ਜੋਅ ਹਿੱਲ: ਅਮਰੀਕਾ ਦੀ ਮਜ਼ਦੂਰ ਲਹਿਰ ਦਾ ਚਮਕਦਾ ਸਿਤਾਰਾ
ਸਾਧੂ ਬਿਨਿੰਗ
ਜੋਅ ਹਿੱਲ ਅਮਰੀਕਾ ਦੀ ਮਜ਼ਦੂਰ ਲਹਿਰ ਦਾ ਸਭ ਤੋਂ
ਵੱਧ ਜਾਣਿਆਂ ਤੇ ਸਤਿਕਾਰਿਆ ਗੀਤਕਾਰ ਹੈ। ਉਹ ਇੰਡਸਟਰੀਅਲ ਵਰਕਰਜ਼ ਆਫ ਦਾ ਵਰਲਡ (ਇਹ ਯੂਨੀਅਨ ਆਈ
ਡਬਲਿਊ ਡਬਲਿਊ, ਵੌਬਲੀਜ਼ ਤੇ ਵਨ ਬਿੱਗ ਯੂਨੀਅਨ ਦੇ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ) ਲਈ ਗੀਤ
ਲਿਖਦਾ ਸੀ ਤੇ ਮਜ਼ਦੂਰਾਂ ਨੂੰ ਜਥੇਬੰਦ ਕਰਦਾ ਸੀ। ਇਸ ਯੂਨੀਅਨ ਦੀਆਂ ਸਰਗਰਮੀਆਂ ਅਤੇ ਜੋਅ ਹਿੱਲ
ਦੇ ਗੀਤਾਂ ਦੀ ਤਾਕਤ ਨੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਦੀ ਅਮੀਰ ਜਮਾਤ ਨੂੰ ਪੈਰੋਂ ਹਿਲਾ
ਦਿੱਤਾ। ਆਪਣੇ ਹੱਕਾਂ ਲਈ ਲੜਦੀ ਮਜ਼ਦੂਰ ਜਮਾਤ ਨੂੰ ਰੋਕਣ ਲਈ ਹਰ ਕਿਸਮ ਦਾ ਵਸੀਲਾ ਵਰਤ ਕੇ ਇਸ
ਯੂਨੀਅਨ ਨੂੰ ਖਤਮ ਕੀਤਾ ਗਿਆ ਤੇ ਜੋਅ ਹਿੱਲ ਨੂੰ ਇਕ ਝੂਠੇ ਕਤਲ ਦੇ ਕੇਸ ਵਿਚ ਫਸਾ ਕੇ 19 ਨਵੰਬਰ
1915 ਵਾਲੇ ਦਿਨ ਨਾਲ ਸ਼ਹੀਦ ਕਰ ਦਿੱਤਾ।
ਜੋਅ ਹਿੱਲ ਦਾ ਪੂਰਾ ਨਾਂ ਜੋਇਲ ਇਮੇਨੁਅਲ ਹੇਗਲੁੰਡ ਸੀ। ਉਹ ਅਕਤੂਬਰ 7, 1879 ਨੂੰ ਸਵੀਡਨ ਵਿਚ ਜਨਮਿਆਂ ਸੀ। ਉਸ ਦੇ
ਪਿਉ ਦੀ ਮੌਤ ਤੋਂ ਕੁਝ ਵਰ੍ਹੇ ਬਾਅਦ ਉਹਦੀ ਮਾਂ ਵੀ ਚੱਲ ਵਸੀ ਤੇ ਉਹ ਆਪਣੇ ਭਰਾ ਨਾਲ 1902 ਵਿਚ ਅਮਰੀਕਾ ਆ ਗਿਆ। ਅਮਰੀਕਾ ਆਉਣ ਵਾਲੇ ਹੋਰ ਆਵਾਸੀਆਂ ਵਾਂਗ ਸਮੁੰਦਰੀ
ਜਹਾਜ਼ ਵਿਚੋਂ ਨਿਊ ਯਾਰਕ ਉੱਤਰੇ ਜੋਅ ਹਿੱਲ ਨੂੰ ਵੀ ਸਟੈਚੂ
ਆਫ ਲਿਬਰਟੀ ਨੇ ਹੈਰਾਨ ਕਰ ਦਿੱਤਾ। ਉੱਥੇ
ਪਹਿਲਾਂ ਵਸਦੇ ਇਕ ਜਾਣਕਾਰ ਨੇ ਉਹਨੂੰ ਸਮਝਾਇਆ ਕਿ ਬੁੱਤ ਬੇਹੱਦ ਵੱਡਾ ਜ਼ਰੂਰ ਹੈ ਪਰ ਇਹ ਅੱਦਰੋਂ
ਖੋਖਲਾ ਹੈ।
ਗਰੀਬ ਹੋਣ ਕਾਰਨ ਤੇ ਅੰਗ੍ਰੇਜ਼ੀ ਦੀ
ਜਾਣਕਾਰੀ ਬਿਨਾਂ ਜੋਅ ਨੂੰ ਹਰ ਪਾਸੇ ਵਧੀਕੀਆਂ ਸਹਿਣੀਆਂ ਪਈਆਂ। ਹਰ ਕੋਈ ਉਸ ਦੇ ਨਾਂ ਦਾ ਮੁਖੌਲ
ਉਡਾਉਂਦਾ। ਨਤੀਜੇ ਵਜੋਂ ਉਹ ਪਹਿਲਾਂ ਜੋਅ ਹਿਲਸਟਰੌਮ ਬਣਿਆਂ ਤੇ ਫੇਰ ਜੋਅ ਹਿੱਲ ਦੇ ਨਾਂ ਨਾਲ
ਜਾਣਿਆਂ ਜਾਣ ਲੱਗਾ। ਜੋਅ ਨੂੰ ਬਚਪਨ ਤੋਂ ਹੀ ਗਾਉਣ ਦਾ, ਕਵਿਤਾ ਤੇ ਗੀਤ ਲਿਖਣ ਦਾ ਤੇ ਵੱਖਰੇ
ਵੱਖਰੇ ਸਾਜ਼ ਬਜਾਉਣ ਦਾ ਸ਼ੌਕ ਸੀ। ਆਪਣੇ ਇਸ ਸ਼ੌਕ ਨੂੰ ਪਾਲਦਾ ਉਹ ਫਾਰਮਾਂ, ਇਮਾਰਤ ਉਸਾਰੀ, ਪੁਲ
ਉਸਾਰੀ, ਖਾਣਾਂ, ਰੇਲ, ਤੇ ਜਿੱਥੇ ਵੀ ਕੋਈ ਕੰਮ ਮਿਲਦਾ ਕਰਦਾ ਅਗਲੇ ਕੁਝ ਸਾਲਾਂ ਦੌਰਾਨ ਅਮਰੀਕਾ
ਤੇ ਪੱਛਮੀ ਤੱਟ ਵਲ ਆ ਗਿਆ। ਕੈਲਿਫੋਰਨੀਆ ਦੇ ਸੈਨ ਪੈਡਰੋ ਇਲਾਕੇ ਵਿਚ ਕੰਮ ਕਰਦਿਆਂ 1910-11
ਦੌਰਾਨ ਉਹ ਆਈ ਡਬਲਿਊ ਡਬਲਿਊ ਦਾ ਮੈਂਬਰ ਬਣ ਗਿਆ। ਇਹ ਯੂਨੀਅਨ ਜੂਨ 1905 ਨੂੰ ਚਿਕਾਗੋ ਵਿਚ ਸਮਾਜਵਾਦੀ,
ਵਿਦ੍ਰੋਹੀ, ਟਰੇਡ ਯੂਨੀਅਨਇਸਟ, ਅਤੇ ਇਨਕਲਾਬੀਆਂ ਨੇ ਰਲ਼ ਕੇ ਸ਼ੁਰੂ ਕੀਤੀ ਸੀ। ਇਸ ਯੂਨੀਅਨ ਦਾ
ਵਿਚਾਰ ਉਸ ਵੇਲੇ ਦੀਆਂ ਸਥਾਪਤ ਯੂਨੀਅਨਾਂ ਨਾਲੋਂ ਵੱਖਰਾ ਸੀ। ਕੋਸ਼ਿਸ਼ ਇਹ ਸੀ ਕਿ ਸਮੁੱਚੇ ਮਜ਼ਦੂਰ
ਵਰਗ ਨੂੰ, ਬਿਨਾਂ ਕਿਸੇ ਭੇਦ ਭਾਵ ਦੇ ਇਕ ਝੰਡੇ ਥੱਲੇ 'ਵਨ ਬਿੱਗ ਯੂਨੀਅਨ' ਵਿਚ ਜਥੇਬੰਦ ਕੀਤਾ
ਜਾਵੇ। ਜੋਅ ਹਿੱਲ ਨੂੰ ਇਹ ਵਿਚਾਰ ਬਹੁਤ ਪਸੰਦ ਆਇਆ।
ਹਰ ਕਿਸਮ ਦੇ ਕੰਮਾਂ ਤੋਂ ਹਾਸਲ ਕੀਤੇ ਆਪਣੇ
ਤਜਰਬੇ ’ਤੇ ਅਧਾਰਤ ਉਹ ਕਵਿਤਾ ਤੇ ਗੀਤ ਲਿਖਦਾ। ਸ਼ੁਰੂ ਸ਼ੁਰੂ ਵਿਚ ਯੂਨੀਅਨ ਦੀਆਂ ਮੀਟਿੰਗਾਂ ਦੌਰਾਨ
ਉਹ ਕਦੇ ਗਿਟਾਰ ਤੇ ਕਦੇ ਪਿਆਨੋ ਬਜਾਉਂਦਾ ਤੇ ਕਈ ਵਾਰ ਆਪਣੇ ਲਿਖੇ ਗੀਤ ਗਾਉਂਦਾ। ਉਹਦੇ ਗੀਤ ਵਿਅੰਗ
ਭਰੇ, ਸਰਲ ਭਾਸ਼ਾ ਵਿਚ ਤੇ ਮਜ਼ਦੂਰਾਂ ਦੀ ਸਮੱਸਿਆਵਾਂ ਨਾਲ ਸਬੰਧਤ ਹੁੰਦੇ। ਉਹ ਬਹੁਤ ਛੇਤੀ ਆਪਣੀ
ਇਸ ਕਲਾ ਕਾਰਨ ਮਜ਼ਦੂਰਾਂ ਵਿਚ ਜਾਣਿਆਂ ਜਾਣ ਲੱਗਾ। ਉਹਨੇ 'ਕੇਸੀ ਜੋਨਜ਼', 'ਦਾ ਪਰੀਚਰ ਐਂਡ ਦਾ ਸਲੇਵ' 'ਦਾ ਰਬਿੱਲ ਗਰਲ'
'ਵੇਅਰ ਦਾ ਫਰੇਜ਼ਰ ਰਿਵਰ ਫਲੋਅ' ਵਰਗੇ ਅਨੇਕਾਂ ਮਸ਼ਹੂਰ ਗੀਤਾਂ ਦੀ ਰਚਨਾ ਕੀਤੀ। ਫਿਲਿਪ ਫੋਨਰ ਅਨੁਸਾਰ,
"ਆਈ ਡਬਲਿਊ ਡਬਲਿਊ ਦਾ ਸਭ ਤੋਂ ਵੱਧ ਕਾਮਯਾਬ,
ਮਸ਼ਹੂਰ ਤੇ ਵੱਧ ਗੀਤ ਲਿਖਣ ਵਾਲਾ ਜੋਸਿਫ ਹਿਲਸਟਰਮ ਸੀ ਜਿਸ ਨੂੰ ਦੁਨੀਆਂ ਦੇ ਹਰ ਹਿੱਸੇ ਵਿਚ
ਲੱਖਾਂ ਲੋਕ ਜੋਅ ਹਿੱਲ ਵਜੋਂ ਜਾਣਦੇ ਹਨ।"
ਅਮਰੀਕਾ ਕਨੇਡਾ ਦੇ ਮਜ਼ਦੂਰ ਘੋਲਾਂ ਵਿਚ ਗੀਤਾਂ ਦੀ ਬਹੁਤ ਮਹੱਤਤਾ ਰਹੀ ਹੈ ਅਤੇ ਵਿਸ਼ੇਸ਼ ਕਰਕੇ ਆਈ ਡਬਲਿਊ ਡਬਲਿਊ (1905 ਤੋਂ ਲੈ ਕੇ 1924-25 ਤੱਕ) ਵਾਸਤੇ ਤਾਂ ਰਲ਼ ਕੇ ਗੀਤ ਗਾਉਣ ਦੀ ਰਵਾਇਤ ਬਹੁਤ ਹੀ ਤਕੜੀ ਸੀ।
ਮਜ਼ਦੂਰ ਜਮਾਤ ਦੀਆਂ ਮੌਜੂਦਾ ਜੱਦੋ-ਜਹਿਦਾਂ ਵਿਚ ਵੀ ਇਸ ਲਹਿਰ ਦਾ ਅਸਰ ਦੇਖਿਆ ਜਾ ਸਕਦਾ ਹੈ। ਹੋਰ ਪ੍ਰਾਪਤੀਆਂ ਦੇ ਨਾਲ ਨਾਲ ਇਸ ਲਹਿਰ ਦਾ ਮਜ਼ਦੂਰਾਂ ਦੇ ਸਮੂਹ-ਗਾਨ ਰਚਣ ਵਿਚ ਆਪਣਾ ਇਕ ਖਾਸ ਸਥਾਨ ਹੈ। ਇਸ ਲਹਿਰ ਦਾ ਨਾਅਰਾ ਸੀ 'ਗਾਵੋ ਅਤੇ ਲੜੋ' ਅਤੇ ਇਸ ਨੂੰ 'ਗਾਉਂਦੀ ਮਜ਼ਦੂਰ ਲਹਿਰ' ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਇਕੱਲੀ ਇਸ ਲਹਿਰ ਨੇ ਲੋਕਾਂ ਵਿਚ ਹਰਮਨ ਪਿਆਰੇ ਹੋਣ ਵਾਲੇ ਦੋ ਸੌ ਤੋਂ ਉੱਪਰ ਮਜ਼ਦੂਰ ਯੂਨੀਅਨ ਦੇ ਗੀਤ ਪੈਦਾ ਕੀਤੇ। ਇਨ੍ਹਾਂ ਵਲੋਂ 1908-09
ਤੋਂ ਸ਼ੁਰੂ ਕਰਕੇ 'ਲਾਲ ਗੀਤਾਂ ਦੀ ਕਿਤਾਬੜੀ' ਨਾਂ ਦੀ ਪੁਸਤਕ ਸਮੇਂ ਸਮੇਂ ਛਾਪੀ ਜਾਂਦੀ ਸੀ। ਇਸ
ਕਿਤਾਬ ਦੇ 1913 ਦੇ ਐਡੀਸ਼ਨ ਵਿਚ ਜੋਅ ਹਿੱਲ ਦੇ ਤੇਰਾਂ ਗੀਤ ਸ਼ਾਮਲ ਸਨ। ਇਸ ਕਿਤਾਬ ਦੀਆਂ 1956
ਤੱਕ 29 ਐਡੀਸ਼ਨਾਂ ਛੱਪ ਚੁੱਕੀਆਂ ਸਨ। ਹੁਣ ਵੀ ਇਹ ਕਿਤਾਬ ਉਸ ਲਹਿਰ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਵਲੋਂ ਕਦੀ ਕਦੀ ਛਾਪੀ ਜਾਂਦੀ ਹੈ ਅਤੇ ਹੱਥੋ ਹੱਥ ਵਿਕ ਜਾਂਦੀ ਹੈ। ਇਸ ਲਹਿਰ ਦੇ ਇਸ ਖਾਸੇ
ਬਾਰੇ ਜਾਹਨ ਟਕਮੈਨ ਦਾ ਕਹਿਣਾ ਹੈ: "ਹੋਰ ਗੱਲਾਂ ਦੇ ਨਾਲ ਨਾਲ ਇਕ ਖਾਸ ਗੱਲ ਲਈ ਮਜ਼ਦੂਰ
ਜਮਾਤ ਆਈ ਡਬਲਿਊ ਡਬਲਿਊ ਦੀ ਰਿਣੀ ਹੈ ਕਿ ਇਹਨੇ
ਆਜ਼ਾਦੀ ਦੀ ਲੜਾਈ ਵਿਚ ਸਾਂਝੇ ਗਾਏ ਜਾਣ ਵਾਲੇ ਗੀਤਾਂ ਦੀ ਅਹਿਮੀਅਤ ਦੀ ਸਿੱਖਿਆ ਦਿੱਤੀ।"
ਯੂਨੀਅਨ ਦਾ ਵਧਦਾ ਪ੍ਰਭਾਵ ਤੇ ਜੋਅ ਹਿੱਲ ਦੀਆਂ ਇਨ੍ਹਾਂ ਸਰਗਰਮੀਆਂ ਕਾਰਨ ਕੁਝ ਹੀ ਸਾਲਾਂ ਵਿਚ ਉਹ ਮਾਲਕਾਂ ਲਈ ਇਕ ਹਊਆ ਬਣ ਗਿਆ ਤੇ ਜਿਵੇਂ 'ਮਾਲਕਾਂ' ਦਾ 'ਸੁਭਾਅ' ਹੁੰਦਾ ਹੈ ਉਹ ਇਹ 'ਕੰਡਾ' ਕੱਢਣ ਲਈ ਕੁਛ ਵੀ ਕਰਨੇ ਨੂੰ ਤਿਆਰ ਸਨ। ਇਸ ਮਕਸਦ ਲਈ ਉਨ੍ਹਾਂ ਨੇ ਹਰ ਕਿਸਮ ਦੇ ਕਾਨੂੰਨਾਂ, ਰਸਮਾਂ ਰਵਾਇਤਾਂ ਨੂੰ ਛਿੱਕੇ ਟੰਗ ਕੇ ਜੋਅ ਹਿੱਲ ਨੂੰ ਇਕ ਝੂਠੇ ਕਤਲ ਦੇ ਮੁਕੱਦਮੇ ਵਿਚ ਫਸਾ ਕੇ ਜਨਵਰੀ 1914 ਵਿਚ ਗ੍ਰਿਫਤਾਰ ਕਰ ਲਿਆ। ਤਕਰੀਬਨ ਦੋ ਸਾਲ ਤੱਕ ਉਹਦਾ ਕੇਸ ਕਚਿਹਰੀ 'ਚ ਫਸਾਈ ਰੱਖਿਆ। ਉਸ ਦੇ ਕੇਸ ਨੇ ਬਹੁਤ
ਵੱਡੀ ਗਿਣਤੀ ਵਿਚ ਲੋਕਾਂ ਦਾ ਧਿਆਨ ਖਿੱਚਿਆ। ਉਤਰੀ ਅਮਰੀਕਾ, ਯੂਰਪ ਤੇ ਅਸਟਰੇਲੀਆ ਤੱਕ ਲੋਕਾਂ ਵਲੋਂ ਉਹਦੇ ਹੱਕ ਵਿਚ ਆਵਾਜ਼ ਉਠਾਈ ਗਈ। ਸਵੀਡਨ ਦੀ ਸਰਕਾਰ ਤੇ ਅਮਰੀਕਾ ਦੇ ਉਸ ਸਮੇਂ ਦੇ ਪ੍ਰਧਾਨ ਵੁਡਰੋ ਵਿਲਸਨ ਨੇ ਵੀ ਲੋਕਾਂ ਦੀ ਮੰਗ ’ਤੇ ਕੇਸ ਵਿਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਜੋਅ ਹਿੱਲ ਅਮੀਰ ਮਾਲਕਾਂ ਲਈ ਬਹੁਤ ਖਤਰਨਾਕ ਬਣ ਚੁੱਕਾ ਸੀ। ਯੂਟਾਹ ਸਟੇਟ ਵਿਚ ਉਸ
ਸਮੇਂ ਸਿਆਸਤ, ਪੈਸਾ ਤੇ ਜਥੇਬੰਦ ਧਰਮ ਦੀ ਤਿੱਕੜੀ ਰਲ਼ ਕੇ ਰਾਜ ਕਰਦੀ ਸੀ ਤੇ ਫਿਲਿਪ ਫੋਨਰ
ਅਨੁਸਾਰ' "ਇਸ ਤਾਕਤਵਰ ਤਿਕੜੀ ਨੇ ਫੈਸਲਾ ਕਰ ਦਿੱਤਾ ਕਿ ਜੋਅ ਹਿੱਲ ਨੂੰ ਹਰ ਹਾਲਤ ਵਿਚ ਮਾਰਨਾ ਹੈ। ਜੋਅ ਹਿੱਲ ਦੀ ਸਜ਼ਾ
ਵਿਰੁੱਧ ਉੱਠੀ ਅਮਰੀਕਨ ਇਤਿਹਾਸ ਵਿਚ ਸਭ ਤੋਂ ਵਧ ਤਾਕਤਵਰ ਰੋਸ ਲਹਿਰ ਨੂੰ ਅਣਗੌਲਿਆਂ ਕਰਕੇ ਇਹ
ਤਿੱਕੜੀ ਆਪਣੇ ਇਸ ਫੈਸਲੇ ’ਤੇ ਕਾਇਮ ਰਹੀ। ਜੋਅ ਹਿੱਲ ਨੂੰ ਨਵੰਬਰ 19, 1915 ਦੇ ਦਿਨ ਯੂਟਾਹ ਸਟੇਟ ਦੇ ਸ਼ਹਿਰ
ਸਾਲਟ ਲੇਕ ਦੀ ਜੇਲ੍ਹ ਵਿਚ ਪੰਜ ਬੰਦਿਆ ਦੇ 'ਫਾਏਰਿੰਗ ਸੁਕਐਡ' ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਉਸ
ਦੇ ਆਖਰੀ ਸ਼ਬਦ ਸਨ: "ਮੈਂ ਬੜੀ ਸਾਫ ਜ਼ਮੀਰ (ਕਲੀਅਰ ਕੌਂਸ਼ੀਅੰਸ) ਨਾਲ ਮਰ ਰਿਹਾ ਹਾਂ, ਮੈਂ
ਲੜਦਾ ਮਰ ਰਿਹਾ ਹਾਂ, ਕਿਸੇ ਡਰਾਕਲ ਦੀ ਤਰ੍ਹਾਂ ਨਹੀਂ"।
ਸ਼ਹੀਦ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ ਉਹਨੇ ਆਪਣੇ ਯੂਨੀਅਨ ਦੇ ਸਾਥੀ ਵਿਲੀਅਮ ਹੇਅਵੁੱਡ ਦੇ
ਨਾਂਅ ਲਿਖੇ ਛੋਟੇ ਜਿਹੇ ਖੱਤ ਵਿਚ ਲਿਖਿਆ: "ਅਲਵਿਦਾ ਬਿੱਲ:
ਮੈਂ ਇਕ ਸੱਚੇ ਵਿਦ੍ਰੋਹੀ ਵਾਂਗ ਮਰ ਰਿਹਾ ਹਾਂ। ਮੇਰੇ ’ਤੇ ਰੋਣ ਧੋਣ ਵਿਚ ਸਮਾਂ ਨਾ ਗੁਆਉਣਾ - ਜਥੇਬੰਦ ਹੋਣਾ'। ਜੋਅ ਹਿੱਲ ਦੇ ਇਹ ਸ਼ਬਦ ਅੱਜ ਵੀ ਹੜਤਾਲਾਂ ਵੇਲੇ, ਮਜ਼ਦੂਰ ਰੈਲੀਆਂ ਤੇ ਜਲੂਸਾਂ ਸਮੇਂ ਲੋਕਾਂ ਵਲੋਂ ਦੁਹਰਾਏ ਜਾਂਦੇ ਹਨ।
ਇਸ ਸਮੇਂ ਹੀ ਉਹਨੇ ਆਪਣਾ ਆਖਰੀ ਗੀਤ
ਲਿਖਿਆ:
ਮੇਰੀ ਆਖਰੀ ਵਸੀਅਤ
ਮੇਰੀ ਵਸੀਅਤ ਦਾ ਫੈਸਲਾ ਹੈ
ਬੜਾ ਹੀ ਸੁਖਾਲਾ
ਕੁਝ ਵੀ ਨਹੀਂ ਹੈ ਵੰਡਣ
ਵਾਲਾ
ਮੇਰੇ ਨਜ਼ਦੀਕੀਆਂ ਨੂੰ
ਲੜਨੇ ਦੀ ਕੋਈ ਲੋੜ ਨਾ
'ਰੁੜਦੇ ਪੱਥਰਾਂ 'ਤੇ ਕਦੇ ਉੱਗਦੀ ਕਾਈ ਨਾ '
ਮੇਰਾ ਧੜ੍ਹ? ਉਹ! ਜੇ ਮੈਂ ਚੁਣ ਸਕਦਾ
ਇਸ ਨੂੰ ਸਾੜ ਕੇ ਸੁਆਹ ਕਰਦਾ
ਮੌਜ ਮਸਤੀ ’ਚ ਉੱਡਦੀ ਹਵਾ ਨੂੰ ਦੇ ਦਿੰਦਾ
ਉਹ ਜਾ ਕੇ ਵਿਖੇਰਦੀ ਜਿੱਥੇ ਕਿਤੇ ਵੀ ਹੁੰਦੇ ਫੁੱਲ ਖਿੜਦੇ
ਤੇ ਸ਼ਾਇਦ ਕੋਈ ਮੁਰਝਾਇਆ ਫੁੱਲ
ਮੁੜ ਕੇ ਫੇਰ ਕਿਤੇ ਖਿੜਦਾ ਸੁਗੰਧੀਆਂ ਖਿਲੇਰਦਾ
ਬਸ ਇਹੀ ਹੈ ਮੇਰੀ ਆਖਰੀ ਵਸੀਅਤ
ਸਾਰੇ ਜੀਵੋ ਤੇ ਖੁਸ਼ੀਆਂ ਮਾਣੋ
ਜੋਅ
ਹਿੱਲ
(ਇਹ ਗੀਤ ਬਹੁਤ ਹੀ ਪ੍ਰਭਾਵਸ਼ਾਲੀ ਆਵਾਜ਼ ਵਿਚ ਮਰਵ ਹਮਿਲਟਨ ਵਲੋਂ ਗਾਇਆ ਇੰਟਰਨੈੱਟ http://www.marvmusic.com/ ਉੱਪਰ ਸੁਣਿਆ ਜਾ ਸਕਦਾ ਹੈ।)
ਆਪਣੇ
ਗੀਤਾਂ ਨਾਲ ਯੂਨੀਅਨ ਵਿਚ ਯੋਗਦਾਨ ਪਾਉਣ ਦੇ ਨਾਲ ਨਾਲ ਜੋਅ ਹਿੱਲ ਨੇ ਆਪਣੀ ਸੂਝ ਤੇ ਆਪਣੇ ਸਮੇਂ
ਤੋਂ ਵੀ ਅੱਗੇ ਦੀ ਸੋਚ ਦਾ ਹੋਰ ਲਿਖਤਾਂ ਵਿਚ ਵਿਖਾਵਾ ਕੀਤਾ। ਉਦਾਹਰਨ ਵਜੋਂ ਉਹਨੂੰ ਯੂਨੀਅਨ ਵਿਚ
ਔਰਤਾਂ ਦੀ ਸ਼ਮੂਲੀਅਤ ਦੀ ਘਾਟ ਹਮੇਸ਼ਾ ਰੜਕਦੀ ਸੀ। ਉਹਨੇ ਲਿਖਿਆ: "ਯੂਨਾਈਟਿੱਡ ਸਟੇਟ ਵਿਚ
ਔਰਤਾਂ ਨੂੰ ਨਿਰਾਸ਼ਾ ਦੀ ਹੱਦ ਤੱਕ ਅਣਗੌਲਿਆਂ ਕੀਤਾ ਜਾਂਦਾ ਹੈ, ਖਾਸ ਕਰ ਪੱਛਮੀ ਤੱਟ ’ਤੇ। ਨਤੀਜੇ
ਵਜੋਂ ਅਸੀਂ ਯੂਨੀਅਨ ਨੂੰ ਇਕ ਲੱਤਾ ਘਿਨਾਉਣਾ ਜਿਹਾ ਅਜੀਬ ਜਾਨਵਰ ਬਣਾ ਦਿੱਤਾ ਹੈ। ... ਸਾਡੇ ਕੰਮਾਂ ਕਾਰਾਂ ਵਿਚ ਜ਼ਿੰਦਗੀ ਦੀ ਧੜਕਨ ਤੇ ਉਤਸਾਹ ਦੀ ਕਮੀ ਹੈ ਜੋ ਸਿਰਫ ਔਰਤ ਹੀ
ਪੈਦਾ ਕਰ ਸਕਦੀ ਹੈ।"
ਜੋਅ ਹਿੱਲ ਦੇ ਮਿਸਾਲੀ
ਜੀਵਨ ਬਾਰੇ ਕਾਫੀ ਕੁਛ ਲਿਖਿਆ ਮਿਲਦਾ ਹੈ। ਉਸ ਬਾਰੇ ਦੋ ਤਿੰਨ ਨਾਵਲ ਲਿਖੇ ਜਾ ਚੁੱਕੇ ਹਨ। ਬੈਰੀ ਸਟੇਵਿਸ ਨੇ 1954 ਵਿਚ ਜੋਅ ਹਿੱਲ ਬਾਰੇ ਇਕ ਮਸ਼ਹੂਰ ਕਿਤਾਬ, 'ਇਨਸਾਨ ਜੋ ਮਰਿਆ ਨਹੀਂ ਲਿਖੀ'। ਫਿਲਿਪ ਫੋਨਰ ਨੇ ਜੋਅ
ਹਿੱਲ ਦੇ ਮੁਕੱਦਮੇ ਬਾਰੇ ਇਕ ਪੂਰੀ ਕਿਤਾਬ 'ਦਾ
ਕੇਸ ਆਫ ਜੋਅ ਹਿੱਲ' ਲਿਖੀ ਹੈ। ਸਵੀਡਨ ਵਿਚ ਉਸ ਦੇ ਜੀਵਨ ਤੇ ਅਧਾਰਤ ਬਣੀ ਫਿਲਮ ਨੇ ਅੰਤਰ ਰਾਸ਼ਟਰੀ ਪੱਧਰ ’ਤੇ ਕਈ ਇਨਾਮ ਹਾਸਲ ਕੀਤੇ ਸਨ। ਇਸ ਫਿਲਮ ’ਤੇ ਅਧਾਰਤ
ਜਾਹਨ ਮੈਕਡਰਮੈਂਟ ਵਲੋਂ 'ਜੋਅ ਹਿੱਲ' ਨਾਂ ਦਾ ਨਾਵਲ ਲਿਖਿਆ ਗਿਆ। ਜੋ ਹਿੱਲ ਦੇ ਗੀਤ ਬਹੁਤ ਸਾਰੇ
ਲੋਕਾਂ ਨੇ ਗਾਏ ਹਨ।
ਪੰਜਾਬੀ ਕਵੀ (ਤੇ
ਵਿਗਿਆਨੀ) ਸੁਖਪਾਲ ਨੇ 1993 ਵਿਚ ਮਜ਼ਦੂਰ ਜਮਾਤ ਵਲੋਂ ਗਾਏ ਜਾਣ ਵਾਲੇ ਗੀਤਾਂ ਦੀ ਇਕ ਕਿਤਾਬ ਤਿਆਰ
ਕੀਤੀ ਸੀ - 'ਗੋਦ ਲਏ ਗੀਤ'। ਇਸ ਕਿਤਾਬ ਵਿਚ ਉਸ ਨੇ ਜੋਅ ਹਿੱਲ ਦੇ ਵੀ ਤਿੰਨ ਗੀਤ ਸ਼ਾਮਲ ਕੀਤੇ
ਸਨ। ਸੁਖਪਾਲ ਨੇ ਇਨ੍ਹਾਂ ਗੀਤਾਂ ਨੂੰ ਜਿਉਂ ਦਾ ਤਿਉਂ ਅਨੁਵਾਦ ਨਹੀਂ ਸੀ ਕੀਤਾ ਸਗੋਂ ਉਨ੍ਹਾਂ ਦੀ
ਪੰਜਾਬੀ ਵਿਚ ਮੁੜ-ਸਿਰਜਣਾ ਕਰਨ ਦੀ ਕਾਮਯਾਬ ਕੋਸ਼ਸ਼ ਕੀਤੀ ਸੀ। ਇਹ ਹੇਠਲਾ ਗੀਤ ਜੋਅ ਹਿੱਲ ਦੇ ਗੀਤ 'ਦੇਅਰ ਇਜ਼ ਪਾਵਰ ਇਨ ਦਾ ਯੂਨੀਅਨ' ਦਾ ਪੰਜਾਬੀ
ਰੂਪ ਹੈ:
ਯੂਨੀਅਨ ਦਾ ਹੋਕਾ
ਭੁੱਖਾਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਜੇ
ਜੂਲ਼ਾ ਗਲ਼ੋਂ ਗੁਲਾਮੀ ਵਾਲਾ ਲਾਹੁਣਾ ਚਾਹੁੰਦੇ ਜੇ
ਹੱਥ ਵਧਾਓ ਹਿੱਸਾ ਪਾਓ ਲੋਕ ਲਹਿਰ ਵਿਚ ਲੋਕਾ ਵੇ
ਯੂਨੀਅਨ ਦੇ ਵਿਚ ਭਰਤੀ ਹੋ ਜਾਓ ਯੂਨੀਅਨ ਦਾ ਹੋਕਾ ਵੇ।
ਬੜਾ ਹੀ ਕਾਮਿਆਂ ਦੀ ਏਕਤਾ ਵਿਚ ਜ਼ੋਰ ਹੈ
ਇਸ ਜ਼ੋਰ ਅੱਗੇ ਮਾਲਕਾਂ ਦੀ ਹਰ ਤਾਕਤ ਕਮਜ਼ੋਰ ਹੈ
ਹੁਣ ਹਰ ਜਗ੍ਹਾ ਹੀ ਕਾਮਿਓ ਕਾਮਿਆਂ ਦਾ ਰਾਜ ਹੋਊ
ਹੁਣ ਪੈਰਾਂ ਥੱਲੇ ਲੁੱਟ ਦਾ ਆ ਗਿਆ ਹਰ ਤਾਜ ਹੋਊ
ਇਹ ਕਿਹ ਰਿਹਾ ਹੈ ਵਗ ਰਹੀ ਨਵੀਂ ਵਾਅ ਦਾ ਝੋਕਾ ਵੇ।
ਗੰਦਗੀ ਵਿਚ ਰੀਂਗਦੀ ਇਹ ਜ਼ਿੰਦਗੀ ਜੇ ਰਾਸ ਹੈ
ਤਾਂ ਭੁੱਲ ਜਾਓ ਫਿਰ ਯੂਨੀਅਨ ਦੀ ਗੱਲ ਬਕਵਾਸ ਹੈ
ਜੇ ਜ਼ਿੰਦਗੀ ਨੂੰ ਜੀਣ ਜੋਗਾ ਹੋ ਬਣਾਉਣਾ ਲੋਚਦੇ
ਤਾਂ ਹੱਥ ਮਿਲਾਓ ਫਿਰ ਉਨ੍ਹਾਂ ਸੰਗ ਜੋ ਇਹੋ ਗੱਲ ਸੋਚਦੇ
ਕਿਰਤਾਂ ਵਾਲੇ ਕੱਠੇ ਹੋ ਜਾਓ ਕੀ ਵੱਡਾ ਕੀ ਛੋਟਾ ਵੇ।
ਉੱਠੋ ਉੱਠੋ ਉੱਠੋ ਉੱਠੋ ਕਾਮਿਓ ਹਰ ਦੇਸ਼ ’ਚੋਂ
ਉੱਠੋ ਹੁਣ ਹਰ ਧਰਮ ’ਚੋਂ ਹਰ ਨਸਲ ’ਚੋਂ ਹਰ ਭੇਸ ’ਚੋਂ
ਫੁੱਟ ਦੀ ਹੁਣ ਪਾਈ ਲਕੀਰ ਨੂੰ ਹੈ ਲੰਘਣਾ
ਇਕ ਆਵਾਜ਼ ਹੋ ਕੇ ਦੁਨੀਆਂ ’ਚੋਂ ਹੈ ਹਿੱਸਾ ਮੰਗਣਾ
ਪੂੰਜੀਪਤੀਆਂ ਦਾ ਹਰ ਲਾਰਾ ਹੋ ਗਿਆ ਹੈ ਖੋਟਾ ਵੇ।
ਜੋਅ ਹਿੱਲ ਦੇ ਗੀਤ
(ਅੰਗ੍ਰੇਜ਼ੀ ਵਿਚ) ਇਸ ਸਾਈਟ ’ਤੇ ਪੜ੍ਹੇ ਜਾ ਸਕਦੇ ਹਨ: http://www.folkarchive.de/history/hill.html
Sadhu
Binning
sadhu.binning@gmail.com
No comments:
Post a Comment