਂ ਹੁਣ ਦਸ ਗਿਆਰਾਂ ਸਾਲ ਹੋ ਗਏ ਇੱਥੇ ਇਸ ਬੜ੍ਹੇ ਮੁੰਡੇ ਕੋਲ ਰਹਿੰਦੀ ਨੂੰ - ਕੂੰਅਦੀ ਨਹੀਂ ਮੇਰੇ ਨਾਲ ਤਾਂ ਬਸ ਪਾਠ ਕਰੀ ਜਾਂਦੀ ਚੌਵੀ ਘੰਟੇ, ਖਬਰੇ ਕਿਹੜੇ ਪਾਪ ਬਖਸ਼ਾਉਂਦੀ " ਆਪਣੀ ਘਰ ਵਾਲੀ ਦੀਆਂ ਗੱਲਾਂ ਵੀ ਉਹ ਸੱਤ ਬਿਗਾਨਿਆਂ ਵਾਂਗ ਕਰਦਾ
ਇਕ ਦਿਨ ਉਹ ਕਿਸੇ ਦੇ ਘਰ ਰੱਖੇ ਸਧਾਰਨ-ਪਾਠ ਦਾ ਪਾਠ ਕਰਦਾ ਆਇਆ ਸੀ ਕਾਫੀ ਥੱਕਿਆ ਥੱਕਿਆ ਲੱਗਦਾ ਸੀ ਪਾਠ ਕਰਨ ਤੋਂ ਬਾਅਦ ਉਹ ਅੱਗੇ ਕਾਫੀ ਚੜ੍ਹਦੀਆਂ ਕਲਾਂ ' ਹੁੰਦਾ ਸੀ, ਪਰ ਅੱਜ ਕਾਫੀ ਮਧਮ ਲਗਦਾ ਸੀ ਮੈਨੂੰ ਕਹਿੰਦਾ, "ਕਾਕਾ ਰਤੀ ਮਨ ਨੀ ਲਗਦਾ ਇਸ ਪਰਾਈ ਧਰਤ 'ਤੇ, ਦਿਲ ਕਰਦਾ ਪਈ ਅੱਖਾਂ ਬੰਦ ਕਰਕੇ ਖੋਹਲਾਂ ਤਾਂ ਪਿੰਡ ਹੋਵਾਂ ਉੱਥੇ ਸਹੁਰਾ ਪੈਲ਼ੀਆਂ ' ਫਿਰ ਤੁਰ ਕੇ ਇੱਧਰ ਉੱਧਰ ਦੇ ਯੱਕੜ ਮਾਰ ਕੇ ਵਾਹਵਾ ਦਿਨ ਲੰਘਦੇ ਸੀਗੇ ਇਸ ਤਰ੍ਹਾਂ ਦੀ ਉਦਾਸੀ ਤਾਂ ਕਦੀ ਫੌਜ ਵਿਚ ਵੀ ਨਈ ਸੀ ਹੋਈ" ਉਹਦੀਆਂ ਅੱਖਾਂ ' ਜਨਮ-ਭੌਂਅ ਦਾ ਪਿਆਰ ਤੇ ਖਿੱਚ ਸਾਫ ਨਜ਼ਰ ਆਉਂਦੀ ਸੀ
"ਫੇਰ ਤੂੰ ਦੇਸ ਦਾ ਚੱਕਰ ਕਾਹਤੋਂ ਨਈਂ ਮਾਰ ਆਉਂਦਾ, ਕਿਹੜੇ ਏਨੇ ਪੈਸੇ ਲਗਦੇ ਅਜ ਕੱਲ੍ਹ"
"ਦਿਲ ਤਾਂ ਬਹੁਤ ਕਰਦਾ ਜੁਆਨਾ ਪਰ ਤੈਨੂੰ ਨੀ ਪਤਾ ਪਿੰਡਾਂ ਦਿਆਂ ਧੰਦਿਆਂ ਦਾ, ਸਰੀਕਾ ਭਾਈਚਾਰਾ ਨੀ ਜੀਣ ਦਿੰਦਾ ਮੈਂ ਡਰਦਾ ਪਿੰਡ ਨੀ ਜਾਂਦਾ ਪਈ ਪੈਸੇ ਪੂਸੇ ਕੋਲ ਹੋਣਗੇ, ਲਾਲਚ ' ਕੇ ਕਿਸੇ ਨੇ ਘੰਢੀ ਮਰੋੜ ਦਿੱਤੀ ਤਾਂ ਜਾਹ ਜਾਂਦੀਏ ਹੋ ਜਾਊਗੀ ਚਲੋ ਉਹਦੀ ਰਜ਼ਾ ਹੁਣ ਤਾਂ ਇੱਥੇ ਦਿਨ ਕਢਾਂਗੇ" ਉਹ ਬਹੁਤ ਡੂੰਘੀ ਨਿਰਾਸ਼ਤਾ ' ਗੱਲ ਕਰ ਰਿਹਾ ਸੀ
ਮੈਂ ਐਂਵੀਂ ਬਿਨਾਂ ਸੋਚੇ ਸਮਝੇ ਉਹਨੂੰ ਖੁਸ਼ ਕਰਨ ਲਈ ਕਹਿ ਦਿੱਤਾ, "ਬਾਬਾ ਤੇਰਾ ਕਿਸੇ ਦਿਨ ਕਿਸੇ ਗੋਰੀ ਨਾਲ ਗੇੜ ਨਾ ਕਰਾਈਏ ਕਿਤੇ" ਉਹਦੇ ਚਿਹਰੇ 'ਤੇ ਮੱਲੋ ਮੱਲੀ ਇਕ ਇਮਾਨਦਾਰ ਮੁਸਕਾਣ ਫੈਲ ਗਈ "ਨਹੀਂ ਕਾਕਾ ਹੁਣ ਇਸ ਉਮਰੇ ਕਾਹਨੂੰ ਪਾਪਾਂ ਦੇ ਭਾਗੀ ਬਣਨਾ ਆਂ - ਹੋਰ ਚਾਰ ਦਿਨ ਹੈਗੇ ਉਹਦਾ ਨਾਂ ਲੈ ਕੇ ਨਿਕਲ ਜਾਣਗੇ" ਫੇਰ ਜ਼ਰਾ ਕੁ ਰੁਕ ਕੇ ਕਹਿਣ ਲੱਗਾ, "ਊਂ ਕਈ ਵਾਰ ਦਿਲ ਤਾਂ ਕਰਦਾ ਪਈ ਚਿੱਟੇ ਚੰਮ ਨੂੰ ਵੀ ਹੱਥ ਲਾ ਕੇ ਦੇਖ ਲਈਏ ਉਦਾਂ ਇਹ ਮੁਲਕ ਬੜਾ ਕੁੱਤਾ ਇਸ ਗੱਲੋਂ ਬੰਦੇ ਨੂੰ ਸਾਬਤ ਕਿਹੜਾ ਰਹਿਣ ਦਿੰਦਾ ਕੋਈ ਕਿਸੇ ਦੀ ਸ਼ਰਮ ਤਾਂ ਕਰਦਾ ਨਹੀਂ ਰਤਾ ਆਹ ਮੈਂ ਹੁਣ ਪਾਠ ਕਰਦਾ ਆਇਆਂ ਜਰਨੈਲ ਸਿਓਂ ਦੇ ਘਰੋਂ ਉਹਦੇ ਛੋਟੇ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਸੌਹਰਾ ਨਾਲ ਦੇ ਬੈੱਡਰੂਮ ਵਿਚ ਕੁੜ ਕੁੜ ਕਰੀ ਗਿਆ ਮਾਂ ਆਪਣੀ ਦੇ ਨਾਲ਼ ਬੰਦਾ ਪਾਠ ਕਰਦਾ ਵੀ ਏਥੇ ਨਹੀਂ ਜੀ ਸਕਦਾ ਬਖਸ਼ੀਂ ਮੇਰੇ ਸਤਿਗੁਰ ਪਿਆਰਿਆ" ਉਹ ਜਦ ਵੀ ਰੱਬ ਦਾ ਨਾਂ ਲੈਂਦਾ ਉੱਪਰ ਨੂੰ ਜ਼ਰੂਰ ਇਸ਼ਾਰਾ ਕਰਦਾ
ਉਹਨੂੰ ਮੇਰੀ ਗੋਰੀ ਵਾਲੀ ਗੱਲ ਖੂਬ ਚੰਗੀ ਲੱਗੀ ਲਗਦੀ ਸੀ ਮੈਨੂੰ ਜਾਣ ਲੱਗਾ ਕਹਿੰਦਾ, "ਕਿਸੇ ਵੇਲੇ ਆਪਾਂ ਤਿੱਪ ਤਿੱਪ ਦਾਰੂ ਦੀ ਲਾਈਏ ਬੈਠ ਕੇ ਨਾਲੇ ਫੇਰ ਤੈਨੂੰ ਜੁਆਨੀ ਬਾਰੇ ਦੀਆਂ ਗੱਲਾਂ ਦੱਸੂ ਅਸੀਂ ਵੀ ਕੱਲਾ ਅੰਗ੍ਰੇਜ਼ ਮੂਹਰੇ ਸਲੂਟ ਨੀ ਮਾਰਿਆ, ਜ਼ਿੰਦਗੀ ' ਹੋਰ ਕਈ ਕੰਮ ਕੀਤੇ ਸਰਦਾਰ ਜੀ"
ਉਹਦੀ ਦਾਰੂ ਵਾਲੀ ਗੱਲ ਮੈਨੂੰ ਵੀ ਸੋਹਣੀ ਲੱਗੀ ਮੈਂ ਉਹਦਾ ਨਿੱਕਾ ਜਿਹਾ ਕਮਰਾ ਦੇਖਣਾ ਚਾਹੁੰਦਾ ਸੀ ਤੇ ਨਾਲੇ ਉਹਦੀਆਂ ਜੁਆਨੀ ਵਾਰੇ ਦੀਆਂ ਗੱਲਾਂ ਸੁਣਨ ਨੂੰ ਦਿਲ ਕਰਦਾ ਸੀ ਪਰ ਇਹਨਾਂ ਦਿਨਾਂ ਵਿਚ ਮੇਰੇ ਪੈਰ 'ਤੇ ਸੱਟ ਲੱਗ ਗਈ ਤੇ ਸਾਡੀ ਛੋਟੀ ਜਿਹੀ ਪਾਰਟੀ ਦੀ ਸਕੀਮ ਵਿਚੇ ਹੀ ਰਹਿ ਗਈ
ਅੱਜ ਮੈਨੂੰ ਚੌਥਾ ਦਿਨ ਸੀ ਕੰਮ 'ਤੇ ਆਉਂਦੇ ਨੂੰ, ਪਰ ਬੰਤਾ ਸਿੰਘ ਕਿਤੇ ਨਜ਼ਰ ਨਹੀਂ ਸੀ ਰਿਹਾ ਉਹਦਾ ਲੰਬੇ ਵਾਲਾਂ ਵਾਲਾ ਪੋਤਾ ਮਿਲਿਆ ਤਾਂ ਮੈਂ ਉਹਨੂੰ ਪੁੱਛਿਆ "ਉਹ ਤਾਂ ਮਹੀਨਾ ਹੋ ਗਿਆ ਮਰ ਗਿਆ ਸੀ", ਉਹਨੇ ਅੰਗ੍ਰੇਜ਼ੀ ਵਿਚ ਬੜਾ ਰੁੱਖਾ ਜਿਹਾ ਜਵਾਬ ਦਿੱਤਾ ਤੇ ਆਪਣੇ ਲੰਬੇ ਵਾਲਾਂ ਨੂੰ ਸਿਰ ਦੇ ਝਟਕੇ ਨਾਲ ਪਿਛਾਂਹ ਨੂੰ ਸੁੱਟਦਾ ਤੰਗ ਜਿਹੀ ਜੈਕਟ ਦੀਆਂ ਜੇਬਾਂ ' ਹੱਥ ਪਾਈ ਮੋਢੇ ਕੱਠੇ ਜਿਹੇ ਕਰੀ ਤੁਰ ਗਿਆ ਖਬਰ ਦੀ ਕੁੜੱਤਣ ਕਰਕੇ ਮੈਨੂੰ ਉਹਦੇ ਰੁੱਖੇਪਨ 'ਤੇ ਬੜੀ ਖਿੱਝ ਆਈ, ਉਂਝ ਉਹਦਾ ਵਰਤਾ ਮੇਰੇ ਲਈ ਕੋਈ ਅਜੀਬ ਨਹੀਂ ਸੀ
ਮੇਰੀ ਕੰਮ ਦੀ ਜ਼ਿੰਦਗੀ ਵਿਚ ਬੰਤਾ ਸਿੰਘ ਨੇ ਕਾਫੀ ਰੰਗ ਭਰਿਆ ਹੋਇਆ ਸੀ ਇਸ ਵਪਾਰਕ ਜਿਹੇ ਜੀਵਨ ਵਿਚ ਕਿੰਨੇ ਕੁ ਬੰਦੇ ਹਨ ਜਿਹਨਾਂ ਨਾਲ ਬਿਨਾਂ ਕਿਸੇ ਕਿਸਮ ਦੇ ਲੈਣ ਦੇਣ ਤੋਂ ਬੰਦੇ ਦੀ ਬੋਲਚਾਲ ਹੁੰਦੀ ਹੈ ਉਹਦੇ ਮਰਨ ਦੀ ਖਬਰ ਨਾਲ ਮੈਨੂੰ ਜਾਪਿਆ ਜਿਵੇਂ ਮੇਰੇ ਅੰਦਰੋਂ ਕੁਝ ਘੱਟ ਜਿਹਾ ਗਿਆ ਹੁੰਦਾ ਤੇ ਜਿਹੜਾ ਇਕ ਖੂੰਜਾ ਰੌਸ਼ਨ ਸੀ, ਉੱਥੇ ਵੀ ਹਨੇਰਾ ਛਾ ਗਿਆ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਕਿਸੇ ਨਾਲ ਖੁਲ੍ਹ ਕੇ ਉਹਦੀਆਂ ਗੱਲਾਂ ਕਰਾਂ ਮੈਂ ਨਾਲੇ ਮੂੰਹ ਰੱਖਣ ਲਈ ਉਸੇ ਦਿਨ ਸ਼ਾਮ ਨੂੰ ਉਹਨਾਂ ਦੇ ਘਰ ਗਿਆ ਉਹਦੇ ਮੁੰਡੇ ਨੇ ਸ਼ਰਾਬ ਦੀ ਬੋਤਲ ਮੇਜ਼ ਦੀ ਲੱਤ ਨਾਲ ਟਿਕਾਈ ਹੋਈ ਸੀ ਤੇ ਨਿਆਣਿਆਂ ਦੇ ਨਾਲ ਟੀ ਵੀ ਦੇਖਣ ਵਿਚ ਮਗਨ ਸੀ ਉਹਦੇ ਘਰ ਵਾਲੀ ਅੰਦਰ ਕਿਚਨ ਵਿਚ ਰੋਟੀ ਟੁੱਕ ਕਰ ਰਹੀ ਸੀ ਉਹਦੀ ਮਾਂ, ਬੰਤਾ ਸਿੰਘ ਫੌਜੀ ਦੇ ਘਰ ਵਾਲੀ, ਇਕ ਕੁਰਸੀ 'ਤੇ ਬੈਠੀ ਮਾਲਾ ਫੇਰ ਰਹੀ ਸੀ
ਬੰਤਾ ਸਿੰਘ ਦੇ ਮੁੰਡੇ ਨੇ ਮੇਰੇ ਨਾਲ ਸਰ-ਸਰੀ ਇਕ ਦੋ ਗੱਲਾਂ ਕੀਤੀਆਂ ਫੇਰ ਚੁੱਪ ਜਿਹੀ ਛਾ ਗਈ ਮੇਰਾ ਹੋਰ ਗੱਲਾਂ ਕਰਨ ਨੂੰ ਜੀਅ ਕਰਦਾ ਸੀ ਦਰਅਸਲ, ਮੈਂ ਦਿਲ ਵਿਚ ਸੋਚ ਕੇ ਗਿਆ ਸਾਂ ਕਿ ਉਹਨਾਂ ਕੋਲੋਂ ਬੰਤਾ ਸਿੰਘ ਵਾਲੀ ਫੌਜੀ ਸੋਟੀ ਮੰਗੂਗਾ ਉਹ ਮੇਰੀਆਂ ਗੱਲਾਂ ਤੋਂ ਅੱਕ ਜਿਹਾ ਗਿਆ ਲਗਦਾ ਸੀ ਕਹਿਣ ਲੱਗਾ, "ਉਹਨੇ ਆਪਣੀ ਉਮਰ ਤਾਂ ਭੋਗ ਲਈ ਸੀ ਤੇ ਮਰਨਾ ਤਾਂ ਸਭ ਨੇ ਹੁੰਦਾ , ਸਾਨੂੰ ਏਨੀ ਮੌਜ ਸੀ ਪਈ ਸੌ ਡਾਲਰ ਆਈ ਜਾਂਦਾ ਸੀ ਹੁਣ ਉਸ ਨਿੱਕੇ ਜਿਹੇ ਰੂਮ ਦਾ ਸਾਨੂੰ ਕਿਸੇ ਨੇ ਕੀ ਦੇ ਦੇਣੈਂ
ਮੈਂ ਵਾਪਿਸ ਘਰ ਨੂੰ ਜਾਂਦਾ ਸੋਚ ਰਿਹਾ ਸੀ ਕਿ ਬੰਤਾ ਸਿੰਘ ਨੇ ਕੀ ਨਹੀਂ ਸੀ ਕੀਤਾ - ਦੁਨੀਆਂ ਚਲਦੀ ਰੱਖਣ ਲਈ ਔਲਾਦ ਪੈਦਾ ਕੀਤੀ - ਦੇਸ਼ ਲਈ ਫੋਜ ' ਨੌਕਰੀ ਕੀਤੀ - ਧਰਮ ਲਈ ਮਣਾਂ ਮੂੰਹੀਂ ਪਾਠ ਕੀਤਾ - ਤੇ ਆਪਣੇ ਪੁੱਤ ਪੋਤਿਆਂ ਲਈ ਹਰ ਪਹਿਰ ਅਰਦਾਸਾਂ - ਤੇ ਉਹਦੀ ਔਲਾਦ ਨੂੰ ਸਿਰਫ ਉਹਦੇ ਸੌ ਡਾਲਰ ਦਾ ਝੋਰਾ ਸੀ

-->

No comments:

Post a Comment