Thursday, September 8, 2011

ਪੰਜਾਬੀ ਬਾਰੇ

ਸਾਲ 2008 ਦੇ ਅੰਤਰਰਾਸ਼ਟਰੀ ਮਾਂ ਬੋਲੀ ਦਿਨ 'ਤੇ

ਸਾਧੂ ਬਿਨਿੰਗ

ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਰ੍ਹੇ ਵੀ ਪਲੀ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਵੱਲੋਂ 24 ਫਰਵਰੀ ਵਾਲੇ ਦਿਨ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮੰਨਾਇਆ ਜਾਵੇਗਾ ਦੁਨੀਆਂ ਭਰ ਵਿਚ ਮੰਨਾਏ ਜਾਂਦੇ ਇਸ ਦਿਨ ਦੀ ਸ਼ੁਰੂਆਤ 1999 ਵਿਚ ਹੋਈ ਜਦੋਂ ਬੰਗਲਾਦੇਸ਼ ਵਲੋਂ ਪੇਸ਼ ਕੀਤੇ ਰੈਜ਼ੂਲੇਸ਼ਨ ਦੇ ਨਤੀਜੇ ਵਜੋਂ ਯੁਨੈਸਕੋ ਨੇ ਫੈਸਲਾ ਕੀਤਾ ਕਿ ਹਰ ਵਰ੍ਹੇ 21 ਫਰਵਰੀ ਦਾ ਦਿਨ ਮਾਂ-ਬੋਲੀ ਦਿਨ ਹੋਵੇਗਾ ਇਸ ਦਿਨ 1952 ਵਿੱਚ, ਬੰਗਲਾਦੇਸ਼, ਜੋ ਉਸ ਵੇਲੇ ਪੂਰਬੀ ਪਾਕਿਸਤਾਨ ਸੀ, ਵਿੱਚ ਆਪਣੀ ਭਾਸ਼ਾ ਦੀ ਪਹਿਚਾਣ ਲਈ ਜਦੋਜਹਿਦ ਕਰ ਰਹੇ ਨੌਜਵਾਨਾਂ ਨੇ ਆਪਣੇ ਜੀਵਨ ਦੀਆਂ ਕੁਰਬਾਨੀਆਂ ਦਿੱਤੀਆਂ ਸਨ ਹੁਣ ਇਹ ਦਿਨ ਦੁਨੀਆਂ ਭਰ ਵਿਚ ਮਾਂ-ਬੋਲੀ ਦੇ ਦਿਨ ਵਜੋਂ ਮੰਨਾਇਆ ਜਾਂਦਾ ਹੈ

ਪਲੀ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਦਾ ਇਹ ਛੇਵਾਂ ਸਲਾਨਾ ਸਮਾਗਮ ਹੋਵੇਗਾ ਇਸ ਸਮੇਂ ਸਾਡੀ ਕੋਸ਼ਸ਼ ਹੁੰਦੀ ਹੈ ਕਿ ਪੰਜਾਬੀ ਬੋਲੀ ਨੂੰ ਦਰਪੇਸ਼ ਪਹਾੜਾਂ ਜਿੱਡੀਆਂ ਸਮੱਸਿਆਵਾਂ ਦੇ ਬਾਵਜੂਦ ਕੁਝ ਹਾਂ-ਪੱਖੀ ਵਿਚਾਰ ਕੀਤੇ ਜਾਣ ਪੰਜਾਬੀਆਂ ਵਲੋਂ ਵੱਡੀ ਪੱਧਰ 'ਤੇ ਜੀਵਨ ਵਿਚ ਕਾਮਯਾਬ ਹੋਣ ਦੀ ਕੁਦਰਤੀ ਖਾਹਿਸ਼ ਵਿਚ ਆਪਣੀ ਮਾਂ-ਬੋਲੀ ਨੂੰ ਛੱਡ ਕੇ ਦੂਜੀਆਂ ਬੋਲੀਆਂ ਨੂੰ ਅਪਨਾਉਣ ਨਾਲ ਪੈਦਾ ਹੋਈਆਂ ਸਮੱਸਿਆਵਾਂ ਤੋਂ ਬਹੁਤ ਲੋਕ ਜਾਣੂ ਵੀ ਹਨ ਅਤੇ ਫਿਕਰਮੰਦ ਵੀ ਭਾਰਤ, ਪਾਕਿਸਤਾਨ ਅਤੇ ਬਾਹਰ ਵਸਣ ਵਾਲੇ ਸੂਝਵਾਨ ਪੰਜਾਬੀ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਣਦੇ ਹੋਏ ਅਕਸਰ ਇਨ੍ਹਾਂ ਮਸਲਿਆਂ ਨੂੰ ਵਿਚਾਰਦੇ ਅਤੇ ਲਿਖਦੇ ਰਹਿੰਦੇ ਹਨ ਪਰ ਬਹੁਤੀ ਵਾਰੀ, ਬਹੁਤਾ ਧਿਆਨ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੱਲ ਹੀ ਕੇਂਦਰਿਤ ਕੀਤਾ ਜਾਂਦਾ ਹੈ ਅਤੇ ਸਮੱਸਿਆਵਾਂ ਏਨੀਆਂ ਜ਼ਿਆਦਾ ਅਤੇ ਗੰਭੀਰ ਹਨ ਕਿ ਪੜ੍ਹਨ ਸੁਣਨ ਵਾਲਾ ਸਗੋਂ ਹੋਰ ਨਿਰਾਸ਼ ਹੋ ਜਾਂਦਾ ਹੈ

ਪਲੀ ਵਿਚ ਸਰਗਰਮ ਵਿਅਕਤੀਆਂ ਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੈ ਕਿ ਅਸੀਂ ਇਕੱਲੇ ਹੀ ਪੰਜਾਬੀ ਸਬੰਧੀ ਹਰ ਮਸਲੇ ਨੂੰ ਸਮਝਦੇ ਹਾਂ ਜਾਂ ਕੋਈ ਬਹੁਤ ਵੱਡਾ ਕੰਮ ਕਰ ਸਕਦੇ ਹਾਂ ਅਸੀਂ ਪਿਛਲੇ ਪੰਦਰਾਂ ਸਾਲਾਂ ਤੋਂ ਆਪਣੀ ਸੂਝ ਤੇ ਹਿੰਮਤ ਦੀ ਸੀਮਾ ਨੂੰ ਧਿਆਨ ਵਿਚ ਰੱਖਦਿਆਂ ਸਿਰਫ ਉਨ੍ਹਾਂ ਹੀ ਕੁਝ ਮਸਲਿਆਂ ਵੱਲ ਸਮਾਂ ਤੇ ਸ਼ਕਤੀ ਲਾਈ ਹੈ ਜਿਸ ਬਾਰੇ ਸਾਡੀ ਸਮਝ ਅਨੁਸਾਰ ਅਮਲੀ ਤੌਰ 'ਤੇ ਕੁਝ ਕੀਤਾ ਕਰਵਾਇਆ ਜਾ ਸਕਦਾ ਹੈ ਸਾਡੇ ਸਾਹਮਣੇ ਦੋ ਮੁੱਖ ਨਿਸ਼ਾਨੇ ਹਨ ਇਕ) ਪੰਜਾਬੀ ਬੋਲੀ ਦੀ ਪੜ੍ਹਾਈ ਨੂੰ ਇੱਥੋਂ ਦੇ ਹਰ ਪੱਧਰ ਦੇ ਵਿਦਿਅਕ ਅਦਾਰਿਆ ਵਿਚ ਪੱਕੇ ਪੈਰੀਂ ਸਥਾਪਤ ਕਰਾਉਣਾ; ਦੂਜਾ) ਪੰਜਾਬੀ ਬੋਲੀ ਨੂੰ ਕਨੇਡਾ ਵਿਚ ਇਕ ਕਨੇਡੀਅਨ ਬੋਲੀ ਦੇ ਤੌਰ 'ਤੇ ਮਾਨਤਾ ਦੁਆਉਣੀ

ਆਪਣੇ ਪਹਿਲੇ ਨਿਸ਼ਾਨੇ ਨੂੰ ਲੈ ਕੇ ਸਾਡੀ ਸਰਗਰਮੀ ਦੀ ਸ਼ੁਰੂਆਤ 1993 ਵਿਚ ਉਸ ਸਮੇਂ ਹੋਈ ਜਦੋਂ ਬੀ ਸੀ ਦੇ ਸਕੂਲਾਂ ਵਿਚ ਪੜ੍ਹਾਈ ਲਈ ਨਵੀਂ ਭਾਸ਼ਾ ਨੀਤੀ ਬਣਾਈ ਜਾਣ ਦੀ ਗੱਲ ਚੱਲ ਰਹੀ ਸੀ ਜੁਲਾਈ 1994 ਵਿਚ ਇਹ ਨਵੀਂ ਨੀਤੀ ਬਣੀ ਜਿਸ ਵਿਚ ਪੰਜਾਬੀ ਨੂੰ ਵੀ ਦੂਜੀਆਂ ਬੋਲੀਆਂ ਦੇ ਬਰਾਬਰ ਸਕੂਲਾਂ ਵਿਚ ਪੜ੍ਹਾਏ ਜਾਣ ਦਾ ਦਰਜਾ ਦਿੱਤਾ ਗਿਆ ਅਸੀਂ ਉਦੋਂ ਤੋਂ ਹੀ ਬੀ ਸੀ ਦੇ ਅਤੇ ਖਾਸ ਕਰ ਵੈਨਕੂਵਰ ਦੇ ਆਸ ਪਾਸ ਦੇ ਪਬਲਿਕ ਸਕੂਲਾਂ ਵਿਚ ਨਵੀਂ ਨੀਤੀ ਅਨੁਸਾਰ ਪੰਜਾਬੀ ਦੀ ਪੜ੍ਹਾਈ ਲਾਗੂ ਕਰਵਾਉਣ ਦੇ ਯਤਨ ਕਰ ਰਹੇ ਹਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ ਥਾਂ ਇਸ ਸਬੰਧੀ ਕੋਸ਼ਸ਼ਾਂ ਕੀਤੀਆਂ ਹਨ ਅਤੇ ਕਰ ਰਹੇ ਹਨ ਨਤੀਜੇ ਵਜੋਂ ਕੁਝ ਪ੍ਰਾਪਤੀਆਂ ਹੋਈਆਂ ਹਨ ਪਰ ਜਿੰਨੀ ਸਭਾਵਨਾ ਸੀ ਜਾਂ ਹੈ ਉਸ ਨਾਲੋਂ ਕਿਤੇ ਘੱਟ ਇਸ, ਨੀਤੀ ਅਨੁਸਾਰ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਗੂ ਕਰਾਉਣ ਅਤੇ ਚਲਦੀ ਰੱਖਣ ਦੇ, ਸਧਾਰਨ ਦਿਸਦੇ ਕੰਮ ਵਿਚ ਅਨੇਕਾਂ ਵੱਖਰੀਆਂ ਵੱਖਰੀਆਂ ਅੜਚਨਾਂ ਰਹੀਆਂ ਹਨ

ਸਕੂਲਾਂ ਵਿਚ ਪੜ੍ਹਾਈ ਲਾਗੂ ਕਰਾਉਣ ਵਿਚ ਆਉਂਦੀਆਂ ਸਮੱਸਿਆਵਾਂ ਵਿੱਚੋਂ ਇਕ ਵੱਡੀ ਸਮੱਸਿਆ ਪੰਜਾਬੀ ਮਾਪਿਆਂ, ਵਿਦਿਆਰਥੀਆਂ ਅਤੇ ਇਕ ਤਰ੍ਹਾਂ ਸਮੁੱਚੇ ਭਾਈਚਾਰੇ ਨੂੰ ਇਸ ਗੱਲ ਲਈ ਰਾਜੀ ਕਰਨਾ ਹੈ ਕਿ ਪੰਜਾਬੀ ਪੜ੍ਹਨੀ, ਖਾਸ ਕਰ ਸਕੂਲ ਦੀ ਪੱਧਰ 'ਤੇ, ਉਨ੍ਹਾਂ ਲਈ ਕਈ ਪੱਖਾਂ ਤੋਂ ਲਾਹੇਵੰਦ ਹੈ ਦਰਅਸਲ ਇਹ ਸਮੱਸਿਆ ਹੀ ਅਸਲੀ ਜੜ੍ਹ ਹੈ ਹੁਣ ਸੰਚਾਰ ਤੇ ਅਵਾਜਾਈ ਵਿਚ ਆਏ ਇਨਕਲਾਬ ਕਰਕੇ ਪੰਜਾਬ ਨਾਲ ਸਾਡੀ ਪਲ ਪਲ ਦੀ ਸਾਂਝ ਹੈ ਜਿੱਥੇ ਇਸ ਦੇ ਅਨੇਕਾਂ ਵੱਡਮੁੱਲੇ ਫਾਇਦੇ ਹਨ ਉੱਥੇ ਇਹ ਗੱਲ ਵੀ ਹੈ ਕਿ ਜਿਸ ਕਿਸਮ ਦਾ ਰਵੱਈਆਂ ਬਹੁਗਿਣਤੀ ਪੰਜਾਬੀਆਂ ਦਾ ਪੰਜਾਬ ਵਿਚ ਹੈ, ਖਾਸ ਕਰ ਸ਼ਹਿਰਾਂ ਅਤੇ ਉੱਪਰਲੀਆਂ ਜਮਾਤਾਂ ਵਿਚ, ਉਸ ਦਾ ਸਿੱਧਾ ਅਸਰ ਕਨੇਡਾ ਦੇ ਪੰਜਾਬੀਆਂ ਉੱਪਰ ਵੀ ਨਿੱਤ ਪੈਂਦਾ ਹੈ ਇਸ ਨਾਲ ਉਨ੍ਹਾਂ ਨੂੰ ਏਥੇ ਪੰਜਾਬੀ ਦੀ ਲੋੜ ਵਲ ਰੁਚਿਤ ਕਰਨਾ ਉਨਾਂ ਹੀ ਔਖਾ ਹੋ ਜਾਂਦਾ ਹੈ ਸੋ ਸਾਡੀ ਜਾਚੇ ਮੁੱਢਲਾ ਮਸਲਾ ਪੰਜਾਬੀ ਬੋਲੀ ਦੀ ਕਨੇਡਾ ਵਿਚ ਅਹਿਮੀਅਤ ਬਾਰੇ ਆਮ ਪੰਜਾਬੀ ਦੀ ਚੇਤਨਾ ਨੂੰ ਉਭਾਰਨ ਦਾ ਹੈ ਇਸੇ ਮਕਸਦ ਲਈ ਪਲੀ ਵਲੋਂ ਹੋਰ ਸਰਗਰਮੀਆਂ ਦੇ ਨਾਲ ਨਾਲ ਹਰ ਵਰ੍ਹੇ ਅੰਤਰਰਾਸ਼ਟਰੀ ਮਾਂ-ਬੋਲੀ ਦਿਨ 'ਤੇ ਗੰਭੀਰ ਵਿਚਾਰ ਵਟਾਂਦਰੇ ਦਾ ਪ੍ਰਬੰਧ ਕੀਤਾ ਜਾਂਦਾ ਹੈ

ਪਿਛਲੇ ਵਰ੍ਹਿਆਂ ਦੇ ਸਮਾਗਮਾਂ ਵਿਚ ਅਸੀਂ ਪੰਜਾਬੀ ਅਧਿਆਪਕਾਂ, ਵਿਦਿਆਰਥੀਆਂ, ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ, ਪੰਜਾਬੀ ਮੀਡੀਏ ਦੇ ਲੋਕਾਂ ਅਤੇ ਸਿਆਸੀ ਨੇਤਾਵਾਂ ਨੂੰ ਵਿਚਾਰ ਵਟਾਂਦਰੇ ਲਈ ਸੱਦਾ ਦਿੱਤਾ ਹੈ ਇਸੇ ਹੀ ਲੜੀ ਵਿਚ ਇਸ ਸਾਲ ਅਸੀਂ ਪੰਜਾਬੀ ਭਾਈਚਾਰੇ ਵਿਚੋਂ ਕੁਝ ਸੂਝਵਾਨ ਤੇ ਸੰਵੇਦਨਸ਼ੀਲ ਵਪਾਰੀ ਲੋਕਾਂ ਨੂੰ ਇਕ ਪੈਨਲ ਵਿਚ ਵਿਚਾਰ ਕਰਨ ਦਾ ਸੱਦਾ ਦੇ ਰਹੇ ਹਾਂ ਇਸ ਵਰ੍ਹੇ ਦੀ ਪੰਜਾਬੀ ਵਪਾਰੀਆਂ ਦੀ ਪੈਨਲ ਦੀ ਮਹੱਤਤਾ ਬਾਰੇ ਕੁਝ ਗੱਲਾਂ ਵਿਸਥਾਰ ਵਿਚ ਕਰਨ ਦੀ ਲੋੜ ਹੈ

ਇਸ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਕਨੇਡਾ ਵਿਚ ਪੰਜਾਬੀ ਬੋਲੀ ਦੇ ਵਿਕਾਸ ਵਿਚ ਮੁਕਾਬਲਤਨ ਤੌਰ 'ਤੇ ਸਭ ਤੋਂ ਵੱਡਾ ਯੋਗਦਾਨ ਪੰਜਾਬੀ ਭਾਈਚਾਰੇ ਦੇ ਵਪਾਰਾਂ ਵਲੋਂ ਹੀ ਪਾਇਆ ਜਾ ਰਿਹਾ ਹੈ ਕਨੇਡਾ ਵਿਚ ਪੰਜਾਬੀ ਬੋਲੀ ਲੋਕਾਂ ਤੱਕ ਅਖਬਾਰਾਂ, ਰੇਡੀਓ ਅਤੇ ਟੈਲੀਵਿਯਨ ਰਾਹੀਂ ਪਹੁੰਚਦੀ ਹੈ ਇਨ੍ਹਾਂ ਸਭਨਾਂ ਨੂੰ ਸੰਭਵ ਬਣਾਉਣ ਵਾਲੀ ਸ਼ਕਤੀ ਪੰਜਾਬੀ ਵਪਾਰ ਹਨ ਜੋ ਆਪਣੇ ਕਾਰੋਬਾਰ ਦੀ ਜਾਣਕਾਰੀ ਲੋਕਾਂ ਤੱਕ ਇਨ੍ਹਾਂ ਮਾਧਿਅਮਾਂ ਰਾਹੀਂ ਪਹੁੰਚਾਉਂਦੇ ਹਨ ਇੱਥੇ ਇਹ ਗੱਲ ਮੰਨਣ ਵਿਚ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਕਿ ਪੰਜਾਬੀ ਵਪਾਰਾਂ ਦਾ ਨਿਸ਼ਾਨਾ ਕਨੇਡਾ ਵਿਚ ਪੰਜਾਬੀ ਬੋਲੀ ਦਾ ਵਿਕਾਸ ਨਹੀਂ ਸਗੋਂ ਆਪਣੇ ਵਪਾਰਾਂ ਦਾ ਵਾਧਾ ਹੈ ਇਸ ਮਕਸਦ ਲਈ ਉਹ ਪੰਜਾਬੀ ਲੋਕਾਂ ਤੱਕ ਪਹੁੰਚ ਲਈ ਬੋਲੀ ਦੀ ਵਰਤੋਂ ਕਰਦੇ ਹਨ ਅਤੇ ਲੋੜ ਅਨੁਸਾਰ ਅੰਗ੍ਰੇਜ਼ੀ ਜਾਂ ਹਿੰਦੀ ਵੀ ਵਰਤ ਲੈਂਦੇ ਹਨ ਪਰ ਕਿਉਂਕਿ ਕਨੇਡਾ ਵਿਚ ਅਤੇ ਖਾਸ ਕਰ ਵੈਨਕੂਵਰ ਦੇ ਆਲੇ ਦੁਆਲੇ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਹੈ ਇਸ ਲਈ ਪੰਜਾਬੀ ਬੋਲੀ ਦੀ ਇਸ ਵੇਲੇ ਵਰਤੋਂ ਕਾਫੀ ਵੱਡੀ ਪੱਧਰ 'ਤੇ ਹੋ ਰਹੀ ਹੈ ਨਤੀਜੇ ਵਜੋਂ ਪੰਜਾਬੀ ਵਪਾਰੀ ਭਾਈਚਾਰਾ ਪੰਜਾਬੀ ਬੋਲੀ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬੀ ਵਪਾਰੀ ਭਾਈਚਾਰਾ ਪੰਜਾਬੀ ਬੋਲੀ ਦੀ ਕਨੇਡਾ ਵਿਚ ਸਾਂਭ ਸੰਭਾਲ, ਵਿਕਾਸ ਅਤੇ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਨਾਲ ਪੱਕੇ ਤੌਰ 'ਤੇ ਜੋੜਨ ਵਾਸਤੇ ਹੋਰ ਵੀ ਵੱਧ ਹਿੱਸਾ ਪਾ ਸਕਦਾ ਹੈ ਇਸ ਪੈਨਲ ਰਾਹੀਂ ਪੰਜਾਬੀ ਬੋਲੀ ਦੇ ਵਿਕਾਸ ਅਤੇ ਪੜ੍ਹਾਈ ਸਬੰਧੀ ਹੋਰ ਸਿੱਧੇ ਯੋਗਦਾਨ ਦੀਆਂ ਸੰਭਾਵਨਾਵਾਂ ਨੂੰ ਵਿਚਾਰਿਆ ਜਾਵੇਗਾ ਉਦਾਹਰਨ ਵਜੋਂ, ਪੰਜਾਬੀ ਵਪਾਰੀ ਭਾਈਚਾਰਾ ਕਨੇਡਾ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਅਤੇ ਪੜ੍ਹਾਈ ਸਬੰਧੀ ਆਉਂਦੀਆਂ ਹੇਠ ਲਿਖੀਆਂ ਅਤੇ ਅਜਿਹੀਆਂ ਹੋਰ ਸਮੱਸਿਆਵਾਂ ਵਿੱਚ ਆਰਥਿਕ ਸਹਿਯੋਗ ਦੇ ਕੇ ਮਦਦਗਾਰ ਹੋ ਸਕਦਾ ਹੈ:

ਆਮ ਪੰਜਾਬੀਆਂ ਵਿਚ ਪੰਜਾਬੀ ਪ੍ਰਤੀ ਚੇਤਨਾ ਵਧਾਉਣ ਲਈ ਮਲਟੀਮੀਡੀਆ ਪ੍ਰੋਮੋਸ਼ਨਲ ਮੈਟੀਰੀਅਲ ਤਿਆਰ ਕਰਵਾਉਣਾ;

ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਲਈ ਯੋਗ ਕਿਤਾਬਾਂ ਤੇ ਕੰਪਿਊਟਰ ਦੇ ਸਾਫਟੇਵਰ ਤਿਆਰ ਕਰਵਾਉਣੇ;

ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਨਾਮਾਂ,ਵਜ਼ੀਫਿਆਂ ਆਦਿ ਰਾਹੀਂ ਮਾਇਕ ਸਹਾਇਤਾ ਦੇ ਕੇ ਪੰਜਾਬੀ ਦੀ ਅੱਗੋਂ ਹੋਰ ਪੜ੍ਹਾਈ ਲਈ ਉਤਸਾਹਿਤ ਕਰਨਾ;

ਕਨੇਡਾ ਵਿੱਚ ਪੰਜਾਬੀ ਦੀ ਉੱਚ ਪੱਧਰੀ ਪੜ੍ਹਾਈ - ਬੀ , ਐਮ ਅਤੇ ਪੀ ਐਚ ਡੀ - ਦੀਆਂ ਡਿਗਰੀਆਂ ਚਾਲੂ ਕਰਵਾਉਣ ਲਈ ਵਿਦਿਅਕ ਅਦਾਰਿਆ ਨੂੰ ਲੋੜੀਂਦਾ ਆਰਥਿਕ ਸਹਿਯੋਗ ਦੇਣ ਦਾ ਭਰੋਸਾ ਦਿਵਾਉਣਾ

ਲਿਖਤੀ ਵਪਾਰਿਕ ਇਸ਼ਤਿਹਾਰਾਂ ਵਿਚ ਢੁੱਕਵੇਂ ਪੰਜਾਬੀ ਸ਼ਬਦ ਅਤੇ ਪੰਜਾਬੀ ਸ਼ਬਦ ਜੋੜਾਂ ਵੱਲ ਧਿਆਨ ਦੇਣ ਨਾਲ ਅਤੇ ਵੱਧ ਤੋਂ ਵੱਧ ਦੁਕਾਨਾਂ ਦੇ ਨਾਂਅ ਅਤੇ ਜਾਣਕਾਰੀ ਪੰਜਾਬੀ ਵਿਚ ਲਿਖਣ ਨਾਲ਼

ਇਹ ਉੱਪਰ ਦਿੱਤੀਆਂ ਕੁਝ ਉਦਾਹਰਨਾਂ ਹਨ, ਬੋਲੀ ਨਾਲ ਸਬੰਧਤ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਵਿਚ ਪੰਜਾਬੀ ਵਪਾਰੀ ਭਾਈਚਾਰਾ ਸਿੱਧੇ ਤੌਰ 'ਤੇ ਆਪਣਾ ਯੋਗਦਾਨ ਪਾ ਸਕਦਾ ਹੈ ਇੱਥੇ ਇਹ ਸਵਾਲ ਉਠਾਉਣਾ ਤੇ ਵਿਚਾਰਨਾ ਵੀ ਕੁਥਾਵਾਂ ਨਹੀਂ ਕਿ ਪੰਜਾਬੀ ਭਾਈਚਾਰਾ ਇਹ ਸਭ ਕੁਝ ਕਿਉਂ ਕਰੇ? ਇਹ ਬਹੁਤ ਮਹੱਤਵਪੂਰਨ ਸਵਾਲ ਹੈ ਜਿਸ 'ਤੇ ਵਿਚਾਰ ਕਰਨਾ ਜ਼ਰੂਰੀ ਹੈ ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਏਥੇ ਬੋਲੀਆਂ ਜਾਂਦੀਆਂ ਬਹੁਤ ਸਾਰੀਆਂ ਹੋਰ ਬੋਲੀਆਂ, ਜਿਵੇਂ ਚੀਨੀ, ਜਾਪਾਨੀ ਆਦਿ ਤੋਂ ਉਲਟ, ਪੰਜਾਬੀ ਬੋਲੀ ਦੀ ਫਿਕਰ ਕਰਨ ਵਾਲੀ ਕੋਈ ਸਟੇਟ ਸ਼ਕਤੀ ਨਹੀਂ ਹੈ ਕਨੇਡਾ ਦੀ ਸਰਕਾਰ ਨੇ ਅਜੇ ਤੱਕ ਪੰਜਾਬੀ ਬੋਲੀ ਨੂੰ ਕਨੇਡਾ ਦੀ ਇਕ ਬੋਲੀ ਵਜੋਂ ਮਾਨਤਾ ਨਹੀਂ ਦਿੱਤੀ ਇਸ ਕਰਕੇ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਾਂਭ ਸੰਭਾਲ ਲਈ ਕਨੇਡਾ ਦੀ ਸਟੇਟ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਸਮਝਦੀ ਪਾਕਿਸਤਾਨ ਵਿਚ, ਜਿੱਥੋਂ ਦੀ ਕੁੱਲ ਆਬਾਦੀ ਵਿਚ 63% ਤੋਂ ਉੱਪਰ ਪੰਜਾਬੀ ਬੋਲਣ ਵਾਲੇ ਲੋਕ ਹਨ, ਪੰਜਾਬੀ ਨੂੰ ਇਕ ਅਧੁਨਿਕ ਬੋਲੀ ਵਜੋਂ ਹੀ ਮਾਨਤਾ ਨਹੀਂ ਦਿੱਤੀ ਜਾ ਰਹੀ ਸੋ ਉਨ੍ਹਾਂ ਕੋਲੋਂ ਪੰਜਾਬੀ ਬੋਲੀ ਦਾ ਫਿਕਰ ਕਰਨ ਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਭਾਰਤੀ ਪੰਜਾਬ ਵਿਚ ਪੰਜਾਬੀ ਸਰਕਾਰੀ ਬੋਲੀ ਤਾਂ ਹੈ ਪਰ ਸਰਕਾਰ ਇਸ ਨੂੰ ਪ੍ਰਫੁਲਤ ਕਰਨ ਵਲ ਲੋੜੀਂਦਾ ਧਿਆਨ ਦੇਣ ਲਈ ਤਿਆਰ ਨਹੀਂ ਕਨੇਡਾ ਵਿਚ ਪੰਜਾਬੀ ਬੋਲੀ ਸਬੰਧੀ ਕਿਸੇ ਕਿਸਮ ਦੇ ਸਹਿਯੋਗ ਦੀ ਉਨ੍ਹਾਂ ਕੋਲੋਂ ਆਸ ਰੱਖਣੀ ਗਲਤ ਹੋਵੇਗੀ ਸੋ ਪੰਜਾਬੀ ਬੋਲੀ ਆਪਣੀਆਂ ਲੋੜਾਂ ਲਈ ਕਿਸ ਅੱਗੇ ਹੱਥ ਅੱਡੇ? ਅਸੀਂ ਸਮਝਦੇ ਹਾਂ ਕਿ ਕਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਵਪਾਰ ਸਟੇਟ ਦੀ ਅਣਹੋਂਦ ਨੂੰ ਪੂਰਾ ਕਰ ਸਕਦੇ ਹਨ ਪਰ ਇਹੋ ਜਿਹੀ ਕੋਈ ਸ਼ਕਤੀ, ਦਲੀਲ, ਸੰਸਥਾ ਜਾਂ ਵਿਅਕਤੀ ਨਹੀਂ ਹੈ ਜੋ ਪੰਜਾਬੀ ਵਪਾਰੀਆਂ ਨੂੰ ਇਸ ਗੱਲ ਲਈ ਮਜਬੂਰ ਕਰ ਸਕੇ ਸੋ ਇਹ ਗੱਲ ਉਨ੍ਹਾਂ ਦੇ ਆਪਣੇ ਵਿਚਾਰਨ ਦੀ ਹੈ ਕਿ ਉਹ ਆਪਣੀ ਮਾਂ-ਬੋਲੀ ਨੂੰ ਕਨੇਡਾ ਵਿਚ ਪੱਕੇ ਤੌਰ 'ਤੇ ਸਥਾਪਤ ਕਰਨ ਵਿਚ ਕੀ ਯੋਗਦਾਨ ਪਾਉਣਾ ਚਾਹੁੰਦੇ ਹਨ

ਅਸੀਂ ਆਸ ਕਰਦੇ ਹਾਂ ਕਿ ਪੰਜਾਬੀ ਭਾਈਚਾਰੇ ਦੇ ਵਪਾਰੀ ਵੀਰ ਇਨ੍ਹਾਂ ਮਸਲਿਆਂ ਵਲ ਧਿਆਨ ਦੇਣਗੇ ਪਲੀ ਦੀ 24 ਫਰਵਰੀ ਵਾਲੇ ਦਿਨ ਦੀ ਪੈਨਲ 'ਤੇ ਵੀ ਉਮੀਦ ਹੈ ਕਿ ਇਹ ਗੱਲਾਂ ਵਿਚਾਰੀਆਂ ਜਾਣਗੀਆਂ ਪਰ ਸਾਡੀ ਇਹ ਆਸ ਹੈ ਕਿ ਕਨੇਡਾ ਦੇ ਵੱਖ ਵੱਖ ਹਿੱਸਿਆਂ ਵਿਚ ਪੰਜਾਬੀ ਵਪਾਰੀਆਂ ਦੀਆਂ ਆਪਣੀਆਂ ਜਥੇਬੰਦੀਆਂ ਵਿਚ ਵੀ ਇਹ ਮਸਲੇ ਉਨ੍ਹਾਂ ਦੇ ਏਜੰਡਿਆਂ ਦਾ ਹਿੱਸਾ ਬਣਨਗੇ

ਪਲੀ (ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ) ਵੱਲੋਂ ਐਤਵਾਰ 24 ਫਰਵਰੀ (2008) ਵਾਲੇ ਦਿਨ ਸਰੀ ਦੇ ਹਵੇਲੀ ਰੈਸਟੋਰੈਂਟ ਵਿਚ (8220-120) ਵਿਚ ਸਵੇਰੇ ਦਸ ਤੋਂ ਪੰਜ ਵਜੇ ਤੱਕ ਅੰਤਰਰਾਸ਼ਟਰੀ ਮਾਂ-ਬੋਲੀ ਦਿਨ 'ਤੇ ਸਮਾਗਮ ਹੋ ਰਿਹਾ ਹੈ ਇਸ ਵਿਚ ਪੰਜਾਬੀ ਵਪਾਰੀ ਭਾਈਚਾਰੇ ਦੀਆਂ ਜਾਣੀਆਂ ਜਾਂਦੀਆਂ ਸ਼ਖਸੀਅਤਾਂ ਦੀ ਇਕ ਪੈਨਲ ਪੰਜਾਬੀ ਬੋਲੀ ਨਾਲ ਸਬੰਧਿਤ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰੇਗੀ ਇਸ ਤੋਂ ਇਲਾਵਾ ਹੋਰ ਸੂਝਵਾਨ ਲੋਕ ਵੀ ਪੰਜਾਬੀ ਬੋਲੀ ਨਾਲ ਸਬੰਧਤ ਮਸਲਿਆਂ ਬਾਰੇ ਆਪਣੇ ਵਿਚਾਰ ਰੱਖਣਗੇ

No comments:

Post a Comment