Wednesday, September 7, 2011

ਸੜਕਾਂ ਤੇ ਲਾਉਣ ਝਾੜੂ ਪਾ ਕੇ ਕਾਲੀ ਘੱਗਰੀ

ਸਾਧੂ ਬਿਨਿੰਗ

ਪਿਛਲੇ ਦਿਨੀ ਪੰਜਾਬੀ ਦੀਆਂ ਅਖਬਾਰਾਂ ਵਿਚ ਮੈਂ ਇਹ ਸੁਰਖੀ ਸੜਕਾਂ ਤੇ ਲਾਉਣ ਝਾੜੂ ਪਾ ਕੇ ਕਾਲੀ ਘੱਗਰੀ ਵਾਲੀ ਖਬਰ ਪੜ੍ਹੀ ਤਾਂ ਮਿੰਨਾ ਜਿਹਾ ਮੁਸਕਰਾਇਆ ਮੈਨੂੰ ਆਪਣੇ ਬਚਪਨ ਦੀਆਂ ਕੁਝ ਘਟਨਾਵਾਂ ਚੇਤੇ ਆ ਗਈਆਂ ਜਦੋਂ ਅਸੀਂ ਫਗਵਾੜੇ ਹਾਈ ਸਕੂਲ ਪੜ੍ਹਦੇ ਸਾਂ ਤਾਂ ਉੱਥੇ ਇਕ ਬੜਾ ਅੜਬ ਠਾਣੇਦਾਰ ਹੁੰਦਾ ਸੀ ਜੋ ਮੁਜ਼ਰਮਾਂ ਦੇ ਘੱਗਰੀਆਂ ਪੁਆ ਕੇ ਉਨ੍ਹਾਂ ਕੋਲੋਂ ਠਾਣੇ ਦਾ ਵਿਹੜਾ ਸੁੰਵਰਵਾਇਆ ਕਰਦਾ ਸੀ ਅਸੀਂ ਨਿਆਣੇ ਦੇਖ ਸੁਣ ਕੇ ਖੁਸ਼ ਵੀ ਬੜਾ ਹੁੰਦੇ ਤੇ ਡਰਦੇ ਵੀ ਬਹੁਤ
ਹੋਰ ਸੁਰਖੀਆਂ ਤੇ ਖਬਰਾਂ ਵਾਂਗ ਹੀ ਮੈਂ ਇਹ ਖਬਰ ਪੜ੍ਹ ਕੇ ਬਾਕੀ ਦਾ ਪਰਚਾ ਦੇਖਦਾ ਰਿਹਾ ਪਰ ਮਗਰੋਂ ਕਾਰ ਚਲਾਉਂਦਿਆਂ ਅਚਾਨਕ ਇਸ ਖਬਰ ਹਨ ਮੈਨੂੰ ਕਿਸੇ ਵਜਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਲ ਮੇਰੇ ਖਾਨੇ ਜਿਹੇ 'ਚ ਨਾ ਪਈ ਕਿ ਮੈਨੂੰ ਕਿਸ ਗੱਲ ਦੀ ਤੰਗੀ ਹੈ
ਖਬਰ ਫੇਰ ਪੜ੍ਹੀ ਆਮ ਖਬਰ ਸੀ ਇਹੋ ਜਿਹੀਆਂ ਖਬਰਾਂ ਪੰਜਾਬੀ ਦੇ ਅਖਬਾਰਾਂ ਵਿਚ ਨਿੱਤ ਛਪਦੀਆਂ ਹਨ ਹਮੇਸ਼ਾਂ ਤੋਂ ਛਪਦੀਆਂ ਰਹੀਆਂ ਹਨ ਕੋਈ ਖਾਸ ਵਜਾ ਦਿਸ ਨਹੀਂ ਸੀ ਰਹੀ ਸੜਕਾਂ ਤੇ ਲਾਉਣ ਝਾੜੂ ਕਾਲੀ ਘੱਗਰੀ ਪਾ ਕੇ ਜੇ ਤੁਸੀਂ ਇਕ ਦੋ ਵਾਰ ਹੌਲੀ ਹੌਲੀ ਪੜ੍ਹੋ ਤਾਂ ਸੁਰਖੀ ਦੇ ਕਾਵਿ ਮੁਹਾਵਰੇ ਵਿਚਲਾ ਸੰਗੀਤ ਸਾਜ਼ਗਾਰ ਹੋ ਜਾਂਦਾ ਹੈ ਤੇ ਖਬਰ ਵੀ ਕੋਈ ਐਡੀ ਅਣਜਾਣੀ ਨਹੀਂ ਸੀ: "ਪਿੰਡ ਦੀ ਪੰਚਾਇਤ ਨੇ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲੇ ਤਿੰਨਾਂ ਨੌਜਵਾਨਾਂ ਨੂੰ ਕਾਲੀਆਂ ਘੱਗਰੀਆਂ ਪੁਆ ਕੇ ਝਾੜੂ ਨਾਲ ਸੜਕਾਂ ਸਾਫ ਕਰਵਾਈਆਂ ਤੇ ਘੱਗਰੀਆਂ ਸਮੇਤ ਹੀ ਉਨ੍ਹਾਂ ਦੇ ਸਿਰਾਂ 'ਤੇ ਸ਼ਰਾਬ ਰੱਖ ਕੇ ਟੈਂਪੂ ਵਿਚ ਖੜ੍ਹੇ ਕਰਕੇ ਠਾਣੇ ਲਿਆਂਦਾ ਗਿਆ"
ਸਮਾਜ ਦੇ ਭਲੇ ਖਾਤਰ ਪਿੰਡ ਦੀ ਪੰਚਾਇਤ ਨੇ ਮੁਜ਼ਰਮਾਂ ਨੂੰ ਲੋਕਾਂ ਸਾਹਮਣੇ ਬੇਇੱਜ਼ਤ ਕਰਕੇ ਉਨ੍ਹਾਂ ਕੋਲੋਂ ਸ਼ਰਾਬ ਦੇ ਧੰਦੇ ਤੋਂ ਤੋਬਾ ਕਰਾਉਣ ਦੀ ਆਪਣੇ ਵਲੋਂ ਸੁਹਿਰਦ ਕੋਸ਼ਿਸ਼ ਕੀਤੀ ਜਾਣੀ ਕਿ ਸਮਾਜ ਨੂੰ ਸੁਧਾਰਨ ਵਾਸਤੇ ਚੁੱਕਿਆ ਗਿਆ ਇਕ ਚੰਗਾ ਕਦਮ ਖਬਰ ਲਿਖਣ ਵਾਲੇ ਨੇ ਵੀ ਇਸ ਨੂੰ "ਸਮਾਜਕ ਸਜ਼ਾ' ਆਖਿਆ ਖਬਰ ਦੇ ਅਖੀਰ 'ਤੇ ਇਸ ਸਜ਼ਾ ਦਾ ਨਤੀਜਾ ਵੀ ਲਿਖਿਆ ਹੋਇਆ ਸੀ ਕਿ "ਕਾਲੀ ਘੱਗਰੀ ਦੇ ਖੌਫ ਤੋਂ ਡਰਦੇ ਹੋਏ ਅਨੇਕਾਂ ਅਜਿਹੇ ਲੋਕ ਸ਼ਰਾਬ ਦੇ ਧੰਦੇ ਤੋਂ ਤੌਬਾ ਕਰ ਗਏ ਹਨ" ਅਜਿਹੇ ਚੰਗੇ ਨਤੀਜੇ ਪੜ੍ਹ ਕੇ ਸਮਾਜ ਦੀ ਭਲਾਈ ਚਾਹੁਣ ਵਾਲਾ ਹਰ ਸ਼ਖਸ ਖੁਸ਼ ਹੋਵੇਗਾ ਮੈਨੂੰ ਵੀ ਖੁਸ਼ ਹੋਣਾ ਚਾਹੀਦਾ ਸੀ ਪਰ ਇਸ ਦੇ ਉਲਟ ਮੈਂ ਤੰਗ ਕਿਸ ਗੱਲ ਤੋਂ ਸੀ ਮੈਨੂੰ ਸਮਝ ਨਹੀਂ ਸੀ ਲੱਗ ਰਹੀ
ਗੱਲ ਦੀ ਸਮਝ ਤਾਂ ਪੂਰੀ ਤਰ੍ਹਾਂ ਅਜੇ ਤੱਕ ਵੀ ਨਹੀਂ ਪਈ, ਪਰ ਕੁਝ ਸਵਾਲਾਂ ਹਨ ਜ਼ਰੂਰ ਮੇਰੇ ਅੱਗੇ ਆ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਸੋਚਿਆ ਕਿ ਇਹ ਸਵਾਲ ਬਾਕੀਆਂ ਦੇ ਸਿਰ 'ਚ ਕਿਉਂ ਨਾ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਂਜ ਤਾਂ ਮੈਨੂੰ ਪਤਾ ਹੈ ਕਿ ਇਸ ਠੰਡੇ ਮੁਲਕ ਵਿਚ ਅਸੀਂ ਆਪਣੇ ਸਿਰਾਂ ਨੂੰ ਬਹੁਤ ਤਰੀਕਿਆਂ ਨਾਲ ਬੰਦ ਰੱਖਦੇ ਹਾਂ ਤੇ ਥੋੜ੍ਹੇ ਕੀਤੇ ਅਜਿਹੇ ਫਜ਼ੂਲ ਸਵਾਲ ਸਿਰ ਅੰਦਰ ਵੜਨ ਨਹੀਂ ਦਿੰਦੇ, ਪਰ ਕੀ ਪਤਾ ਹੁੰਦਾ? ਬੰਦਾ ਅਕਸਰ ਨੂੰ ਬੰਦੈ ਵੇਲੇ ਕੁਵੇਲੇ ਨ੍ਹਾਣ-ਧੋਣ ਲੱਗਿਆਂ ਹੀ, ਕਿਸੇ ਇਕ ਅੱਧੇ ਖੁੱਲੇ ਸਿਰ 'ਚ ਕੋਈ ਇਕ ਅੱਧ ਸਵਾਲ ਵੜ ਜਾਏ, ਮੇਰੇ ਵੀ ਤਾਂ ਸਿਰ 'ਚ ਇਹ ਸਵਾਲ ਵੜ ਹੀ ਗਏ ਹਨ, ਕਿਸੇ ਹੋਰ ਦੇ ਵੀ ਵੜ ਸਕਦੇ ਹਨ ਮੈਨੂੰ ਪਤਾ ਹੈ ਕਿ ਹੋਰ ਲੋਕ ਵੀ ਇਸ ਕਿਸਮ ਦੇ ਸਵਾਲਾਂ ਨਾਲ ਦੋ ਚਾਰ ਹੁੰਦੇ ਰਹਿੰਦੇ ਹਨ ਤੇ ਇਸ ਤਰ੍ਹਾਂ ਮੈਂ ਉਨ੍ਹਾਂ ਨਾਲ ਆਪਣੀ ਸਾਂਝ ਪਾ ਰਿਹਾ ਹੋਵਾਂਗਾ ਇਸ ਕਰਕੇ ਪੇਸ਼ ਹਨ ਮੇਰੇ ਸਿਰ 'ਚ ਨਾਚ ਕਰ ਰਹੇ ਸਵਾਲ:
(A) (1) ਘੱਗਰੀ ਜਿਹਨੂੰ ਅੰਗ੍ਰੇਜ਼ੀ ਵਿਚ ਸਕੱਰਟ ਕਹਿੰਦੇ ਹਨ ਤੇ ਜਿਹੜੀ ਦੁਨੀਆਂ ਦੀਆਂ ਬਹੁਤੀਆਂ ਔਰਤਾਂ ਦੇ ਪਹਿਰਾਵੇ ਦਾ ਹਿੱਸਾ ਹੈ, ਜਾਣੀ ਕਿ ਔਰਤਾਂ ਦੇ ਪਹਿਨਣ ਵਾਲੀ ਇਕ ਆਮ ਡਰੈੱਸ ਕਿਸੇ ਨੂੰ ਬੇਇਜ਼ਤ ਕਰਨ ਵਾਸਤੇ ਕਿਸ ਤਰ੍ਹਾਂ ਵਰਤੀ ਜਾ ਸਕਦੀ ਹੈ? (2) ਕੀ ਇਹ ਵਰਤਾਰਾ ਘੱਗਰੀ ਵਿਚ ਕਿਸੇ ਕਿਸਮ ਦੇ ਤਕਨੀਕੀ ਨੁਕਸ ਕਰਕੇ ਹੈ? ਜਾਂ (3) ਘੱਗਰੀ ਪਹਿਨਣ ਵਾਲੀਆਂ ਔਰਤਾਂ ਦੇ ਸਮਾਜਕ ਦਰਜੇ ਕਰਕੇ ਘੱਗਰੀ ਨੂੰ ਪਹਿਨਣਾ ਇਕ ਏਡੀ ਵੱਡੀ ਸਮਾਜਕ ਸਜ਼ਾ ਬਣ ਗਈ ਹੈ? ਜਾਂ (4) ਇਸੇ ਗੱਲ ਨੂੰ ਦੂਜੇ ਪਾਸਿਉਂ ਦੇਖਿਆਂ: ਕੀ ਘੱਗਰੀ ਦੇ ਮੁਕਾਬਲੇ ਪਹਿਨਣ ਵਾਲੇ ਦੂਜੇ ਕਪੜੇ ਏਨੇ ਵਧੀਆ ਹਨ ਕਿ ਉਨ੍ਹਾਂ ਨੂੰ ਪਹਿਨਣਾ ਸਜ਼ਾ ਨਹੀਂ ਸਿਰਫ ਘੱਗਰੀ ਪਹਿਨਣਾ ਹੀ ਸਜ਼ਾ ਹੈ? ਜਾਂ (5) ਆਦਮੀ ਦਾ ਦਰਜਾ ਔਰਤ ਦੇ ਮੁਕਾਬਲੇ ਏਨਾ ਉੱਚਾ ਹੈ ਕਿ ਜੇ ਸਾਡੇ ਸਮਾਜ ਵਿਚ ਆਦਮੀ ਨੂੰ ਘੋਰ ਬੇਇਜ਼ਤ ਕਰਨਾ ਹੋਵੇ ਤਾਂ ਉਹਦੇ ਘੱਗਰੀ ਪੁਆ ਕੇ ਉਹਨੂੰ ਔਰਤ ਦੇ ਬਰਾਬਰ ਖੜ੍ਹਾ ਦੇਣਾ ਕਾਫੀ ਹੈ? (6) ਕਥਿੱਤ ਦੋਸ਼ੀਆਂ ਦੇ ਪਾਈ ਗਈ ਘੱਗਰੀ ਦਾ ਕਾਲਾ ਰੰਗ ਸਾਰੀ ਤਸਵੀਰ ਵਿਚ ਕੀ ਅਹਿਮੀਅਤ ਰੱਖਦਾ ਹੈ? (7) ਜੇ ਉਹ ਘੱਗਰੀ ਲਾਲ ਜਾਂ ਚਿੱਟੀ ਹੁੰਦੀ ਕੀ ਫੇਰ ਵੀ ਉਨੀ ਹੀ ਬੇਇਜ਼ਤੀ ਵਾਲੀ ਗੱਲ ਹੁੰਦੀ?
(ਅ) (8) ਸੜਕ ਸਾਫ ਕਰਨ ਦਾ ਇਕ ਆਮ ਕੰਮ ਜਿਹੜਾ ਕਿ ਅਸੀਂ ਏਥੇ ਕਨੇਡਾ ਵਿਚ ਅਕਸਰ ਕਰਦੇ ਹਾਂ (ਸਾਡੇ ਬਹੁਤੇ ਲੋਕ ਜੈਨੀਟੋਰੀਅਲ ਜਾਬਾਂ ਕਰਦੇ ਹਨ), ਇਕ ਸਜ਼ਾ ਕਿਸ ਤਰ੍ਹਾਂ ਬਣ ਗਿਆ? (9) ਕੀ ਇਸ ਕੰਮ ਦਾ ਸਮਾਜਕ ਦਰਜਾ ਇਸ ਕਰਕੇ ਏਨਾ ਨੀਵਾਂ ਹੈ ਕਿ ਇਸ ਨੂੰ ਕਰਨ ਨਾਲ ਕੋਈ ਘਾਤਕ ਬੀਮਾਰੀ ਲੱਗ ਸਕਦੀ ਹੈ? (10) ਜਾਂ ਇਸ ਕੰਮ ਦਾ ਸਮਾਜਕ ਦਰਜਾ ਇਸ ਨੂੰ ਕਰਨ ਵਾਲੇ ਲੋਕਾਂ ਕਰਕੇ ਏਨਾ ਨੀਵਾਂ ਹੈ? (11) ਕੀ ਕੰਮ ਦਾ ਦਰਜਾ ਕਰਨ ਵਾਲੇ ਲੋਕਾਂ ਨੂੰ ਨੀਵਾਂ ਬਣਾ ਰਿਹਾ ਹੈ? (ਫੇਰ ਤਾਂ ਕਨੇਡਾ ਵਿਚ ਵਸਦੇ ਸਾਡੇ ਬਹੁਤੇ ਲੋਕ ਅਛੂਤ ਹੋਏ) ਜਾਂ (12) ਕੀ ਇਹ ਕੰਮ ਕਰਨ ਵਾਲੇ ਲੋਕਾਂ ਦਾ ਸਮਾਜ ਵਲੋਂ ਸਥਾਪਤ ਕੀਤਾ ਨੀਵਾਂ ਦਰਜਾ ਇਸ ਕੰਮ ਨੂੰ ਨੀਵਾਂ ਦਰਸਾ ਰਿਹਾ ਹੈ?
(e) ਭਾਰਤ ਨੂੰ ਇਕ ਆਜ਼ਾਦ ਜ਼ਮਹੂਰੀਅਤ ਗਿਣਿਆਂ ਜਾਂਦਾ ਹੈ ਤੇ ਭਾਰਤ ਦਾ ਆਪਣਾ ਸਵਿਧਾਨ ਹੈ ਜਿਸ ਵਿਚ ਹਰ ਨਾਗਰਿਕ ਨੂੰ ਕੁਝ ਮੁੱਢਲੀਆਂ ਆਜ਼ਾਦੀਆਂ ਪ੍ਰਾਪਤ ਹਨ ਜਿਸ ਤਰ੍ਹਾਂ ਸਾਨੂੰ ਏਥੇ ਕਨੇਡਾ ਵਿਚ ਹਨ, ਪਰ ਜਦੋਂ (13) ਪਿੰਡ ਦੀ ਪੰਚਾਇਤ ਕਿਸੇ ਨੂੰ ਬਿਨਾਂ ਇਨਸਾਫ ਦੇ ਅਮਲ ਵਿਚਦੀ ਲੰਘਾਇਆਂ ਦੋਸ਼ੀ ਕਰਾਰ ਦੇ ਦੇਵੇ ਅਤੇ ਆਪ ਹੀ ਸਜ਼ਾ ਵੀ ਦੇ ਦੇਵੇ, ਉੱਥੇ ਨਾਗਰਿਕ ਦੇ ਹੱਕਾਂ ਦਾ ਕੀ ਮਤਲਬ ਰਹਿ ਜਾਂਦਾ ਹੈ? (14) ਜਦੋਂ ਇਹ ਸਜ਼ਾ ਪੁਲਸ ਦੇ ਸਾਹਮਣੇ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਦਿੱਤੀ ਜਾ ਰਹੀ ਹੋਵੇ (ਜਿਸ ਤਰ੍ਹਾਂ ਇਸ ਖਬਰ ਤੋਂ ਸਾਫ ਹੈ) ਤਾਂ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕੌਣ ਕਰੇਗਾ?
ਸਭ ਤੋਂ ਵੱਡਾ ਸਵਾਲ ਹੈ ਕਿ ਇਸ ਕਿਸਮ ਦੀਆਂ ਗੱਲਾਂ ਸਾਨੂੰ ਤੰਗ ਕਿਉਂ ਨਹੀਂ ਕਰਦੀਆਂ? ਕੀ ਅਸੀਂ ਸੱਚ ਮੁੱਚ ਜੀਂਦੇ ਜਾਗਦੇ ਇਨਸਾਨ ਹਾਂ ਕਿ ਨਹੀਂ? ਤੇ ਜਿਹੜੇ ਸਾਧ, ਸੰਤ, ਪੰਡਤ, ਗਿਆਨੀ, ਰਾਗੀ, ਗੀਤਕਾਰ, ਕਵੀ, ਨਾਟਕਕਾਰ, ਸਿਆਸੀ ਲੋਕ, ਸੰਪਾਦਕ, ਪ੍ਰੋਫੈਸਰ, ਬੁੱਧੀਜੀਵੀ ਤੇ ਹੋਰ ਪਤਾ ਨਹੀਂ ਕੀ ਕੀ, ਨਿੱਤ ਜਲੰਧਰ ਤੇ ਚੰਡੀਗੜ੍ਹ ਬੈਠੇ ਕਨੇਡਾ/ਅਮਰੀਕਾ ਵਿਚ ਰਹਿਣ ਵਾਲੇ ਪੰਜਾਬੀਆਂ ਦੇ ਖੁੱਸ ਰਹੇ ਸਭਿਆਚਾਰ ਬਾਰੇ ਫਿਕਰਮੰਦ ਰਹਿੰਦੇ ਹਨ ਤੇ ਸਾਡੇ ਸਭਿਆਚਾਰ ਨੂੰ ਬਚਾਉਣ ਤੇ ਸਾਨੂੰ ਰਾਹ ਦਰਸਾਉਣ ਵਾਸਤੇ ਵਹੀਰਾਂ ਘੱਤੀ ਏਧਰ ਆ ਰਹੇ ਹਨ ਜਾਂ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਖਬਰਾਂ ਕਿਉਂ ਕੁਛ ਨਹੀਂ ਕਹਿੰਦੀਆਂ?
ਜੇ ਅਸੀਂ ਸੱਚ ਮੁੱਚ ਚਾਹੁੰਦੇ ਹਾਂ ਕਿ ਇਕ ਅਜਿਹੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਜਿੱਥੇ ਹਰ ਇਕ ਨੂੰ ਸਹੀ ਕਿਸਮ ਦਾ ਮਾਣ, ਇਜ਼ਤ ਤੇ ਬਰਾਬਰਤਾ ਮਿਲੇ ਤਾਂ ਇਨ੍ਹਾਂ ਸਵਾਲਾਂ ਵਰਗੇ ਹੋਰ ਵੀ ਅਨੇਕਾਂ ਸਵਾਲ ਉਠਾਏ ਜਾਣੇ ਚਾਹੀਦੇ ਹਨ ਥੋੜ੍ਹੇ ਬਹੁਤੇ ਫਰਕ ਨਾਲ ਲੋਕ ਇਸ ਗੱਲ ਨਾਲ ਸਹਿਮਤ ਜਾਪਦੇ ਹਨ ਕਿ ਕਨੇਡਾ ਦਾ ਸਮਾਜ ਦੁਨੀਆਂ ਭਰ ਵਿਚ ਮੁਕਾਬਲਤਨ ਇਕ ਚੰਗਾ ਸਮਾਜ ਹੈ ਜਿੱਥੇ ਆਮ ਨਾਗਰਿਕ ਦੇ ਵੀ ਸਹੀ ਮਹਿਨਿਆਂ ਵਿਚ ਕੁੱਝ ਹੱਕ ਹਨ ਕੀ ਇਹ ਸਮਾਜ ਕਿਸੇ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ? ਜਾਂ ਇਸਨੂੰ ਅਜਿਹਾ ਬਣਾਉਣ ਵਿਚ ਇੱਥੋਂ ਦੇ ਲੋਕਾਂ ਹਨ ਕੋਈ ਹਿੱਸਾ ਪਾਇਆ ਹੈ? ਮੇਰੇ ਖਿਆਲ ਵਿਚ ਇਸ ਸਮਾਜ ਨੂੰ ਬਣਾਉਣ ਵਿਚ ਇਸਦੇ ਨਾਗਰਿਕਾਂ ਦਾ ਵੀ ਕੁਝ ਹੱਦ ਤੱਕ ਹੱਥ ਹੈ ਇਸ ਸਮਾਜ ਦੀ ਉਸਾਰੀ ਵਾਸਤੇ ਇੱਥੋਂ ਦੇ ਚੇਤਨ ਲੋਕਾਂ ਵਲੋਂ, ਖਾਸ ਕਰ ਔਰਤ ਵਰਗ ਅਤੇ ਗੈਰ ਚਿੱਟੇ ਲੋਕਾਂ ਵਲੋਂ, ਇਸ ਸਮਾਜ ਵਿਚਲੀਆਂ ਗਲਤ ਕਦਰਾਂ ਕੀਮਤਾਂ ਵਿਰੁੱਧ ਹਰ ਕਿਸਮ ਦੇ ਸਵਾਲ ਉਠਾਏ ਗਏ ਅਤੇ ਲਗਾਤਾਰ ਉਠਾਏ ਜਾਂਦੇ ਹਨ ਗੋਰੇ ਲੋਕਾਂ ਵਲੋਂ ਗੈਰ-ਗੋਰੇ ਲੋਕਾਂ ਪ੍ਰਤੀ ਰੱਖੇ ਜਾਂਦੇ ਅਨੇਕਾਂ ਵਿਸ਼ਵਾਸਾਂ ਨੂੰ ਵੰਗਾਰਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਕਦਮ ਚੁੱਕੇ ਜਾਂਦੇ ਹਨ ਮਨੁੱਖ ਦੀ ਚੌਧਰ ਵਾਲੇ ਸਮਾਜ ਵਿਚ ਔਰਤਾਂ ਪ੍ਰਤਿ ਸਦੀਆਂ ਤੋਂ ਚਲੇ ਆ ਰਹੇ ਵਿਸ਼ਵਾਸਾਂ ਉੱਪਰ ਪੈਰ ਪੈਰ 'ਤੇ ਕਿੰਤੂ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਬਦਲਣ ਦਾ ਅਮਲ ਚਲ ਰਿਹਾ ਹੈ
ਪੁਰਾਣੀਆਂ ਕਦਰਾਂ ਕੀਮਤਾਂ ਦਾ ਸਮੇਂ ਸਮੇਂ ਪੁਨਰ-ਮੁਲਾਂਕਣ ਕਰਨਾ ਅਤੇ ਮਨੁੱਖਤਾ ਵਿਰੋਧੀ ਕਦਰਾਂ ਕੀਮਤਾਂ ਅਤੇ ਵਿਸ਼ਵਾਸਾਂ ਨੂੰ ਵੰਗਾਰਨਾ, ਇਕ ਅਗਾਂਹ ਨੂੰ ਦੇਖ ਰਹੇ, ਵੱਧ ਰਹੇ ਤੇ ਜਿਉਂਦੇ ਲੋਕਾਂ ਦੀ ਨਿਸ਼ਾਨੀ ਹੈ ਕੀ ਅਸੀਂ (ਪੰਜਾਬੀ/ਭਾਰਤੀ) ਆਪਣੀ ਜਿਉਂਦੇ ਲੋਕਾਂ ਵਿਚ ਗਿਣਤੀ ਕਰਾਉਣੀ ਲੋਚਦੇ ਹਾਂ? ਤਾਂ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਨੂੰ ਧਿਆਨ ਨਾਲ ਦੇਖਣਾ ਹੋਵੇਗਾ ਅਤੇ ਆਪਣੇ ਆਪ ਤੇ ਸਵਾਲ ਕਰਨੇ ਹੋਣਗੇ ਸੜਕਾਂ ਤੇ ਲਾਉਣ ਝਾੜੂ ਪਾ ਕੇ ਕਾਲੀ ਘੱਗਰੀ ਵਰਗੀਆਂ ਸੁਰਖੀਆਂ ਪਿੱਛੇ ਇਕ ਭਿਆਨਕ ਕਿਸਮ ਦੀ ਸਚਾਈ ਹੈ - ਸਾਡੇ ਸਮਾਜ ਵਿਚ ਔਰਤ ਦਾ ਨਿਹਾਇਤ ਹੀ ਨੀਵਾਂ ਦਰਜਾ ਅਤੇ ਸਮਾਜ ਦੇ ਕੁਝ ਹਿੱਸੇ ਦੇ ਲੋਕਾਂ ਨੂੰ ਘਟੀਆ ਤੇ ਅਛੂਤ ਮੰਨਣਾ - ਜਿਹੜੀ ਔਰਤਾਂ ਦੇ ਪਹਿਨਣ ਵਾਲੇ ਕੱਪੜਿਆਂ ਨੂੰ ਤੇ ਸਫਾਈ ਕਰਨ ਦੇ ਕੰਮ ਨੂੰ ਆਦਮੀ ਵਾਸਤੇ ਸੱਭ ਤੋਂ ਵੱਧ ਬੇਇਜ਼ਤੀ ਵਾਲੀ ਤੇ ਖੌਫਨਾਕ ਗੱਲ ਬਣਾ ਦਿੰਦੀ ਹੈ

ਕੀ ਪਾਠਕਾਂ ਦੇ ਖਿਆਲ ਵਿਚ ਇਸਦੇ ਕੋਈ ਹੋਰ ਕਾਰਨ ਵੀ ਹਨ?
ਸਾਧੂ ਬਿਨਿੰਗ - ਬਰਨਬੀ ਬੀ ਸੀ

No comments:

Post a Comment